31 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਗਲਾਸਗੋ ਵਿਖੇ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2026 ’ਚ ਭਾਰਤੀ ਵੇਟਲਿਫਟਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੌਰਾਨ ਪੰਜਾਬ ਦੀ ਵੇਟਲਿਫਟਰ ਹਰਜਿੰਦਰ ਕੌਰ ਨੇ ਵੀ ਵੱਡੀ ਪ੍ਰਾਪਤੀ ਕਰਦਿਆਂ ਚਾਂਦੀ ਦਾ ਤਗ਼ਮਾ ਜਿੱਤਿਆ। ਹਰਜਿੰਦਰ ਕੌਰ ਨੇ ਮਹਿਲਾਵਾਂ ਦੇ 69 ਕਿਲੋਗ੍ਰਾਮ ਭਾਰ ਵਰਗ ’ਚ ਸਨੈਚ ਵਿਚ 101 ਕਿਲੋ ਤੇ ਕਲੀਨ ਅਤੇ ਜਰਕ ਵਿਚ 126 ਕਿਲੋ ਭਾਰ ਚੁੱਕਦਿਆਂ ਕੁੱਲ 227 ਕਿਲੋ ਭਾਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਸੋਨ ਤਗ਼ਮਾ ਜਿੱਤਣ ਵਾਲੀ ਕੈਨੇਡਾ ਦੀ ਸ਼ਾਰਲੈਟ ਵੱਲੋਂ ਰਾਸ਼ਟਰਮੰਡਲ ਖੇਡਾਂ ਦਾ ਨਵਾਂ ਰਿਕਾਰਡ ਬਣਾਉਣ ਤੋਂ ਚੰਦ ਮਿੰਟ ਪਹਿਲਾਂ ਹਰਜਿੰਦਰ ਕੌਰ ਨੇ ਸਨੈਚ, ਕਲੀਨ ਤੇ ਜਰਕ ਤੇ ਕੁੱਲ ਭਾਰ ਵਰਗ ’ਚ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਬਣਾਇਆ ਸੀ। ਹਰਜਿੰਦਰ ਨੇ ਨਵੇਂ ਨੈਸ਼ਨਲ ਰਿਕਾਰਡ ਵੀ ਕਾਇਮ ਕੀਤੇ।
ਤਿੰਨੋਂ ਕੋਸ਼ਿਸ਼ਾਂ ’ਚ ਕੀਤੀ ਸਫਲਤਾ ਹਾਸਲ
ਹਰਜਿੰਦਰ ਕੌਰ ਨੇ ਗਲਾਸਗੋ ਵਿਖੇ ਦੋਵੇਂ ਭਾਰ ਵਰਗਾਂ ਵਿਚ ਆਪਣੀਆਂ ਤਿੰਨੋਂ ਕੋਸ਼ਿਸ਼ਾਂ ’ਚ ਸਫਲਤਾ ਹਾਸਲ ਕੀਤੀ। ਤਗ਼ਮਾ ਜਿੱਤਣ ਤੋਂ ਬਾਅਦ ਉਸ ਨੇ ਬੜੀ ਹਲੀਮੀ ਤੇ ਨਿਮਰਤਾ ਨਾਲ ਹੱਥ ਜੋੜ ਕੇ ਵੇਟਲਿਫਟਿੰਗ ਐਰੀਨਾ ਦੇ ਮੈਟ ਨੂੰ ਚੁੰਮਦਿਆਂ ਵਾਹਿਗੁਰੂ ਦਾ ਸ਼ੁਕਰਾਨਾ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਚਾਰ ਸਾਲ ਪਹਿਲਾਂ ਬਰਮਿੰਘਮ ਵਿਖੇ ਉਸਨੇ ਰਾਸ਼ਟਰਮੰਡਲ ਖੇਡਾਂ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ ਤੇ ਹੁਣ ਉਸ ਨੇ ਆਪਣੇ ਪ੍ਰਦਰਸ਼ਨ ’ਚ ਹੋਰ ਸੁਧਾਰ ਕਰਦਿਆਂ ਤਗ਼ਮੇ ਦਾ ਰੰਗ ਬਦਲ ਲਿਆ। ਉਮੀਦ ਹੈ ਕਿ ਚਾਰ ਸਾਲ ਬਾਅਦ 2030 ’ਚ ਅਹਿਮਦਾਬਾਦ ਵਿਖੇ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿਚ ਉਹ ਹੋਰ ਰੰਗ ਬਦਲਦੀ ਹੋਈ ਚਾਂਦੀ ਦੇ ਤਮਗ਼ੇ ਨੂੰ ਸੋਨੇ ’ਚ ਬਦਲੇਗੀ।
ਖੇਡ ਦੀ ਬਲਬੂਤੇ ਹਾਸਲ ਕੀਤਾ ਉੱਚ ਮੁਕਾਮ
ਹਰਜਿੰਦਰ ਕੌਰ ਦੀ ਇਹ ਪ੍ਰਾਪਤੀ ਉਸ ਦੀ ਸਖ਼ਤ ਮਿਹਨਤ, ਦ੍ਰਿੜ ਇਰਾਦੇ ਤੇ ਕੁਝ ਕਰ ਗੁਜ਼ਰਨ ਦੇ ਜਜ਼ਬੇ ਸਦਕਾ ਹਾਸਲ ਹੋਈ ਹੈ। ਸਾਧਾਰਨ ਕਿਸਾਨ ਪਰਿਵਾਰ ’ਚ ਜਨਮੀ ਹਰਜਿੰਦਰ ਬਚਪਨ ’ਚ ਹੀ ਆਪਣੇ ਘਰਾਂ ਦੇ ਕੰਮਾਂ ਵਿਚ ਹੱਥੀਂ ਕਿਰਤ ਕਰਕੇ ਪਰਿਵਾਰ ਦੇ ਪਾਲਣ ਪੋਸ਼ਣ ਕਰਨ ਵਿਚ ਯੋਗਦਾਨ ਪਾਉਂਦੀ ਸੀ। ਚਾਰ ਸਾਲ ਪਹਿਲਾਂ ਬਰਮਿੰਘਮ ਵਿਖੇ ਰਾਸ਼ਟਰਮੰਡਲ ਖੇਡਾਂ ’ਚ ਕਾਂਸੀ ਦਾ ਤਗ਼ਮਾ ਜਿੱਤ ਕੇ ਖੇਡਾਂ ਦੀ ਦੁਨੀਆ ’ਚ ਸੁਰਖੀਆਂ ਵਿਚ ਆਈ ਹਰਜਿੰਦਰ ਕੌਰ ਨੇ ਆਪਣੇ ਖੇਡ ਦੀ ਬਲਬੂਤੇ ਉੱਚ ਮੁਕਾਮ ਹਾਸਲ ਕੀਤਾ ਹੈ ਤੇ ਪਰਿਵਾਰ ਦੀ ਆਰਥਿਕਤਾ ਨੂੰ ਹਲੂਣਾ ਦਿੱਤਾ ਹੈ।
ਨਾਭਾ ਨੇੜਲੇ ਮੈਹਸ ਪਿੰਡ ਵਿਚ 14 ਅਕਤੂਬਰ 1996 ਨੂੰ ਸਾਹਿਬ ਸਿੰਘ ਦੇ ਘਰ ਕੁਲਦੀਪ ਕੌਰ ਦੀ ਕੁੱਖੋਂ ਹੋਇਆ। ਬੇਜ਼ਮੀਨੇ ਕਿਸਾਨ ਪਰਿਵਾਰ ਦੀ ਰੋਜ਼ੀ-ਰੋਟੀ ਦਾ ਵਸੀਲਾ ਡੇਅਰੀ ਕਾਰੋਬਾਰ ਸੀ। ਹਰਜਿੰਦਰ ਤਿੰਨ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੀ ਹੈ। ਪਰਿਵਾਰ ਦੀਆਂ ਆਰਥਿਕ ਦੁਸ਼ਵਾਰੀਆਂ ਨੇ ਉਸ ਨੂੰ ਹੋਰ ਮਜ਼ਬੂਤ ਬਣਾਇਆ। ਘਰ ਦੀ ਰੋਜ਼ੀ-ਰੋਟੀ ਲਈ ਪਸ਼ੂਆਂ ਲਈ ਚਾਰਾ ਕੁਤਰਨ ਲਈ ਉਹ ਟੋਕੇ ਵਾਲੀ ਮਸ਼ੀਨ ਚਲਾਉਂਦੀ। ਟੋਕੇ ਉਤੇ ਵਹਾਇਆ ਪਸੀਨਾ ਉਸ ਦੀ ਵੱਡੀ ਖਿਡਾਰਨ ਬਣਨ ਲਈ ਕੰਮ ਆਇਆ। ਉਸ ਦੇ ਖੇਡ ਕਰੀਅਰ ’ਚ ਪਰਿਵਾਰ ਦੀਆਂ ਆਰਥਿਕ ਤੰਗੀਆਂ-ਤੁਰਸ਼ੀਆਂ ਬਹੁਤ ਰੁਕਾਵਟਾਂ ਬਣੀਆਂ। ਧੀ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਪਿਤਾ ਨੇ ਕਰਜ਼ਾ ਲਿਆ। ਕੋਵਿਡ-19 ਮਹਾਮਾਰੀ ਕਾਰਨ ਲੱਗੇ ਲੌਕਡਾਊਨ ਵੇਲੇ ਹਰਜਿੰਦਰ ਲਈ ਸਭ ਤੋਂ ਔਖਾ ਸਮਾਂ ਸੀ, ਜਦੋਂ ਉਸ ਕੋਲ ਪ੍ਰੈਕਟਿਸ ਕਰਨ ਲਈ ਘਰ ਕੋਈ ਵੇਟ ਰਾਡ ਤੇ ਵੇਟ ਨਹੀਂ ਸੀ। ਟੋਕੇ ਵਾਲੇ ਮਸ਼ੀਨ ਤੇ ਮੱਝਾਂ ਨੂੰ ਕੱਖ ਪਾਉਣ ਨਾਲ ਉਹ ਕਿੰਨਾ ਅਭਿਆਸ ਕਰਦੀ। ਉਸ ਸਮੇਂ ਦੌਰਾਨ ਉਸ ਦੇ ਕੋਚ ਪਰਮਜੀਤ ਸ਼ਰਮਾ ਨੇ ਪਟਿਆਲਾ ਵਿਖੇ ਆਪਣੇ ਘਰ ਪ੍ਰੈਕਟਿਸ ਸ਼ੁਰੂ ਕਰਵਾਈ।
ਹਰਜਿੰਦਰ ਛੋਟੀ ਹੁੰਦੀ ਕਬੱਡੀ ਖੇਡ ਵੱਲ ਖਿੱਚੀ ਗਈ। ਸਰਕਾਰੀ ਸਕੂਲ ਨਾਭਾ ਵਿਖੇ ਪੜ੍ਹਦਿਆਂ ਉਹ ਕਬੱਡੀ ਖੇਡਦੀ ਸੀ। ਮੈਹਸ ਤੋਂ ਨਾਭਾ ਆਉਣ-ਜਾਣ ਲਈ ਉਹ ਰੋਜ਼ਾਨਾ 6 ਕਿਲੋਮੀਟਰ ਸਾਈਕਲ ਚਲਾਉਂਦੀ। ਖ਼ਾਲਸਾ ਕਾਲਜ ਆਨੰਦਪੁਰ ਸਾਹਿਬ ਵਿਖੇ ਉਹ ਕੋਚ ਸੁਰਿੰਦਰ ਸਿੰਘ ਕੋਲ ਕਬੱਡੀ ਖੇਡਦੀ। ਮੋਦੀ ਕਾਲਜ ਪਟਿਆਲਾ ਤੋਂ ਗ੍ਰੈਜੂਏਸ਼ਨ ਕਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੇਟਲਿਫਟਿੰਗ ਕੋਚ ਅਰਜੁਨਾ ਐਵਾਰਡੀ ਪਰਮਜੀਤ ਸ਼ਰਮਾ ਨੇ ਹਰਜਿੰਦਰ ਦੀਆਂ ਮਜ਼ਬੂਤ ਬਾਹਾਂ ਨੂੰ ਦੇਖਦਿਆਂ ਵੇਟਲਿਫਟਿੰਗ ਨਾਲ ਜੋੜ ਦਿੱਤਾ। ਪਰਮਜੀਤ ਸ਼ਰਮਾ ਨੇ 1990 ਦੀਆਂ ਆਕਲੈਂਡ ਰਾਸ਼ਟਰਮੰਡਲ ਖੇਡਾਂ ’ਚ ਸੋਨ ਤਗ਼ਮਾ ਜਿੱਤਿਆ ਹੈ। ਵੇਟਲਿਫਟਿੰਗ ਤੋਂ ਪਹਿਲਾਂ ਉਹ ਰੱਸਾਕਸ਼ੀ ਟੀਮ ਵਿਚ ਸੀ। ਰੱਸਾਕਸ਼ੀ ਦੌਰਾਨ ਉਸ ਦੇ ਜ਼ੋਰ ਨੂੰ ਦੇਖਦਿਆਂ ਕੋਚ ਨੇ ਉਸ ਨੂੰ ਵੇਟਲਿਫਟਰ ਬਣਾਉਣ ਦਾ ਫ਼ੈਸਲਾ ਕੀਤਾ।
ਮਾਣ-ਸਨਮਾਨ
20 ਵਰ੍ਹਿਆਂ ਦੀ ਉਮਰੇ ਵੇਟਲਿਫਟਿੰਗ ਸ਼ੁਰੂ ਕਰਨ ਵਾਲੀ ਹਰਜਿੰਦਰ ਨੇ ਸ਼ੁਰੂਆਤੀ ਦੌਰ ਵਿਚ ਕੌਮੀ ਪੱਧਰ ਉਤੇ ਆਲ ਇੰਡੀਆ ਇੰਟਰ ’ਵਰਸਿਟੀ ਵਿਚ ਸੋਨ ਤਗ਼ਮਾ, ਸੀਨੀਅਰ ਨੈਸ਼ਨਲ ’ਚ ਚਾਂਦੀ ਤੇ ਖੇਲੋ ਇੰਡੀਆ ਗੇਮਜ਼ ਇੰਟਰ ’ਵਰਸਿਟੀ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ। ਸਾਲ 2021 ਵਿਚ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿਚ ਉਸ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਸਾਲ 2022 ’ਚ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ’ਚ ਸੋਨੇ ਦਾ ਤਗ਼ਮਾ ਜਿੱਤਿਆ। ਸਾਲ 2022 ’ਚ ਬਰਮਿੰਘਮ ਵਿਖੇ ਰਾਸ਼ਟਰਮੰਡਲ ਖੇਡਾਂ ’ਚ ਉਸ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਬਰਮਿੰਘਮ ਵਿਖੇ ਉਸ ਨੇ 71 ਕਿਲੋਵਰਗ ’ਚ ਕੁੱਲ 212 ਕਿਲੋ ਭਾਰ ਚੁੱਕਿਆ। ਉਸ ਨੇ ਸਨੈਚ ’ਚ 93 ਕਿਲੋ ਅਤੇ ਕਲੀਨ ਤੇ ਜਰਕ ਵਿਚ 119 ਕਿਲੋ ਭਾਰ ਚੁੱਕਿਆ।
ਆਮਦਨ ਕਰ ਵਿਭਾਗ ’ਚ ਨਿਭਾਅ ਰਹੀ ਇੰਸਪੈਕਟਰ ਵਜੋਂ ਸੇਵਾਵਾਂ
