28 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਅੱਜ ਦੇ ਸਮੇਂ ਵਿੱਚ ਲੋਕ ਗਲਤ ਜੀਵਨਸ਼ੈਲੀ ਅਤੇ ਖੁਰਾਕ ਕਰਕੇ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਸਮੱਸਿਆਵਾਂ ਵਿੱਚ ਨੀਂਦ ਦੀ ਕਮੀ ਵੀ ਸ਼ਾਮਲ ਹੈ। ਕਈ ਲੋਕਾਂ ਨੂੰ ਰਾਤ ਨੂੰ ਚੰਗੀ ਨੀਂਦ ਨਹੀਂ ਆਉਦੀ। ਰਾਤ ਨੂੰ ਚੰਗੀ ਨੀਂਦ ਨਾ ਆਉਣ ਨਾਲ ਤੁਹਾਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸਦੇ ਨਾਲ ਹੀ, ਅਗਲੀ ਸਵੇਰ ਤੁਹਾਨੂੰ ਥਕਾਵਟ ਵੀ ਮਹਿਸੂਸ ਹੋ ਸਕਦੀ ਹੈ। ਇਸ ਲਈ ਚੰਗੀ ਨੀਂਦ ਲੈਣਾ ਜ਼ਰੂਰੀ ਹੈ। ਚੰਗੀ ਨੀਂਦ ਲੈਣ ਲਈ ਤੁਸੀਂ ਕੁਝ ਸਿਹਤਮੰਦ ਆਦਤਾਂ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾ ਸਕਦੇ ਹੋ।
ਚੰਗੀ ਨੀਂਦ ਲਈ ਸਿਹਤਮੰਦ ਆਦਤਾਂ
ਹਰ ਰਾਤ ਇੱਕੋ ਸਮੇਂ ਸੌਣ ਲਈ ਜਾਓ: ਜੇਕਰ ਤੁਹਾਡਾ ਦਿਨ ਹਫੜਾ-ਦਫੜੀ ਨਾਲ ਭਰਿਆ ਸੀ, ਤਾਂ ਰਾਤ ਨੂੰ ਚੰਗੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਇਸ ਨਾਲ ਦਿਨ ਭਰ ਦੀ ਥਕਾਵਟ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਲਈ ਰੋਜ਼ ਇੱਕ ਹੀ ਸਮੇਂ ‘ਤੇ ਸੌਣ ਦੀ ਆਦਤ ਪਾਓ।
ਸਹੀਂ ਵਾਤਾਵਰਣ ਜ਼ਰੂਰੀ: ਹੈਦਰਾਬਾਦ ਦੇ ਯਸ਼ੋਦਾ ਹਸਪਤਾਲ ਦੇ ਸਲਾਹਕਾਰ ਅਤੇ ਨੀਂਦ ਮਾਹਰ ਡਾ. ਵਿਸ਼ਵੇਸ਼ਵਰਨ ਬਾਲਾਸੁਬਰਾਮਨੀਅਨ ਅਨੁਸਾਰ, ਚੰਗੀ ਨੀਂਦ ਲਈ ਕਮਰਾ ਠੰਢਾ, ਲਾਈਟਾਂ ਬੰਦ ਅਤੇ ਸ਼ਾਂਤ ਵਾਤਾਵਰਣ ਹੋਣਾ ਬਹੁਤ ਜ਼ਰੂਰੀ। ਇਸ ਲਈ ਸੌਂਣ ਤੋਂ ਪਹਿਲਾ ਕੰਮ ਜਾਂ ਸਕ੍ਰੀਨ ਟਾਈਮ ਤੋਂ ਦੂਰ ਰਹੋ।
