ਨਵੀਂ ਦਿੱਲੀ 01 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਪ੍ਰਸਤਾਵਿਤ ਫ਼ਿਲਮ ‘ਕਾਲਾ ਹਿਰਨ: ਦ ਬੈਟਲ ਫ਼ਾਰ ਲਿਗੇਸੀ’ ਦੇ ਨਿਰਮਾਤਾ ਨੇ ਬੁੱਧਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਹਾਲੇ ਤੱਕ ਫ਼ਿਲਮ ਨੂੰ ਸੈਂਸਰ ਬੋਰਡ ਕੋਲ ਸਰਟੀਫਿਕੇਸ਼ਨ ਲਈ ਨਹੀਂ ਭੇਜਿਆ ਗਿਆ ਹੈ।
ਫ਼ਿਲਮ ਦੇ ਖ਼ਿਲਾਫ਼ ਅਦਾਕਾਰ ਸਲਮਾਨ ਖ਼ਾਨ ਦੀ ਪਟੀਸ਼ਨ ‘ਤੇ ਫ਼ਿਲਮ ਨਿਰਮਾਤਾ ਵੱਲੋਂ ਪੇਸ਼ ਹੋਏ ਵਕੀਲ ਨੇ ਜਸਟਿਸ ਜਯੋਤੀ ਸਿੰਘ ਦੇ ਬੈਂਚ ਨੂੰ ਸੂਚਿਤ ਕੀਤਾ ਕਿ ਫ਼ਿਲਮ ਉਦੋਂ ਤੱਕ ਰਿਲੀਜ਼ ਨਹੀਂ ਕੀਤੀ ਜਾ ਸਕਦੀ, ਜਦੋਂ ਤੱਕ ਸੈਂਸਰ ਬੋਰਡ ਇਸ ਨੂੰ ਸਰਟੀਫਿਕੇਟ ਨਹੀਂ ਦੇ ਦਿੰਦਾ।
ਇਹ ਫ਼ਿਲਮ ਅਦਾਕਾਰ ਸਲਮਾਨ ਖ਼ਾਨ ਦੇ 1998 ਦੇ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ਤੋਂ ਪ੍ਰੇਰਿਤ ਹੈ। ਸਲਮਾਨ ਖ਼ਾਨ ਨੇ ਇਸ ਫ਼ਿਲਮ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਫ਼ਿਲਮ ਦੀ ਰਿਲੀਜ਼ ਦੀ ਤਰੀਕ ਦਾ ਐਲਾਨ ਨਹੀਂ
ਸਲਮਾਨ ਖ਼ਾਨ ਦੇ ਵਕੀਲ ਨਿਜ਼ਾਮ ਪਾਸ਼ਾ ਨੇ ਕਿਹਾ ਕਿ ਫ਼ਿਲਮ ਦਾ ਪੋਸਟਰ ਅਤੇ ਟ੍ਰੇਲਰ ਤਾਂ ਰਿਲੀਜ਼ ਹੋ ਚੁੱਕਾ ਹੈ ਪਰ ਫ਼ਿਲਮ ਦੇ ਰਿਲੀਜ਼ ਹੋਣ ਦੀ ਤਰੀਕ ਦਾ ਹਾਲੇ ਐਲਾਨ ਨਹੀਂ ਕੀਤਾ ਗਿਆ। ਇਹ ਫ਼ਿਲਮ 1998 ਦੇ ਸਲਮਾਨ ਖ਼ਾਨ ਦੇ ਕਾਲੇ ਹਿਰਨ ਦੇ ਸ਼ਿਕਾਰ ਦੇ ਮਾਮਲੇ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਉਨ੍ਹਾਂ ਦੀ ਦੁਸ਼ਮਣੀ ‘ਤੇ ਅਧਾਰਿਤ ਹੈ।
