ਅੰਮ੍ਰਿਤਸਰ 28 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਰੱਖੜ ਪੁੰਨਿਆ ਦਾ ਮੇਲਾ ਬਾਬਾ ਬਕਾਲਾ ਸਾਹਿਬ ਵਿਖੇ ਅੱਜ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ, ਜਿਥੇ ਧਾਰਮਿਕ ਸਮਾਗਮ ਹੋਣਗੇ। ਦੇਸ਼-ਵਿਦੇਸ਼ ਤੋਂ ਸੰਗਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਰਿਵਾਰਾਂ ਸਮੇਤ ਪਹੁੰਚ ਰਹੀਆਂ ਹਨ। ਮੇਲੇ ’ਚ ਪੁੱਜਣ ਵਾਲੀ ਸੰਗਤ ਰਾਹੀਂ ਸਿਆਸੀ ਪਾਰਟੀਆਂ ਆਪਣਾ ਪ੍ਰਚਾਰ ਕਰਨ ਲਈ ਧਾਰਮਿਕ ਮੇਲੇ ’ਚ ਸਿਆਸੀ ਕਾਨਫਰੰਸਾਂ ਕਰ ਰਹੀਆਂ ਹਨ। ਬਾਬਾ ਬਕਾਲਾ ਸਾਹਿਬ ਦੇ ਧਾਰਮਿਕ ਮੇਲੇ ’ਚ ਅੱਜ ਸਿਆਸੀ ਦੰਗਲ ਵੀ ਹੋਵੇਗਾ।

ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀਆਂ ਦੇ ਕਈ ਸੂਬਾਂ ਪ੍ਰਧਾਨਾਂ ਸਮੇਤ ਉੱਚ ਆਗੂ ਸਿਆਸੀ ਦਾਅ ਖੇਡਣਗੇ। ਇਨ੍ਹਾਂ ਸਿਆਸੀ ਕਾਨਫਰੰਸਾਂ ’ਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖ ਕੇ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਵੀ ਸਾਂਝਾ ਕੀਤਾ ਜਾਵੇਗਾ। ਹਰੇਕ ਪਾਰਟੀ ਪੰਜਾਬ ਪ੍ਰਤੀ ਆਪਣੀਆਂ ਸਿਆਸੀ ਪਿਟਾਰੀਆਂ ਵੀ ਖੋਲ੍ਹਣਗੀਆਂ, ਜਿਨ੍ਹਾਂ ’ਚ ਲੋਕ ਪੱਖੀ ਸਕੀਮਾਂ ਸ਼ਾਮਲ ਹੋਣਗੀਆਂ। ਕਈ ਤਰਾਂ ਦੇ ਵਾਅਦੇ ਤੇ ਦਾਅਵੇ ਵੀ ਕੀਤੇ ਜਾਣਗੇ।

ਸੱਤਾ ’ਚ ਮੌਜੂਦ ਤੇ ਸੱਤਾ ਭੋਗ ਚੁੱਕੀਆਂ ਪਾਰਟੀਆਂ ਆਪਣੇ ਗੁਣਗਾਨ ਵੀ ਕਰਨਗੀਆਂ। ਦੇਖਣਯੋਗ ਹੋਵੇਗਾ ਕਿ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਮਾਵਾਂ-ਭੈਣਾਂ ਸਤਿਕਾਰ ਯੋਜਨਾ ਰਾਹੀਂ ਰਾਸ਼ੀ ਭੇਜ ਕੇ ਰੱਖੜੀ ਦਾ ਸ਼ਗਣ ਭੇਜ ਕੇ ਟੂ-ਟੂ ਹੁੰਦੀ ਹੈ ਜਾਂ ਫਿਰ ਇਸ ਲਈ ਮਾਵਾਂ-ਭੈਣਾਂ ਨੂੰ ਹੋਰ ਉਡੀਕ ਕਰਨੀ ਪਵੇਗੀ।ਆਮ ਆਦਮੀ ਪਾਰਟੀ ਵੱਲੋਂ ਸੂਬਾ ਪੱਧਰੀ ਸਮਾਗਮ ਦਾਣਾ ਮੰਡੀ ਰਈਆ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ’ਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਕੈਬਨਿਟ ਮੰਤਰੀ, ਵਿਧਾਇਕ ਤੇ ਹੋਰ ਆਗੂ ਪਹੁੰਚਣਗੇ। ਕਾਂਗਰਸ ਪਾਰਟੀ ’ਚ ਚੱਲ ਰਹੇ ਕਾਟੋ-ਕਲੇਸ਼ ਦਾ ਸ਼ੀਸ਼ਾ ਵੀ ਅੱਜ ਦੀ ਕਾਨਫਰੰਸ ’ਚ ਸਾਹਮਣੇ ਆਵੇਗਾ, ਜਿਸ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸ਼ਮੂਲੀਅਤ ਦਰਜ ਕਰਾਵੇਗੀ।

ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ’ਚ ਸਾਬਕਾ ਉੱਪ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਮੌਜੂਦਾ ਸਰਕਾਰ ਨੂੰ ਘੇਰਣ ਦੀ ਕੋਸ਼ਿਸ਼ ਕਰਨਗੇ।
ਭਾਰਤੀ ਜਨਤਾ ਪਾਰਟੀ ਦੀ ਬਾਬਾ ਬਕਾਲਾ ਸਾਹਿਬ ਵਿਖੇ ਕਾਨਫਰੰਸ ਹੈ ਜਿਸ ’ਚ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਰਾਸ਼ਟਰੀ ਦਫਤਰ ਸਕੱਤਰ ਤੇ ਰਾਜ ਸਭਾ ਮੈਂਬਰ ਤਰੁਣ ਚੁੱਘ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋ ਸਮੇਤ ਆਗੂ ਪਹੁੰਚਣਗੇ। ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਕਾਨਫਰੰਸਾਂ ਲਈ ਤਿਆਰੀਆਂ ਕੱਸੀਆਂ ਗਈਆਂ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।