31 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤ ਦੀਆਂ ਸਭ ਤੋਂ ਪ੍ਰਤਿਭਾਸ਼ਾਲੀ ਤੇ ਸਫਲ ਖਿਡਾਰਨਾਂ ’ਚ ਮੀਰਾਬਾਈ ਚਾਨੂ ਦਾ ਨਾਂ ਸਿਰਮੌਰ ਹੈ। ਉਨ੍ਹਾਂ ਨੇ ਆਪਣੀ ਮਿਹਨਤ, ਸਮਰਪਣ ਤੇ ਅਟੱਲ ਜਜ਼ਬੇ ਨਾਲ ਨਾ ਸਿਰਫ਼ ਵੇਟਲਿਫਟਿੰਗ ਦੀ ਦੁਨੀਆ ’ਚ ਖ਼ਾਸ ਪਛਾਣ ਬਣਾਈ ਸਗੋਂ ਭਾਰਤ ਨੂੰ ਅੰਤਰਰਾਸ਼ਟਰੀ ਮੰਚ ’ਤੇ ਕਈ ਇਤਿਹਾਸਕ ਪਲ ਵੀ ਦਿੱਤੇ। ਮਣੀਪੁਰ ਦੀ ਇਸ ਜੰਮਪਲ ਖਿਡਾਰਨ ਨੇ ਇਹ ਸਾਬਿਤ ਕੀਤਾ ਹੈ ਕਿ ਸਹੀ ਦਿਸ਼ਾ, ਨਿਰੰਤਰ ਅਭਿਆਸ ਤੇ ਮਜ਼ਬੂਤ ਇਰਾਦਿਆਂ ਨਾਲ ਕੋਈ ਵੀ ਸੁਪਨਾ ਹਕੀਕਤ ਬਣਾਇਆ ਜਾ ਸਕਦਾ ਹੈ। ਅੱਜ ਉਹ ਦੇਸ਼ ਦੀ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸਰੋਤ ਹੈ।

ਸੌਖਾ ਨਹੀਂ ਸੀ ਖੇਡ ਸਫ਼ਰ

ਬਚਪਨ ਤੋਂ ਹੀ ਉਸ ’ਚ ਵਜ਼ਨ ਚੁੱਕਣ ਦੀ ਕੁਦਰਤੀ ਸਮਰੱਥਾ ਮੌਜੂਦ ਸੀ। ਕਿਹਾ ਜਾਂਦਾ ਹੈ ਕਿ ਉਹ ਛੋਟੀ ਉਮਰ ’ਚ ਹੀ ਭਾਰੀ ਲੱਕੜਾਂ ਤੇ ਹੋਰ ਚੀਜ਼ਾਂ ਆਸਾਨੀ ਨਾਲ ਚੁੱਕ ਲੈਂਦੀ ਸੀ। ਇਹੀ ਕੁਦਰਤੀ ਤਾਕਤ ਉਸ ਦੇ ਭਵਿੱਖੀ ਵੇਟਲਿਫਟਿੰਗ ਕਰੀਅਰ ਦੀ ਨੀਂਹ ਬਣੀ। ਇਸ ਲਈ ਸਿਰਫ਼ ਤਾਕਤ ਹੀ ਕਾਫ਼ੀ ਨਹੀਂ ਚਾਹੀਦੀ ਸੀ ਸਗੋਂ ਉਸ ਤਾਕਤ ਨੂੰ ਸਹੀ ਅਭਿਆਸ, ਤਕਨੀਕ ਤੇ ਅਨੁਸ਼ਾਸਨ ਨਾਲ ਇਕ ਖਿਡਾਰਨ ਵਜੋਂ ਨਿਖਾਰਨਾ ਸੀ, ਜੋ ਉਸ ਨੇ ਆਪਣੀ ਲਗਾਤਾਰ ਮਿਹਨਤ ਨਾਲ ਕੀਤਾ। ਉਸ ਦਾ ਖੇਡ ਸਫ਼ਰ ਸੌਖਾ ਨਹੀਂ ਸੀ। ਇਕ ਛੋਟੇ ਜਿਹੇ ਇਲਾਕੇ ਤੋਂ ਆ ਕੇ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਣਾ ਆਪਣੇ ਆਪ ’ਚ ਵੱਡੀ ਚੁਣੌਤੀ ਸੀ ਪਰ ਮੀਰਾਬਾਈ ਚਾਨੂ ਨੇ ਕਦੇ ਹੌਸਲਾ ਨਹੀਂ ਹਾਰਿਆ। ਉਹ ਰੋਜ਼ਾਨਾ ਸਖ਼ਤ ਅਭਿਆਸ ਕਰਦੀ ਰਹੀ, ਆਪਣੀ ਫਿਟਨੈੱਸ, ਤਕਨੀਕ ਤੇ ਮਾਨਸਿਕ ਮਜ਼ਬੂਤੀ ’ਤੇ ਕੰਮ ਕਰਦੀ ਰਹੀ। ਉਸ ਦੀ ਇਹ ਲਗਨ ਹੀ ਸੀ, ਜਿਸ ਨੇ ਉਸ ਨੂੰ ਦੁਨੀਆ ਦੀਆਂ ਸਰਬੋਤਮ ਵੇਟਲਿਫਟਰਾਂ ਦੀ ਕਤਾਰ ’ਚ ਲਿਆ ਖੜ੍ਹਾ ਕੀਤਾ। ਉਸ ਦੀ ਕਹਾਣੀ ਇਸ ਗੱਲ ਦਾ ਪ੍ਰਮਾਣ ਹੈ ਕਿ ਸੰਘਰਸ਼ ਤੋਂ ਹੀ ਮਹਾਨਤਾ ਜੰਮਦੀ ਹੈ।

