ਨਵੀਂ ਦਿੱਲੀ 05 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤੀ ਰੁਪਏ ‘ਚ ਆ ਰਹੀ ਲਗਾਤਾਰ ਗਿਰਾਵਟ ਦੌਰਾਨ ਉਸ ਨੂੰ ਮਜ਼ਬੂਤ ਬਣਾਈ ਰੱਖਣ ਲਈ ਭਾਰਤੀ ਰਿਜ਼ਰਵ ਬੈਂਕ (RBI Rupee Strategy) ਨੇ ਆਪਣੀ ਰਣਨੀਤੀ ‘ਚ ਵੱਡਾ ਬਦਲਾਅ ਕੀਤਾ ਹੈ। ਪਹਿਲਾਂ ਜਿੱਥੇ ਕੇਂਦਰੀ ਬੈਂਕ ਰੁਪਏ ’ਤੇ ਦਬਾਅ ਵਧਣ ’ਤੇ ਵਿਦੇਸ਼ੀ ਮੁਦਰਾ ਭੰਡਾਰ (Forex Reserve) ‘ਚੋਂ ਡਾਲਰ ਵੇਚ ਕੇ ਬਾਜ਼ਾਰ ਨੂੰ ਸੰਭਾਲਦਾ ਸੀ, ਉੱਥੇ ਹੁਣ ਉਹ ਵਿਦੇਸ਼ਾਂ ਤੋਂ ਨਵੇਂ ਡਾਲਰ ਭਾਰਤ ਲਿਆਉਣ ’ਤੇ ਜ਼ਿਆਦਾ ਜ਼ੋਰ ਦੇ ਰਿਹਾ ਹੈ।
ਇਸ ਲਈ ਐੱਨਆਰਈ ਜਮ੍ਹਾਂ, ਵਿਦੇਸ਼ੀ ਕਰਜ਼ੇ ਤੇ ਸਰਕਾਰੀ ਬਾਂਡਾਂ ‘ਚ ਵਿਦੇਸ਼ੀ ਨਿਵੇਸ਼ ਵਧਾਉਣ ਵਰਗੇ ਕਈ ਕਦਮ ਚੁੱਕੇ ਗਏ ਹਨ। ਹਾਲਾਂਕਿ ਇਨ੍ਹਾਂ ਕੋਸ਼ਿਸ਼ਾਂ ਨਾਲ ਦੇਸ਼ ‘ਚ ਅਰਬਾਂ ਡਾਲਰ ਆਏ ਹਨ, ਪਰ ਰੁਪਏ ਦੀ ਕੀਮਤ ‘ਚ ਹੁਣ ਤਕ ਕੋਈ ਵੱਡੀ ਮਜ਼ਬੂਤੀ ਦੇਖਣ ਨੂੰ ਨਹੀਂ ਮਿਲੀ।
ਪਹਿਲਾਂ RBI ਰੁਪਏ ਨੂੰ ਕਿਵੇਂ ਬਚਾਉਂਦਾ ਸੀ?
ਜਦੋਂ ਵੀ ਰੁਪਏ ’ਤੇ ਦਬਾਅ ਵਧਦਾ ਸੀ ਤੇ ਡਾਲਰ ਮਹਿੰਗਾ ਹੋਣ ਲੱਗਦਾ ਸੀ ਤਾਂ RBI ਆਪਣੇ ਵਿਦੇਸ਼ੀ ਮੁਦਰਾ ਭੰਡਾਰ ‘ਚੋਂ ਡਾਲਰ ਵੇਚਦਾ ਸੀ। ਇਸ ਨਾਲ ਬਾਜ਼ਾਰ ‘ਚ ਡਾਲਰ ਦੀ ਸਪਲਾਈ ਵਧਦੀ ਸੀ ਅਤੇ ਰੁਪਏ ਦੀ ਗਿਰਾਵਟ ’ਤੇ ਕੁਝ ਹੱਦ ਤਕ ਰੋਕ ਲੱਗ ਜਾਂਦੀ ਸੀ। ਪਰ ਇਸ ਰਣਨੀਤੀ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਸੀ ਕਿ ਹਰ ਵਾਰ ਡਾਲਰ ਵੇਚਣ ਨਾਲ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਘਟਦਾ ਜਾਂਦਾ ਸੀ। ਅਜਿਹੇ ‘ਚ ਭਵਿੱਖ ‘ਚ ਸੰਕਟ ਆਉਣ ’ਤੇ RBI ਦੀ ਦਖ਼ਲ ਦੇਣ ਦੀ ਸਮਰੱਥਾ ਵੀ ਘੱਟ ਸਕਦੀ ਸੀ।
ਪਰ ਹੁਣ ਕੀ ਬਦਲਿਆ?
