ਮੁੰਬਈ 04 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਸਾਬਕਾ ਕਪਤਾਨ ਰੋਹਿਤ ਸ਼ਰਮਾ ਦੇ ਵਨਡੇ ਕਰੀਅਰ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਵਿਚਾਲੇ ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਕਿਹਾ ਕਿ ਉਹ ਇਸ ਸਮੇਂ ਸ਼ਾਨਦਾਰ ਪ੍ਰਦਰਸ਼ਨ ਕਰ ਰਿਹ ਹੈ ਤੇ ਅਜਿਹੇ ’ਚ ਉਸਦੇ ਭਵਿੱਖ ਨੂੰ ਲੈ ਕੇ ਕਿਸੇ ਤਰ੍ਹਾਂ ਦੀਆਂ ਚਰਚਾਵਾਂ ਨੂੰ ਹੱਲਾਸ਼ੇਰੀ ਦੇਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਟੀ-20 ਤੇ ਟੈਸਟ ਤੋਂ ਸੰਨਿਆਸ ਲੈ ਚੁੱਕਾ ਰੋਹਿਤ ਸ਼ਰਮਾ ਫਿਲਹਾਲ ਸਿਰਫ ਵਨਡੇ ਫਾਰਮੈਟ ’ਚ ਖੇਡ ਰਿਹਾ ਹੈ। ਉਸਦੇ ਭਵਿੱਖ ਨੂੰ ਲੈ ਕੇ ਸਵਾਲ ਪੁੱਛੇ ਜਾਣ ’ਤੇ ਸੈਕੀਆ ਨੇ ਕਿਹਾ ਕਿ ਜਦੋਂ ਰੋਹਿਤ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਤਾਂ ਉਸਦੇ ਭਵਿੱਖ ’ਤੇ ਚਰਚਾ ਦੀ ਲੋੜ ਹੀ ਕੀ ਹੈ। ਸੈਕੀਆ ਨੇ ਰੀਵਿਊ ਮੀਟਿੰਗ ਤੋਂ ਬਾਅਦ ਕਿਹਾ ਕਿ ਰੋਹਿਤ ਹਾਲੇ ਮੈਚਾਂ ’ਚ ਸ਼ਾਨਦਾਰ ਖੇਡ ਰਿਹਾ ਹੈ। ਤੇ ਹੋਰ ਕੀ ਚਾਹੀਦਾ ਹੈ? ਇੰਗਲੈਂਡ ਵਿਰੁੱਧ ਪਿਛਲੇ ਮੁਕਾਬਲੇ ’ਚ ਉਸਨੇ 138 ਦੌੜਾਂ ਬਣਾਈਆਂ, ਫਿਰ ਕਿਰਾਸਅਰਾਈਆਂ ਕਿਉਂ ਲਗਾਈਆਂ ਜਾ ਰਹੀਆਂ ਹਨ? ਇਸ ਲਈ ਮੈਂ ਕਿਆਸ ਲਗਾਉਣ ਵਾਲਿਆਂ ਨੂੰ ਕੋਈ ਚਾਰਾ ਨਹੀਂ ਦੇਣਾ ਚਾਹੁੰਦਾ।
ਅਗਰਕਰ ਦੇ ਕਰਾਰ ਵਿਸਥਾਰ ’ਤੇ ਕੋਈ ਚਰਚਾ ਨਹੀਂ : ਸੈਕੀਆ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਮੀਖਿਆ ਮੀਟਿੰਗ ’ਚ ਮੁੱਖ ਚੋਣਕਾਰ ਅਜੀਤ ਅਗਰਕਰ ਦੇ ਕਰਾਰ ਦੇ ਵਿਸਥਾਰ ਨੂੰ ਲੈਕੇ ਕੋਈ ਚਰਚਾ ਨਹੀਂ ਹੋਈ। ਅਗਰਕਰ ਦੀ ਗ਼ੈਰ-ਹਾਜ਼ਰੀ ’ਤੇ ਸੈਕੀਆ ਨੇ ਕਿਹਾ ਕਿ ਉਹ ਸ਼ਹਿਰ ਤੋਂ ਬਾਹਰ ਸੀ ਤੇ ਮੀਟਿੰਗ ਬੇਹੱਦ ਘੱਟ ਸਮੇਂ ਦੇ ਨੋਟਿਸ ’ਤੇ ਸੱਦੀ ਗਈ ਸੀ। ਉਨ੍ਹਾਂ ਕਿਹਾ ਕਿ ਅਗਰਕਰ ਅਜਿਹੀ ਥਾਂ ’ਤੇ ਸੀ, ਜਿਥੇ ਬੀਸੀਸੀਆਈ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਹ ਆਨਲਾਈਨ ਵੀ ਮੀਟਿੰਗ ’ਚ ਸ਼ਾਮਲ ਨਹੀਂ ਹੋ ਸਕਿਆ। ਅਗਰਕਰ ਦੇ ਮੁੱਖ ਚੋਣਕਾਰ ਵਜੋਂ ਕਰਾਰ ਵਿਸਥਾਰ ’ਤੇ ਸਵਾਲ ਪੁੱਛੇ ਜਾਣ ’ਤੇ ਸੈਕੀਆ ਨੇ ਸਾਫ ਕਿਹਾ, ਅੱਜ ਦੀ ਮੀਟਿੰਗ ’ਚ ਅਜਿਹੀ ਕੋਈ ਚਰਚਾ ਨਹੀਂ ਹੋਈ।
ਕ੍ਰਿਕਟ ਡਾਇਰੈਕਟਰ ਦੀ ਨਿਯੁਕਤੀ ਨਹੀਂ : ਸੈਕੀਆ ਨੇ ਵੀਵੀਐੱਸ ਲਕਸ਼ਮਣ ਨੂੰ ਬੀਸੀਸੀਆਈ ਦੇ ਕ੍ਰਿਕਟ ਡਾਇਰੈਕਟਰ ਦੇ ਤੌਰ ’ਤੇ ਨਿਯੁਕਤ ਕੀਤੇ ਜਾਣ ਨੂੰ ਲੈ ਕੇ ਚੱਲ ਰਹੀਆਂ ਕਿਆਸਅਰਾਈਆਂ ਨੂੰ ਵੀ ਖ਼ਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਬੋਰਡ ਨੇ ਇਸ ਤਰ੍ਹਾਂ ਦੀ ਕੋਈ ਚਰਚਾ ਨਹੀਂ ਕੀਤੀ ਤੇ ਨਾ ਹੀ ਫਿਲਹਾਲ ਅਜਿਹੀ ਕੋਈ ਮਨਸ਼ਾ ਹੈ। ਲਕਸ਼ਮਣ ਦੀ ਨਿਯੁਕਤੀ ਨਾਲ ਜੁੜੀਆਂ ਅਫਵਾਹਾਂ ’ਤੇ ਸੈਕੀਆ ਨੇ ਕਿਹਾ ਕਿ ਮੈਂ ਨਵੀਆਂ ਅਫਵਾਹਾਂ ’ਤੇ ਟਿੱਪਣੀ ਨਹੀਂ ਕਰਦਾ। ਅਸੀਂ ਇਸ ਤਰ੍ਹਾਂ ਦੀ ਕੋਈ ਚਰਚਾ ਨਹੀਂ ਕੀਤੀ ਤੇ ਨਾ ਹੀ ਸਾਡਾ ਅਜਿਹਾ ਕੋਈ ਇਰਾਦਾ ਹੈ।