ਹਾਸਲ ਕੀਤੀਆਂ ਅਹਿਮ ਉਪਲੱਬਧੀਆਂ

ਮੀਰਾਬਾਈ ਚਾਨੂ ਨੇ ਆਪਣੇ ਖੇਡ ਕਰੀਅਰ ’ਚ ਕਈ ਅਹਿਮ ਉਪਲੱਬਧੀਆਂ ਹਾਸਲ ਕੀਤੀਆਂ ਹਨ। ਉਸ ਦੀ ਪਹਿਲੀ ਵੱਡੀ ਅੰਤਰਰਾਸ਼ਟਰੀ ਚਮਕ 2017 ਵਿਚ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ ਮੰਚ ’ਤੇ ਸਾਹਮਣੇ ਆਈ, ਜਿੱਥੇ ਉਸ ਨੇ ਸੋਨ ਤਗ਼ਮਾ ਜਿੱਤ ਕੇ ਭਾਰਤ ਦਾ ਨਾਂ ਰੋਸ਼ਨ ਕੀਤਾ। ਇਹ ਸਿਰਫ਼ ਇਕ ਜਿੱਤ ਨਹੀਂ ਸੀ ਸਗੋਂ ਲੰਮੇ ਸੰਘਰਸ਼, ਅਣਥੱਕ ਅਭਿਆਸ ਤੇ ਅਟੱਲ ਵਿਸ਼ਵਾਸ ਦੀ ਮੰਜ਼ਿਲ ਸੀ। ਇਸ ਜਿੱਤ ਨੇ ਉਸ ਨੂੰ ਅੰਤਰਰਾਸ਼ਟਰੀ ਵੇਟਲਿਫਟਿੰਗ ਵਿਚ ਮਜ਼ਬੂਤ ਪਛਾਣ ਦਿੱਤੀ ਅਤੇ ਭਾਰਤੀ ਖੇਡ ਇਤਿਹਾਸ ’ਚ ਉਸ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਦਰਜ ਹੋ ਗਿਆ। ਉਸ ਦੀਆਂ ਸਭ ਤੋਂ ਯਾਦਗਾਰ ਉਪਲਬੱਧੀਆਂ ’ਚ 2021 ਟੋਕਿਓ ਓਲੰਪਿਕ ਦਾ ਚਾਂਦੀ ਤਗ਼ਮਾ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਉਸ ਓਲੰਪਿਕ ’ਚ ਉਸ ਨੇ 49 ਕਿਲੋਗ੍ਰਾਮ ਵਰਗ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਭਾਰਤ ਲਈ ਚਾਂਦੀ ਜਿੱਤੀ। ਇਹ ਭਾਰਤੀ ਵੇਟਲਿਫਟਿੰਗ ਦੇ ਇਤਿਹਾਸ ’ਚ ਮਹੱਤਵਪੂਰਨ ਮੀਲ ਪੱਥਰ ਸੀ, ਕਿਉਂਕਿ ਉਸ ਨੇ ਓਲੰਪਿਕ ਮੰਚ ’ਤੇ ਦੇਸ਼ ਦੀ ਸ਼ਾਨ ਵਧਾਈ।