- ਜੂਨ 2026 ਦੀ ਮੌਦ੍ਰਿਕ ਨੀਤੀ ਸਮੀਖਿਆ ਤੋਂ ਬਾਅਦ RBI ਨੇ ਨਵੀਂ ਰਣਨੀਤੀ ਅਪਣਾਈ। ਇਸ ਦਾ ਮਕਸਦ ਸਿਰਫ਼ ਰਿਜ਼ਰਵ ‘ਚੋਂ ਡਾਲਰ ਵੇਚਣ ਦੀ ਬਜਾਏ ਵਿਦੇਸ਼ਾਂ ਤੋਂ ਨਵੇਂ ਡਾਲਰ ਭਾਰਤ ਲਿਆਉਣਾ ਹੈ। RBI ਨੇ ਇਸ ਲਈ ਕਈ ਅਹਿਮ ਕਦਮ ਚੁੱਕੇ ਹਨ।
- FCNR(B) ਜਮ੍ਹਾਂ ਯੋਜਨਾ ਤਹਿਤ ਬੈਂਕਾਂ ਨੂੰ ਵਿਦੇਸ਼ੀ ਮੁਦਰਾ ‘ਚ 3 ਤੋਂ 5 ਸਾਲ ਦੀਆਂ NRI ਜਮ੍ਹਾਂ ਰਕਮਾਂ ਇਕੱਠੀਆਂ ਕਰਨ ਲਈ ਹੇਜਿੰਗ ਲਾਗਤ ‘ਚ ਰਾਹਤ ਦਿੱਤੀ ਗਈ। ਇਸ ਨਾਲ ਬੈਂਕ ਬਿਹਤਰ ਵਿਆਜ ਦਰਾਂ ਦੇ ਪਾ ਰਹੇ ਹਨ ਤੇ NRI ਨਿਵੇਸ਼ ਵਧਿਆ ਹੈ।
- External Commercial Borrowings (ECB) ਲਈ ਰਿਆਇਤੀ ਵਿਦੇਸ਼ੀ ਮੁਦਰਾ ਸਵੈਪ ਸਹੂਲਤ ਦਿੱਤੀ ਗਈ, ਜਿਸ ਨਾਲ ਜਨਤਕ ਖੇਤਰ ਦੀਆਂ ਕੰਪਨੀਆਂ ਤੇ ਬੈਂਕਾਂ ਲਈ ਵਿਦੇਸ਼ੀ ਕਰਜ਼ਾ ਲੈਣਾ ਸਸਤਾ ਹੋਇਆ।
- ਸਰਕਾਰੀ ਬਾਂਡਾਂ ‘ਚ ਵਿਦੇਸ਼ੀ ਨਿਵੇਸ਼ ਨੂੰ ਆਸਾਨ ਬਣਾਇਆ ਗਿਆ। Fully Accessible Route (FAR) ਦਾ ਘੇਰਾ ਵਧਾਇਆ ਗਿਆ ਤੇ ਕਈ ਨਿਵੇਸ਼ ਸਬੰਧੀ ਪਾਬੰਦੀਆਂ ਵੀ ਹਟਾਈਆਂ ਗਈਆਂ। ਸਰਕਾਰ ਨੇ ਟੈਕਸ ‘ਚ ਵੀ ਰਾਹਤ ਦਿੱਤੀ।
ਹੁਣ ਤਕ ਕੀ ਨਤੀਜੇ ਮਿਲੇ?
RBI ਦੀ ਨਵੀਂ ਰਣਨੀਤੀ ਨਾਲ ਵਿਦੇਸ਼ੀ ਮੁਦਰਾ ਦਾ ਚੰਗਾ ਪ੍ਰਵਾਹ ਦੇਖਣ ਨੂੰ ਮਿਲਿਆ ਹੈ। 31 ਜੁਲਾਈ 2026 ਤਕ ਵਿਸ਼ੇਸ਼ ਯੋਜਨਾਵਾਂ ਰਾਹੀਂ ਕਰੀਬ 40.81 ਅਰਬ ਡਾਲਰ ਭਾਰਤ ਆਏ।
ਸਰੋਤ————————————–ਰਕਮ
FCNR(B) ਜਮ੍ਹਾਂ———————–36.72 ਅਰਬ ਡਾਲਰ
ECB ਸਵੈਪ ਸਹੂਲਤ——————–1.50 ਅਰਬ ਡਾਲਰ
ਵਿਦੇਸ਼ੀ ਮੁਦਰਾ ਉਧਾਰੀ—————–2.57 ਅਰਬ ਡਾਲਰ
ਕੁੱਲ——————————–40.81 ਅਰਬ ਡਾਲਰ
ਇਸ ਤੋਂ ਇਲਾਵਾ ਜੂਨ ਤੋਂ ਬਾਅਦ ਸਰਕਾਰੀ ਬਾਂਡਾਂ ‘ਚ ਵਿਦੇਸ਼ੀ ਨਿਵੇਸ਼ਕਾਂ ਨੇ 7 ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਇਹੀ ਰਫ਼ਤਾਰ ਬਣੀ ਰਹੀ ਤਾਂ ਸਤੰਬਰ ਤਕ ਕੁੱਲ ਵਿਦੇਸ਼ੀ ਮੁਦਰਾ ਪ੍ਰਵਾਹ 80 ਤੋਂ 100 ਅਰਬ ਡਾਲਰ ਤਕ ਪਹੁੰਚ ਸਕਦਾ ਹੈ।
ਫਿਰ ਵੀ ਰੁਪਿਆ ਕਿਉਂ ਨਹੀਂ ਹੋਇਆ ਮਜ਼ਬੂਤ?
ਇੰਨੇ ਵੱਡੇ ਡਾਲਰ ਪ੍ਰਵਾਹ (Dollar Inflow) ਦੇ ਬਾਵਜੂਦ ਰੁਪਿਆ ਅਜੇ ਵੀ ਕਰੀਬ 95.25 ਰੁਪਏ ਪ੍ਰਤੀ ਡਾਲਰ ਦੇ ਪੱਧਰ ’ਤੇ ਬਣਿਆ ਹੋਇਆ ਹੈ। ਇਸ ਦੀ ਵਜ੍ਹਾ ਇਹ ਹੈ ਕਿ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਅਜੇ ਵੀ ਦਬਾਅ ਬਣਾ ਰਹੀਆਂ ਹਨ। ਇਸ ਦੇ ਨਾਲ ਹੀ ਵਿਸ਼ਵ ਪੱਧਰ ’ਤੇ ਡਾਲਰ ਵੀ ਮਜ਼ਬੂਤ ਬਣਿਆ ਹੋਇਆ ਹੈ।
ਭੂ-ਸਿਆਸੀ ਤਣਾਅ ਤੇ ਕੌਮਾਂਤਰੀ ਬਾਜ਼ਾਰ ‘ਚ ਅਸਥਿਰਤਾ ਜਾਰੀ ਹੈ। FCNR ਤੇ ਸਵੈਪ ਵਰਗੀਆਂ ਕਈ ਰਕਮਾਂ ਸਿੱਧੇ ਸਪਾਟ ਮਾਰਕੀਟ ‘ਚ ਨਹੀਂ ਆਉਂਦੀਆਂ, ਇਸ ਲਈ ਉਨ੍ਹਾਂ ਦਾ ਅਸਰ ਰੁਪਏ ’ਤੇ ਤੁਰੰਤ ਦਿਖਾਈ ਨਹੀਂ ਦਿੰਦਾ।
RBI ਦਾ ਵੀ ਕਹਿਣਾ ਹੈ ਕਿ ਉਸ ਦਾ ਉਦੇਸ਼ ਰੁਪਏ ਨੂੰ ਕਿਸੇ ਤੈਅ ਪੱਧਰ ’ਤੇ ਰੱਖਣਾ ਨਹੀਂ, ਸਗੋਂ ਮੁਦਰਾ ‘ਚ ਬਹੁਤ ਜ਼ਿਆਦਾ ਉਤਰਾਅ-ਚੜ੍ਹਾਅ ਨੂੰ ਰੋਕਣਾ ਹੈ।
ਕੀ RBI ਦੀ ਨਵੀਂ ਰਣਨੀਤੀ ਸਫਲ ਰਹੀ?
ਹੁਣ ਤਕ ਦੇ ਅੰਕੜੇ ਦੱਸਦੇ ਹਨ ਕਿ ਵਿਦੇਸ਼ੀ ਮੁਦਰਾ ਇਕੱਠੀ ਕਰਨ ਦੇ ਮਾਮਲੇ ‘ਚ RBI ਦੀ ਰਣਨੀਤੀ ਸਫਲ ਰਹੀ ਹੈ। ਇਸ ਨਾਲ ਵਿਦੇਸ਼ੀ ਮੁਦਰਾ ਭੰਡਾਰ ’ਤੇ ਤੁਰੰਤ ਦਬਾਅ ਘਟਿਆ ਹੈ ਤੇ ਭਾਰਤ ਦੀ ਬਾਹਰੀ ਵਿੱਤੀ ਸਥਿਤੀ ਮਜ਼ਬੂਤ ਹੋਈ ਹੈ।
ਹਾਲਾਂਕਿ, ਰੁਪਏ ਦੀ ਕੀਮਤ ‘ਚ ਅਜੇ ਤਕ ਵੱਡੀ ਤੇਜ਼ੀ ਨਹੀਂ ਆਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਰੁਪਏ ਦੀ ਦਿਸ਼ਾ ਸਿਰਫ਼ RBI ਦੀ ਨੀਤੀ ਨਾਲ ਤੈਅ ਨਹੀਂ ਹੁੰਦੀ। ਕੱਚੇ ਤੇਲ ਦੀਆਂ ਕੀਮਤਾਂ, ਵਿਸ਼ਵ ਪੱਧਰ ’ਤੇ ਡਾਲਰ ਦੀ ਮਜ਼ਬੂਤੀ, ਚਾਲੂ ਖਾਤੇ ਦਾ ਘਾਟਾ ਤੇ ਕੌਮਾਂਤਰੀ ਆਰਥਿਕ ਮਾਹੌਲ ਵਰਗੇ ਕਈ ਵੱਡੇ ਕਾਰਕ ਵੀ ਇਸ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।
