ਹੁਸ਼ਿਆਰਪੁਰ 30 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਦੇ ਬੱਚਿਆਂ ਦੀ ਸਿਹਤ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਇੱਕ ਅਹਿਮ ਅਤੇ ਸਖ਼ਤ ਫੈਸਲਾ ਲਿਆ ਹੈ। ਸੂਬੇ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਪੰਜਾਬ ਭਰ ਵਿੱਚ ਬੱਚਿਆਂ ਨੂੰ ਐਨਰਜੀ ਡਰਿੰਕਸ ਦੀ ਵਿਕਰੀ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਕੂਲਾਂ ਦੇ ਆਲੇ-ਦੁਆਲੇ ਬਣੇਗਾ ‘ਨੋ ਸੇਲ ਜ਼ੋਨ’
ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਪੰਜਾਬ ਵੱਲੋਂ ਜਾਰੀ ਮਨਾਹੀ ਹੁਕਮ ਅਨੁਸਾਰ ਸਕੂਲ ਕੰਟੀਨਾਂ, ਟੱਕ ਸ਼ਾਪਾਂ ਜਾਂ ਸਕੂਲ ਦੇ ਨੇੜੇ ਪੈਂਦੀਆਂ ਦੁਕਾਨਾਂ ’ਤੇ ਹੁਣ ਇਹ ਐਨਰਜੀ ਡਰਿੰਕਸ ਨਹੀਂ ਮਿਲਣਗੇ। ਇਸ ਲਈ ਖਾਸ ਘੇਰਾ ਨਿਰਧਾਰਿਤ ਕੀਤਾ ਗਿਆ ਹੈ:
ਪੇਂਡੂ ਖੇਤਰ: ਸਕੂਲ ਦੇ ਅਹਾਤੇ ਤੋਂ 100 ਮੀਟਰ ਦੇ ਦਾਇਰੇ ਵਿੱਚ ਵਿਕਰੀ ’ਤੇ ਰੋਕ।
ਸ਼ਹਿਰੀ ਖੇਤਰ: ਸਕੂਲ ਦੇ ਅਹਾਤੇ ਤੋਂ 50 ਮੀਟਰ ਦੇ ਦਾਇਰੇ ਵਿੱਚ ਵਿਕਰੀ ’ਤੇ ਰੋਕ।
ਇਹ ਪਾਬੰਦੀ 21 ਅਪ੍ਰੈਲ, 2026 ਤੋਂ ਇੱਕ ਸਾਲ ਤੱਕ ਲਾਗੂ ਰਹੇਗੀ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਾਬੰਦੀ ਲਗਾਉਣ ਦਾ ਮੁੱਖ ਕਾਰਨ
ਸਰਕਾਰ ਦੇ ਧਿਆਨ ਵਿੱਚ ਇਹ ਆਇਆ ਹੈ ਕਿ ਬਹੁਤ ਸਾਰੇ ਖਾਣ-ਪੀਣ ਕਾਰੋਬਾਰ ਸੰਚਾਲਕ ਬੱਚਿਆਂ ਨੂੰ ਲਾਪਰਵਾਹੀ ਨਾਲ ਐਨਰਜੀ ਡਰਿੰਕਸ ਵੇਚ ਰਹੇ ਹਨ ਭਾਵੇਂ ਕਿ ਉਨ੍ਹਾਂ ਦੇ ਲੇਬਲਾਂ ’ਤੇ ਸਪੱਸ਼ਟ ਤੌਰ ’ਤੇ ਲਿਖਿਆ ਹੈ ਕਿ ਇਹ “ਬੱਚਿਆਂ ਲਈ ਸਿਫ਼ਾਰਸ਼ ਨਹੀਂ ਕੀਤਾ ਜਾਂਦਾ” ਹੈ। ਇਨ੍ਹਾਂ ਪੀਣ ਵਾਲੇ ਪਦਾਰਥਾਂ ਵਿੱਚ ਕੈਫੀਨ ਦੀ ਮਾਤਰਾ ਬਹੁਤ ਜ਼ਿਆਦਾ (80 ਮਿਲੀਗ੍ਰਾਮ ਪ੍ਰਤੀ ਸਰਵਿੰਗ ਤੱਕ) ਹੁੰਦੀ ਹੈ, ਜੋ ਬੱਚਿਆਂ ਦੇ ਤੰਤ੍ਰਿਕ ਤੰਤਰ ਨੂੰ ਉਤੇਜਿਤ ਕਰਦੀ ਹੈ।
ਸਿਹਤ ’ਤੇ ਪੈਣ ਵਾਲੇ ਮਾੜੇ ਪ੍ਰਭਾਵ
ਵਿਗਿਆਨਕ ਅਧਿਐਨਾਂ ਦਾ ਹਵਾਲਾ ਦਿੰਦੇ ਹੋਏ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਐਨਰਜੀ ਡਰਿੰਕਸ ਵਿੱਚ ਮੌਜੂਦ ਕੈਫੀਨ, ਟੌਰੀਨ ਅਤੇ ਗੁਆਰਾਨਾ ਵਰਗੇ ਤੱਤ ਬੱਚਿਆਂ ਲਈ ਹਾਨੀਕਾਰਕ ਹਨ। ਇਸ ਦੇ ਜ਼ਿਆਦਾ ਸੇਵਨ ਨਾਲ ਹੇਠ ਲਿਖੀਆਂ ਸਮੱਸਿਆਵਾਂ ਹੋ ਸਕਦੀਆਂ ਹਨ:
* ਦਿਲ ਦੀ ਬਿਮਾਰੀ ਅਤੇ ਵਧੀ ਹੋਈ ਦਿਲ ਦੀ ਧੜਕਣ।
* ਮਾਨਸਿਕ ਅਤੇ ਮਨੋਵਿਗਿਆਨਕ ਪ੍ਰਭਾਵ ਜਿਵੇਂ ਕਿ ਤਣਾਅ ਅਤੇ ਨੀਂਦ ਨਾ ਆਉਣਾ।
* ਗੁਰਦਿਆਂ ਅਤੇ ਪਾਚਨ ਪ੍ਰਣਾਲੀ ‘ਤੇ ਮਾੜੇ ਪ੍ਰਭਾਵ।
ਵਿਭਾਗ ਨੇ ਗਰਭਵਤੀ ਅਤੇ ਦੁੱਧ ਪਿਆਉਣ ਵਾਲੀਆਂ ਮਹਿਲਾਵਾਂ ਨੂੰ ਵੀ ਇਹਨਾਂ ਪਦਾਰਥਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਖੁਰਾਕ ਸੁਰੱਖਿਆ ਅਧਿਕਾਰੀਆਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਇਸ ਹੁਕਮ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
