ਪਟਿਆਲਾ 20 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਸਿਹਤ ਵਿਭਾਗ ਨੇ ਗਰਮੀ ਦੇ ਮੌਸਮ ਦੌਰਾਨ ਲਗਾਤਾਰ ਵੱਧ ਰਹੇ ਤਾਪਮਾਨ ਤੇ ਲੂ ਕਾਰਨ ਪੈਦਾ ਹੋ ਸਕਦੇ ਸਿਹਤ ਖਤਰਿਆਂ ਤੋਂ ਬਚਾਓ ਸਬੰਧੀ ਸਿਹਤ ਐਡਵਾਈਜ਼ਰੀ ਜਾਰੀ ਕੀਤੀ ਹੈ। ਗਰਮੀ ਤੋਂ ਬਚਣ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਪਟਿਆਲਾ ਡਾ.ਸ਼ੈਲੀ ਜੇਤਲੀ ਨੇ ਕਿਹਾ ਕਿ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਆਦਿ ਦਾ ਵੱਧ ਤੋ ਵੱਧ ਸੇਵਨ ਕਰਨਾ ਚਾਹੀਦਾ ਹੈ, ਤਿੱਖੀ ਧੁੱਪ ਤੋ ਬੱਚਣ ਲਈ ਦੁਪਹਿਰ ਵੇਲੇ ਘਰ ਤੋ ਬਾਹਰ ਘੱਟ ਤੋ ਘੱਟ ਨਿਕਲਿਆ ਜਾਵੇ ਗਰਮੀ ਦੇ ਦਿਨਾਂ ਦੌਰਾਨ ਹਮੇਸ਼ਾ ਹਲਕੇ ਰੰਗ ਦੇ ਸੂਤੀ ਕਪੜੇ ਪਾਏ ਜਾਣ ਅਤੇ ਛੱਤਰੀ ਦਾ ਪ੍ਰਯੋਗ ਕੀਤਾ ਜਾਵੇ। ਉੁਨ੍ਹਾਂ ਦੱਸਿਆ ਕਿ ਨਵ ਜੰਮੇ ਬੱਚਿਆਂ, ਮੋਟਾਪੇ ਤੋਂ ਪੀੜਤ ਲੋਕਾਂ, ਮਾਨਸਿਕ ਰੂਪ ਵਿਚ ਬਿਮਾਰ ਲੋਕਾਂ, ਦਿਲ ਦੇ ਰੋਗਾਂ ਤੋਂ ਪੀੜਤ ਵਿਅਕਤੀ , ਬਜੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਲਗਣ ਦਾ ਜਿਆਦਾ ਖਤਰਾ ਹੁੰਦਾ ਹੈ, ਇਸ ਲਈ ਗਰਮੀ ਦੇ ਦਿਨਾਂ ਵਿਚ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ 10 ਵਜੇ ਤੋ ਬਾਅਦ ਬੱਚਿਆਂ ਨੂੰ ਧੁੱਪ ਵਿਚ ਖਿਡਾਉਣ ਤੋ ਗੁਰੇਜ਼ ਕਰਨ ਦੀ ਸਲਾਹ ਦਿੱਤੀ। ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਲੂ ਦੇ ਪ੍ਰਭਾਵ ਹੇਠ ਆਉਣ ਕਾਰਨ ਸਰੀਰ ’ਚੋਂ ਪਾਣੀ ਦੀ ਕਮੀ ਹੁੰਦੀ ਹੈ ਅਤੇ ਸਰੀਰ ਦਾ ਅੰਦਰਲਾ ਤਾਪਮਾਨ ਵੱਧ ਜਾਂਦਾ ਹੈ। ਜਿਸ ਨਾਲ ਵਿਅਕਤੀ ਥੋੜਾ ਜਿਹਾ ਕੰਮ ਕਰਨ ਤੇ ਵੀ ਬਹੁਤ ਜਿਆਦਾ ਥਕਾਨ ਮਹਿਸੂਸ ਕਰਦਾ ਹੈ, ਲੂ ਲਗਣ ਨਾਲ ਸ਼ਰੀਰ ਤੇ ਪਿੱਤ , ਚੱਕਰ ਆਉਣੇ, ਬਹੁਤ ਪਸੀਨਾ ਆਉਣਾ ਤੇ ਥਕਾਨ ਹੋਣਾ, ਸਿਰਦਰਦ ਤੇ ਉਲਟੀਆਂ ਲਗਣੀਆਂ, ਚਮੜੀ ਦਾ ਲਾਲ ਹੋਣਾ ਤੇ ਖੁਸ਼ਕ ਹੋਣਾ,ਬੇਚੈਨੀ, ਚਿੜਚਿੜਾਪਣ,ਦਿਲ ਦੀ ਧੜਕਣ ਦਾ ਵੱਧਣਾ ਆਦਿ ਵਰਗੀਆਂ ਨਿਸ਼ਾਨੀਆਂ ਹੋ ਸਕਦੀਆਂ ਹਨ ਅਤੇ ਇਸ ਤੋਂ ਵੀ ਵੱਧ ਗੰਭੀਰ ਸਥਿਤੀ ਹੋਣ ਤੇ ਕਈ ਵਾਰੀ ਮਾਸਪੇਸ਼ੀਆ ਵਿਚ ਵੀ ਖੱਲੀਆਂ ਪੈਣਾ ,ਬੇਹੋਸ ਹੋਣਾ ਅਤੇ ਕਈ ਵਾਰੀ ਹੀਟ ਸਟਰੋਕ ਦੀ ਨੌਬਤ ਵੀ ਆ ਜਾਂਦੀ ਹੈ ਜੋ ਕਿ ਜਾਨਲੇਵਾ ਵੀ ਹੋ ਸਕਦੀ ਹੈ। ਕੱੜਕਦੀ ਧੁੱਪ ਵਿਚ ਲੇਬਰ ਦੇ ਤੌਰ ਤੇ ਕੰਮ ਕਰ ਰਹੇ ਵਿਅਕਤੀਆਂ ’ਚ ਕਈ ਵਾਰੀ ਹੀਟ ਸਟਰੋਕ ਦੀ ਪ੍ਰੇਸ਼ਾਨੀ ਆਉਂਦੀ ਹੈ,ਇਸ ਲਈ ਇਨ੍ਹਾਂ ਵੱਲ ਖਾਸ ਧਿਆਨ ਦਿੱਤਾ ਜਾਵੇ।