ਸਿਹਤਮੰਦ ਚੀਜ਼ਾਂ ਦਾ ਸੇਵਨ ਕਰੋ: ਖਾਣ-ਪੀਣ ਦਾ ਵੀ ਨੀਂਦ ‘ਤੇ ਅਸਰ ਪੈਂਦਾ ਹੈ। ਅਸੀਂ ਜੋ ਵੀ ਖਾਂਦੇ ਹਾਂ, ਉਹ ਸਾਡੀ ਨੀਂਦ ਨੂੰ ਵਧਾ ਜਾਂ ਖਰਾਬ ਕਰ ਸਕਦਾ ਹੈ। ਇਸ ਲਈ ਤੁਹਾਨੂੰ ਕੈਫੀਨ ਅਤੇ ਸ਼ਰਾਬ ਤੋਂ ਦੂਰ ਰਹਿਣਾ ਚਾਹੀਦਾ ਹੈ। ਦੁਪਹਿਰ 2 ਵਜੇ ਤੋਂ ਬਾਅਦ ਕੈਫੀਨ ਅਤੇ ਸੌਣ ਤੋਂ ਠੀਕ ਪਹਿਲਾਂ ਭਾਰੀ ਭੋਜਨ ਖਾਣ ਤੋਂ ਪਰਹੇਜ਼ ਕਰੋ। ਸੌਣ ਤੋਂ ਪਹਿਲਾਂ ਪੜ੍ਹਨ, ਧਿਆਨ ਕਰਨ ਜਾਂ ਡਾਇਰੀ ਲਿਖਣ ਵਰਗੇ ਅਭਿਆਸਾਂ ਦੀ ਕੋਸ਼ਿਸ਼ ਕਰੋ।
ਨੀਂਦ ਨੂੰ ਇੱਕ ਲੋੜ ਸਮਝੋ: ਰਾਤ ਨੂੰ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਇਸ ਲਈ ਨੀਂਦ ਨੂੰ ਜ਼ਰੂਰੀ ਸਮਝੋ। ਅਧਿਐਨ ਦਰਸਾਉਦੇ ਹਨ ਕਿ ਜੋ ਲੋਕ ਘੱਟੋ ਘੱਟ 7 ਘੰਟੇ ਸੌਂਦੇ ਹਨ, ਉਨ੍ਹਾਂ ਦੀ ਯਾਦਦਾਸ਼ਤ, ਇਮਿਊਨ ਫੰਕਸ਼ਨ ਅਤੇ ਮੈਟਾਬੋਲਿਕ ਸਿਹਤ ਬਿਹਤਰ ਹੁੰਦੀ ਹੈ।
ਆਪਣੇ ਪਰਿਵਾਰ ਨੂੰ ਸ਼ਾਮਲ ਕਰੋ: ਚੰਗੀ ਨੀਂਦ ਲੈਣ ਲਈ ਤੁਸੀਂ ਆਪਣੇ ਪਰਿਵਾਰ ਨੂੰ ਵੀ ਜਲਦੀ ਸੌਣ ਦਾ ਸੁਝਾਅ ਦੇ ਸਕਦੇ ਹੋ। ਜੇਕਰ ਘਰ ਵਿੱਚ ਜਲਦੀ ਸੌਣ ਦਾ ਵਾਤਾਵਰਣ ਬਣਿਆ ਹੋਵੇਗਾ ਤਾਂ ਤੁਹਾਨੂੰ ਜਲਦੀ ਸੌਣ ਦੀ ਆਦਤ ਪਵੇਗੀ।
ਚੰਗੀ ਨੀਂਦ ਲਈ ਧਿਆਨ ਵਿੱਚ ਰੱਖਣ ਵਾਲੀਆਂ ਗੱਲਾਂ
- ਰਾਤ 10 ਵਜੇ ਸਕ੍ਰੀਨਾਂ ਬੰਦ ਕਰ ਦਿਓ।
- ਆਪਣਾ ਸੌਣ ਦਾ ਸਮਾਂ ਸੈੱਟ ਕਰੋ।
- ਇੱਕ ਆਰਾਮਦਾਇਕ ਸਿਰਹਾਣਾ ਇਸਤੇਮਾਲ ਕਰੋ।
- ਰਾਤ ਨੂੰ ਵਾਈਨ ਦੀ ਬਜਾਏ ਕੈਮੋਮਾਈਲ ਚਾਹ ਪੀਓ।
ਸੰਖੇਪ: ਰਾਤ ਨੂੰ ਚੰਗੀ ਨੀਂਦ ਲਈ ਸੌਣ ਤੋਂ ਪਹਿਲਾਂ ਇਹ 6 ਅਸਾਨ ਕਦਮ ਅਪਣਾਓ ਅਤੇ ਨੀਂਦ ਵਿੱਚ ਤੁਰੰਤ ਸੁਧਾਰ ਮਹਿਸੂਸ ਕਰੋ।