ਮਨੀਲਾ 17 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਫਿਲੀਪੀਨਜ਼ ਦੇ ਸਭ ਤੋਂ ਪੁਰਾਣੇ ਗੁਰਦੁਆਰੇ ਦਾ ਦੌਰਾ ਕੀਤਾ ਅਤੇ ਇਸ ਦੇ ਮੁੜ ਵਿਕਾਸ (ਰੀਡਿਵੈਲਪਮੈਂਟ) ਲਈ ਨੀਂਹ ਪੱਥਰ ਰੱਖਣ ਦੇ ਸਮਾਗਮ ਦੀ ਅਗਵਾਈ ਕੀਤੀ।
ਫਿਲੀਪੀਨਜ਼ ਦੇ ਤਿੰਨ ਦਿਨਾਂ ਦੌਰੇ ‘ਤੇ ਗਏ PM ਮੋਦੀ ਨੇ ਕਿਹਾ ਕਿ ਮਨੀਲਾ ਸਥਿਤ 100 ਸਾਲ ਤੋਂ ਵੀ ਪੁਰਾਣੇ ‘ਖਾਲਸਾ ਦੀਵਾਨ’ ਗੁਰਦੁਆਰੇ ਵਿੱਚ ਆ ਕੇ ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮਹਿਸੂਸ ਕਰ ਰਹੇ ਹਨ। ਇਸ ਮੌਕੇ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ, ਜਿਨ੍ਹਾਂ ਵਿੱਚ ਸੈਨੇਟਰ ਫ੍ਰਾਂਸਿਸ ਜੋਸਫ਼ ਐਸਕੂਡੇਰੋ ਅਤੇ ਮਨੀਲਾ ਸ਼ਹਿਰ ਦੇ ਮੇਅਰ ਫ੍ਰਾਂਸਿਸਕੋ ਇਸਕੋ ਮੋਰੇਨੋ ਵੀ ਸ਼ਾਮਲ ਸਨ।
ਵਿਦੇਸ਼ ਮੰਤਰਾਲੇ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਰਾਹੀਂ ਕਿਹਾ ਕਿ ਖਾਲਸਾ ਦੀਵਾਨ ਗੁਰਦੁਆਰਾ ਇੱਕ ਸਦੀ ਤੋਂ ਵੀ ਵੱਧ ਸਮੇਂ ਤੋਂ ਭਾਰਤ ਅਤੇ ਫਿਲੀਪੀਨਜ਼ ਵਿਚਕਾਰ ਜੀਵੰਤ ਸੱਭਿਆਚਾਰਕ ਅਤੇ ਆਪਸੀ ਮਨੁੱਖੀ ਸਬੰਧਾਂ ਦਾ ਪ੍ਰਤੀਕ ਰਿਹਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ PM ਮੋਦੀ ਨੇ ਕਿਹਾ ਸੀ ਕਿ ਇਹ ਗੁਰਦੁਆਰਾ ਅਧਿਆਤਮਿਕ ਮਹੱਤਵ ਦਾ ਇੱਕ ਅਹਿਮ ਕੇਂਦਰ ਹੈ।
ਸਿੱਖ ਭਾਈਚਾਰੇ ਨੇ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ: PM ਮੋਦੀ
PM ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਸਿੱਖ ਭਾਈਚਾਰੇ ਨੇ ਵਿਸ਼ਵ ਪੱਧਰ ‘ਤੇ ਆਪਣੀ ਵੱਖਰੀ ਪਛਾਣ ਬਣਾਈ ਹੈ। ਸਿੱਖ ਭਾਈਚਾਰਾ ਦੂਜਿਆਂ ਦੀ ਸੇਵਾ ਕਰਨ ਅਤੇ ਇੱਕ ਬਿਹਤਰ ਦੁਨੀਆ ਬਣਾਉਣ ਲਈ ਹਮੇਸ਼ਾ ਮੋਹਰੀ ਰਿਹਾ ਹੈ।
ਵਿਦੇਸ਼ ਮੰਤਰਾਲੇ ਮੁਤਾਬਕ, ਇਸ ਗੁਰਦੁਆਰੇ ਦੀ ਸਥਾਪਨਾ ਅਸਲ ਵਿੱਚ 1901 ਵਿੱਚ ਹੋਈ ਸੀ ਅਤੇ 1903 ਵਿੱਚ ਇਸ ਨੂੰ ਰਸਮੀ ਰੂਪ ਦਿੱਤਾ ਗਿਆ ਸੀ। ਸਾਲ 1924 ਵਿੱਚ ਇਸ ਨੂੰ ‘ਖਾਲਸਾ ਦੀਵਾਨ’ ਦੇ ਨਾਮ ਨਾਲ ਰਜਿਸਟਰ ਕੀਤਾ ਗਿਆ ਸੀ।
ਫਿਲੀਪੀਨਜ਼ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਹੋਣ ਦਾ ਮਾਣ
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਖਾਲਸਾ ਦੀਵਾਨ ਗੁਰਦੁਆਰੇ ਨੂੰ ਫਿਲੀਪੀਨਜ਼ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਹੋਣ ਦਾ ਵਿਸ਼ੇਸ਼ ਮਾਣ ਪ੍ਰਾਪਤ ਹੈ। ਇਹ ਗੁਰਦੁਆਰਾ ਮਨੀਲਾ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਅਤੇ ਹੋਰ ਲੋਕਾਂ ਲਈ ਅਧਿਆਤਮਿਕ, ਸੱਭਿਆਚਾਰਕ ਅਤੇ ਸਮਾਜ ਸੇਵਾ ਨਾਲ ਜੁੜੀਆਂ ਗਤੀਵਿਧੀਆਂ ਰਾਹੀਂ ਅਹਿਮ ਭੂਮਿਕਾ ਨਿਭਾ ਰਿਹਾ ਹੈ।
PM ਮੋਦੀ ਦਾ ਫਿਲੀਪੀਨਜ਼ ਦੌਰਾ
PM ਨਰਿੰਦਰ ਮੋਦੀ ਸੋਮਵਾਰ ਨੂੰ ਫਿਲੀਪੀਨਜ਼ ਪਹੁੰਚੇ ਸਨ। ਉਹ ਇੱਥੇ 23ਵੇਂ ਆਸੀਆਨ-ਭਾਰਤ ਸਿਖਰ ਸੰਮੇਲਨ ਅਤੇ 21ਵੇਂ ਪੂਰਬੀ ਏਸ਼ੀਆ ਸਿਖਰ ਸੰਮੇਲਨ ਵਿੱਚ ਹਿੱਸਾ ਲੈ ਰਹੇ ਹਨ ਇਸ ਦੌਰੇ ਦਾ ਮੁੱਖ ਉਦੇਸ਼ ਦੱਖਣ-ਪੂਰਬੀ ਏਸ਼ੀਆ ਅਤੇ ਪੂਰਬੀ ਏਸ਼ੀਆ ਦੇ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਅਤੇ ਖੇਤਰੀ ਤੇ ਵਿਸ਼ਵ ਪੱਧਰੀ ਚੁਣੌਤੀਆਂ ਬਾਰੇ ਵਿਚਾਰ-ਵਟਾਂਦਰਾ ਕਰਨਾ ਹੈ।
