ਬਠਿੰਡਾ,8 ਮਾਰਚ 2024 (ਪੰਜਾਬੀ ਖ਼ਬਰਨਾਮਾ):ਸਟੇਟ ਬੈਂਕ ਆਫ ਇੰਡੀਆ ਦੀ ਕੋਟਸ਼ਮੀਰ ਬਰਾਂਚ ਨੇ ਸੀ.ਐਸ.ਆਰ. ਪ੍ਰੋਗਰਾਮ ਤਹਿਤ ਪੀ.ਐਚ.ਸੀ. ਕੋਟਸ਼ਮੀਰ ਨੂੰ ਮਰੀਜ਼ਾਂ ਦੀ ਜਰੂਰਤ ਅਨੁਸਾਰ ਸਮਾਨ ਦਿੱਤਾ ਹੈ ਜਿਸ ਸਦਕਾ ਇਸ ਮੁਢਲੇ ਸਿਹਤ ਕੇਂਦਰ ਦੀ ਨੁਹਾਰ ਬਦਲ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਐਚ.ਸੀ. ਗੋਨਿਆਣਾ ਦੇ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਬੈਂਕ ਦੇ ਚੀਫ਼ ਮੈਨੇਜਰ ਐਚ.ਆਰ. ਅਤੇ ਐਡਮਿਨ ਸ੍ਰ: ਮਨਜੀਤ ਸਿੰਘ, ਸਹਾਇਕ ਮੈਨੇਜਰ ਐਚ.ਆਰ. ਅਤੇ ਐਡਮਿਨ ਦਿਆ ਰਾਮ ਸਹਾਰਨ, ਕੋਟਸ਼ਮੀਰ ਬਰਾਂਚ ਦੇ ਮੈਨੇਜਰ ਰਵਿੰਦਰ ਸਿੰਘ, ਚੀਫ਼ ਮੈਨੇਜਰ ਸ਼੍ਰੀ ਚੰਦ ਅਤੇ ਮੈਨੇਜਰ ਐਚ.ਆਰ. ਹਰੀਸ਼ ਪਾਹਵਾ ਦੀ ਅਗਵਾਈ ਵਿੱਚ ਬੈਂਕ ਵੱਲੋਂ ਪੀ.ਐਚ.ਸੀ. ਦੀ ਇਮਾਰਤ ਨੂੰ ਰੰਗ ਰੋਗਨ ਕਰਵਾਉਣ ਸਮੇਤ ਮਰੀਜਾਂ ਦੇ ਬੈਠਣ ਲਈ ਤਿੰਨ ਸੈਟ ਕੁਰਸੀਆਂ, ਅਡਸਟਏਬਲ ਬੈਡ, ਵਾਰਮਰ, ਅਲਮਾਰੀ, ਆਟੋਕਲੇਵ, ਡੀਪ ਫਰੀਜਰ, ਵਾਟਰ ਕੂਲਰ, ਏਅਰ ਕੂਲਰ, ਪੋਰਟਏਬਲ ਸਕਸ਼ਨ ਐਪ, ਡੋਪਲਰ, ਅਬੂ ਬੈਗ ਅਤੇ ਮੋਨੀਟਰ ਦਿੱਤਾ ਹੈ।
ਬੈਂਕ ਦੇ ਇਸ ਕਾਰਜ ਲਈ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਧੀਰਾ ਗੁਪਤਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਦਕਾ ਪੀ.ਐਚ.ਸੀ. ਵਿਖੇ ਆਉਣ ਵਾਲੇ ਮਰੀਜਾਂ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਮਰੀਜਾਂ ਦੀਆਂ ਸਹੂਲਤਾਂ ਲਈ ਹਮੇਸ਼ਾ ਹੀ ਵਚਨਬੱਧ ਰਿਹਾ ਹੈ ਅਤੇ ਅਜਿਹੇ ਸਮਾਜ ਸੇਵੀ ਕਾਰਜਾਂ ਦੀ ਬਦੌਲਤ ਵਿਭਾਗ ਨੂੰ ਆਪਣੀ ਕਾਰਗੁਜ਼ਾਰੀ ਹੋਰ ਬਿਹਤਰ ਢੰਗ ਨਾਲ ਨਿਭਾਉਣ ਵਿੱਚ ਸਹਾਇਤਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੂੰ ਉਮੀਦ ਹੈ ਕਿ ਬੈਂਕ ਭਵਿੱਖ ਵਿੱਚ ਵੀ ਮਰੀਜ਼ਾਂ ਦੀ ਸਹੂਲਤ ਲਈ ਏਦਾਂ ਦੇ ਸਮਾਜਕਿ ਕਾਰਜ ਜਾਰੀ ਰੱਖੇਗਾ। ਇਸ ਮੌਕੇ ਮੈਡੀਕਲ ਅਫ਼ਸਰ ਇੰਚਾਰਜ ਡਾਕਟਰ ਡੌਲੀ ਸਿੰਗਲਾ, ਮਲਟੀਪਰਪਜ਼ ਹੈਲਥ ਸੁਪਰਵਾਇਜ਼ਰ ਲਕਸ਼ਮੀ ਤੇ ਸੁਪਰਵਾਇਜ਼ਰ ਰਾਜਵਿੰਦਰ ਸਿੰਘ,ਨਗਰ ਪੰਚਾਇਤ ਕੋਟਸ਼ਮੀਰ ਦੇ ਮੀਤ ਪ੍ਰਧਾਨ ਜਸਕਰਨ ਸਿੰਘ, ਸੀ.ਐਚ.ਓ. ਜ਼ਸਪ੍ਰੀਤ ਕੌਰ, ਅਮਨਦੀਪ ਸਿੰਘ ਆਦਿ ਸਮੇਤ ਪੀ.ਐਚ.ਸੀ. ਕੋਟਸ਼ਮੀਰ ਦਾ ਸਮੁੱਚਾ ਸਟਾਫ਼ ਮੌਜੂਦ ਸੀ।
![](https://punjabikhabarnama.com/wp-content/uploads/2024/03/SBI-1709896194170.jpg)