ਰਾਸ਼ਟਰਮੰਡਲ ਖੇਡਾਂ ’ਚ ਮੀਰਾਬਾਈ ਚਾਨੂ ਦਾ ਰਿਕਾਰਡ ਹੋਰ ਵੀ ਸ਼ਾਨਦਾਰ ਹੈ। ਉਸ ਨੇ 2014 ’ਚ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਤੋਂ ਬਾਅਦ 2018 ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਗ਼ਮਾ ਹਾਸਲ ਕੀਤਾ। 2022 ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਆਪਣੇ ਪ੍ਰਦਰਸ਼ਨ ਨੂੰ ਜਾਰੀ ਰੱਖਦਿਆਂ ਫਿਰ ਇਕ ਸੋਨ ਤਗ਼ਮਾ ਜਿੱਤਿਆ। ਲਗਾਤਾਰ ਸਫਲਤਾਵਾਂ ਇਹ ਦਰਸਾਉਂਦੀਆਂ ਹਨ ਕਿ ਉਸ ਦੀ ਤਿਆਰੀ ਕਿੰਨੀ ਮਜ਼ਬੂਤ ਹੈ ਤੇ ਉਹ ਦਬਾਅ ’ਚ ਵੀ ਕਿੰਨਾ ਵਧੀਆ ਪ੍ਰਦਰਸ਼ਨ ਕਰ ਸਕਦੀ ਹੈ।

2026 ਗਲਾਸਗੋ ਰਾਸ਼ਟਰਮੰਡਲ ਖੇਡਾਂ ’ਚ ਭਾਰਤ ਦਾ ਵਧਾਇਆ ਮਾਣ

2026 ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਮੀਰਾਬਾਈ ਚਾਨੂ ਨੇ ਫਿਰ ਇੱਕ ਵਾਰੀ ਭਾਰਤ ਦਾ ਸਿਰ ਉੱਚਾ ਕਰ ਦਿੱਤਾ। ਉਸ ਨੇ 48 ਕਿਲੋਗ੍ਰਾਮ ਵਰਗ ਵਿਚ ਸੋਨ ਤਗਮਾ ਜਿੱਤ ਕੇ ਕਾਮਨਵੈਲਥ ਖੇਡਾਂ ਵਿਚ ਆਪਣੀ ਗੋਲਡਨ ਹੈਟ-ਟ੍ਰਿਕ ਪੂਰੀ ਕਰਦਿਆਂ ਸੋਨ ਸੁਨਹਿਰੀ ਮਹਿਲਾ ਵੇਟ ਲਿਫਟਰ ਬਣ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਇਹ ਉਪਲੱਬਧੀ ਕਿਸੇ ਵੀ ਖਿਡਾਰੀ ਲਈ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਲਗਾਤਾਰ ਤਿੰਨ ਵਾਰ ਕਾਮਨਵੈਲਥ ਗੇਮਜ਼ ਵਿਚ ਸੋਨਾ ਜਿੱਤਣਾ ਸਿਰਫ਼ ਤਾਕਤ ਦਾ ਨਹੀਂ ਸਗੋਂ ਸਥਿਰਤਾ, ਧੀਰਜ ਤੇ ਲੰਬੀ ਮਿਆਦ ਦੀ ਕਮਾਲ ਦੀ ਕਾਰਗੁਜ਼ਾਰੀ ਦਾ ਨਤੀਜਾ ਹੈ। ਉਸ ਮੁਕਾਬਲੇ ਵਿਚ ਉਸ ਨੇ ਸਨੈਚ ਵਿਚ 85 ਕਿਲੋਗ੍ਰਾਮ, ਕਲੀਨ ਐਂਡ ਜਰਕ ਵਿਚ 105 ਕਿਲੋਗ੍ਰਾਮ ਤੇ ਕੁੱਲ 190 ਕਿਲੋਗ੍ਰਾਮ ਭਾਰ ਚੁੱਕਿਆ। ਇਹ ਪ੍ਰਦਰਸ਼ਨ ਸਿਰਫ਼ ਸੋਨ ਤਗਮੇ ਤੱਕ ਸੀਮਤ ਨਹੀਂ ਸੀ ਸਗੋਂ ਕਾਮਨਵੈਲਥ ਖੇਡਾਂ ਦੇ ਕਈ ਰਿਕਾਰਡਾਂ ਨੂੰ ਵੀ ਤੋੜਨ ਵਾਲਾ ਸੀ।