ਬਰਮਿੰਘਮ ਵਿਖੇ ਹਰਜਿੰਦਰ ਨੇ ਸਿੱਧ ਕਰ ਦਿੱਤਾ ਕਿ ਜੇ ਕਿਸੇ ਇਨਸਾਨ ਵਿਚ ਕੁਝ ਕਰਨ ਦਾ ਇਰਾਦਾ ਹੋਵੇ ਤਾਂ ਰਾਹ ਦੀਆਂ ਔਕੜਾਂ ਕਿੰਨੀਆਂ ਵੀ ਮੁਸ਼ਕਲਾਂ ਹੋਣ, ਰੋੜਾ ਨਹੀਂ ਬਣ ਸਕਦੀਆਂ। ਬਰਮਿੰਘਮ ਤੋਂ ਵਾਪਸੀ ਉਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਜਿੰਦਰ ਕੌਰ ਦੀ ਇਸ ਪ੍ਰਾਪਤੀ ਉਤੇ ਉਸ ਨੂੰ ਸੂਬੇ ਦੀ ਖੇਡ ਨੀਤੀ ਅਨੁਸਾਰ 40 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ। ਸਾਲ 2025 ’ਚ ਉਸ ਨੇ ਰਾਸ਼ਟਰਮੰਡਲ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਸਾਲ ਹਰਜਿੰਦਰ ਨੇ ਏਸ਼ੀਅਨ ਵੇਟਲਿਫਟਿੰਗ ਚੈਂਪੀਅਨਸ਼ਿਪ ’ਚ ਸਨੈਚ ਵਰਗ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਸਾਲ ਹਰਜਿੰਦਰ ਨੇ ਗਾਂਧੀਨਗਰ ਵਿਖੇ ਨੈਸ਼ਨਲ ਚੈਂਪੀਅਨਸ਼ਿਪ ’ਚ ਨਵਾਂ ਨੈਸ਼ਨਲ ਰਿਕਾਰਡ ਬਣਾਇਆ। ਇਸੇ ਸਾਲ ਹੀ ਹਰਜਿੰਦਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਸਭ ਤੋਂ ਵੱਕਾਰੀ ਖੇਡ ਪੁਰਸਕਾਰ ‘ਮਹਾਰਾਜਾ ਰਣਜੀਤ ਸਿੰਘ ਐਵਾਰਡ’ ਨਾਲ ਸਨਮਾਨਿਤ ਕੀਤਾ। ਪੰਜਾਬ ਸਰਕਾਰ ਵੱਲੋਂ ਹੁਣ ਉਸ ਨੂੰ ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਲਈ 8 ਲੱਖ ਰੁਪਏ ਦੀ ਰਾਸ਼ੀ ਤਿਆਰੀ ਲਈ ਦਿੱਤੀ ਗਈ ਸੀ। ਹਰਜਿੰਦਰ ਕੌਰ ਵੇਟਲਿਫਟਿੰਗ ’ਚ ਮੀਰਾਬਾਈ ਚਾਨੂ ਤੋਂ ਬਹੁਤ ਪ੍ਰਭਾਵਿਤ ਹੈ। ਉਸ ਵੱਲੋਂ ਓਲੰਪਿਕ ਖੇਡਾਂ ਵਿਚ ਜਿੱਤੇ ਮੈਡਲ ਤੇ ਰਾਸ਼ਟਰਮੰਡਲ ਖੇਡਾਂ ਦੇ ਗੋਲਡ ਮੈਡਲ ਤੋਂ ਪ੍ਰੇਰਿਤ ਹੁੰਦਿਆਂ ਹਰਜਿੰਦਰ ਦੇ ਦਿਲ ਵਿਚ ਵੀ ਵੱਡੇ ਮੰਚ ਉਤੇ ਮੈਡਲ ਜਿੱਤਣ ਦੀ ਤਮੰਨਾ ਸੀ। ਉਹ ਆਮਦਨ ਕਰ ਵਿਭਾਗ ’ਚ ਇੰਸਪੈਕਟਰ ਵਜੋਂ ਸੇਵਾ ਨਿਭਾ ਰਹੀ ਹੈ। ਹਰਜਿੰਦਰ ਦਾ ਅਗਲਾ ਨਿਸ਼ਾਨਾ ਏਸ਼ਿਆਈ ਖੇਡਾਂ ਤੇ ਓਲੰਪਿਕ ਖੇਡਾਂ ਹਨ।
