ਜ਼ੀਰਾ 20 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਮਿੰਨੀ ਪੀਐੱਚਸੀ ਕੱਸੋਆਣਾ ਅਧੀਨ ਆਉਂਦੇ ਵੱਖ -ਵੱਖ ਪਿੰਡਾਂ ਵਿੱਚ ਕੁੜੀਆਂ ਤੇ ਮੁੰਡਿਆਂ ਦੀ ਬਰਾਬਰਤਾ ਦਾ ਸੁਨੇਹਾ ਭੇਜਣ ਲਈ ਸਿਹਤ ਜਾਗਰੂਕਤਾ ਸੈਮੀਨਾਰ ਕਰਵਾਏ ਗਏ। ਡਾ. ਨਵੀਨ ਸੇਠੀ ਸੀਨੀਅਰ ਮੈਡੀਕਲ ਅਫਸਰ ਕੱਸੋਆਣਾ ਨੇ ਦੱਸਿਆ ਕਿ ਕੁੜੀਆਂ ਨੂੰ ਹਰ ਪੱਖ ਤੋਂ ਮਜਬੂਤ ਤੇ ਸਮਰੱਥ ਬਨਾਉਣ ਲਈ ਲਹਿਰ ਚਲਾਈ ਜਾ ਰਹੀ ਹੈ। ਬੱਚੀਆਂ ਨੂੰ ਸਰੀਰਿਕ ਤੇ ਮਾਨਸਿਕ ਤੌਰ ’ਤੇ ਸਿਹਤਮੰਦ ਰੱਖਣ ਲਈ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੌਰਾਨ ਵਿਕਰਮਜੀਤ ਸਿੰਘ ਬਲਾਕ ਐਜੁਕੇਟਰ ਤੇ ਡਾ. ਕਰਨਬੀਰ ਸਿੰਘ ਨੇ ਦੱਸਿਆ ਕਿ ਅਜੋਕੇ ਯੁੱਗ ’ਚ ਲੜਕੀਆਂ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ ਤੇ ਸਮਾਜ ਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਰਹੀਆਂ ਹਨ। ਸਿਹਤ ਵਿਭਾਗ ’ਚ ਵੀ ਔਰਤਾਂ ਦਾ ਵੱਡਾ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਭਰੂਣ ਹੱਤਿਆ ਰੋਕਣ ਲਈ ਤੇ ਗਰਭ ਵਿੱਚ ਲਿੰਗ ਜਾਂਚ ਕਰਵਾਉਣ ਵਾਲਿਆਂ ਵਿਰੁੱਧ ਸਖਤ ਕਨੂੰਨ ਬਣਾਏ ਹਨ, ਜਿਸ ਤਹਿਤ ਅਜਿਹਾ ਕਰਨ ਵਾਲੇ ਨੂੰ ਤਿੰਨ ਸਾਲ ਸਜਾ ਤੇ ਜੁਰਮਾਨਾ ਕੀਤਾ ਜਾਂਦਾ ਹੈ,ਜੋ ਸੈਂਟਰ ਅਜਿਹਾ ਕਰਦਾ ਹੈ ਉਸਦਾ ਲਾਇਸੈਂਸ ਵੀ ਕੈਂਸਲ ਕੀਤਾ ਜਾਂਦਾ ਹੈ। ਜਾਗਰੂਕਤਾ ਸੈਮੀਨਾਰ ਦੌਰਾਨ ਗੁਰਦੇਵ ਕੌਰ ਐੱਲਐੱਚਵੀ, ਇੰਦਰਜੀਤ ਕੌਰ, ਨੀਰੂ ਬਾਲਾ ਮਲਟੀ ਪਰਪਸ ਵਰਕਰ, ਪ੍ਰੇਮਜੀਤ ਸਿੰਘ ਮਲਟੀਪਰਪਜ਼ ਵਰਕਰ ਆਦਿ ਹਾਜ਼ਰ ਸਨ।