ਐੱਸਪੀ ਦੇ ਅਹੁਦੇ ’ਤੇ ਨਿਭਾ ਰਹੀ ਸੇਵਾਵਾਂ

ਮੀਰਾਬਾਈ ਚਾਨੂ ਦੀ ਕਾਮਯਾਬੀ ਦਾ ਇਕ ਹੋਰ ਵੱਡਾ ਪੱਖ ਇਹ ਹੈ ਕਿ ਉਸ ਨੇ ਨਾ ਸਿਰਫ਼ ਖੇਡਾਂ ’ਚ ਨਾਂ ਕਮਾਇਆ ਸਗੋਂ ਖੇਡ ਜਗਤ ਵਿਚ ਆਦਰਸ਼ ਚਿਹਰਾ ਵੀ ਬਣ ਗਈ। ਅੱਜ-ਕੱਲ੍ਹ ਉਹ ਮਨੀਪੁਰ ਪੁਲਿਸ ਵਿਚ ਐਡੀਸ਼ਨਲ ਐੱਸਪੀ ਦੇ ਅਹੁਦੇ ’ਤੇ ਸੇਵਾਵਾਂ ਨਿਭਾ ਰਹੀ ਹੈ। ਅੱਜ ਉਹ ਭਾਰਤੀ ਖੇਡ ਇਤਿਹਾਸ ਦੀਆਂ ਚਮਕਦਾਰ ਹਸਤੀਆਂ ’ਚੋਂ ਇਕ ਹੈ। ਉਸ ਦੀ ਕਹਾਣੀ ਕਿਸੇ ਇਕ ਮੈਡਲ ਜਾਂ ਇਕ ਜਿੱਤ ਤੱਕ ਸੀਮਤ ਨਹੀਂ ਸਗੋਂ ਇਹ ਇਕ ਅਜਿਹੀ ਯਾਤਰਾ ਹੈ, ਜੋ ਸੰਘਰਸ਼ ਤੋਂ ਸਫਲਤਾ, ਆਮ ਜ਼ਿੰਦਗੀ ਤੋਂ ਅਸਾਧਾਰਨ ਉਚਾਈਆਂ ਅਤੇ ਪ੍ਰਤਿਕੂਲਤਾਵਾਂ ਤੋਂ ਪ੍ਰੇਰਣਾ ਤੱਕ ਪਹੁੰਚਦੀ ਹੈ। ਮੀਰਾਬਾਈ ਚਾਨੂ ਦਾ ਨਾਂ ਸਦਾ ਲਈ ਭਾਰਤ ਦੀ ਖੇਡ-ਗੌਰਵ ਗਾਥਾ ਵਿਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਰਹੇਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।