ਬਿਜਨੌਰ 10 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਹਿੰਦੀ ਸਿਨੇਮਾ ਦੇ ਮਹਾਨ ਅਤੇ ਹਰਮਨਪਿਆਰੇ ਪਲੇਅਬੈਕ ਗਾਇਕ ਮੁਹੰਮਦ ਰਫ਼ੀ ਦੇ ਜਨਮ ਦਿਨ ਦੇ ਪ੍ਰੋਗਰਾਮ ‘ਚ ਮੁੰਬਈ ਗਏ ਅਧਿਆਪਕ ਨਾਲ 65 ਲੱਖ ਰੁਪਏ ਦੀ ਠੱਗੀ ਮਾਰੀ ਗਈ। ਦੋਸ਼ ਹੈ ਕਿ ਮੁਹੰਮਦ ਰਫ਼ੀ ਦੇ ਮਕਾਨ ‘ਚ ਰਹਿ ਰਹੇ ਰਿਸ਼ਤੇਦਾਰਾਂ ਨੇ 2021 ‘ਚ ਰੇਲਵੇ ‘ਚ ਨੌਕਰੀ ਅਤੇ ਕੈਂਟੀਨ ਦਾ ਠੇਕਾ ਦਿਵਾਉਣ ਦਾ ਝਾਂਸਾ ਦੇ ਕੇ ਅਧਿਆਪਕ ਨਾਲ ਇਹ ਠੱਗੀ ਕੀਤੀ ਹੈ।
ਅਧਿਆਪਕ ਮੁਹੰਮਦ ਰਫ਼ੀ ਦਾ ਵੱਡਾ ਪ੍ਰਸ਼ੰਸਕ ਹੈ। ਪੀੜਤ ਦੀ ਸ਼ਿਕਾਇਤ ‘ਤੇ ਅੱਠ ਲੋਕਾਂ ਦੇ ਖ਼ਿਲਾਫ਼ ਸ਼ਹਿਰ ਕੋਤਵਾਲੀ ’ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਵਿੱਚ ਮਸ਼ਹੂਰ ਗਾਇਕ ਮੁਹੰਮਦ ਰਫ਼ੀ ਦਾ ਦੋਹਤਾ ਅਤੇ ਦੋਹਤੇ ਦੀ ਪਤਨੀ ਸ਼ਾਮਲ ਦੱਸੀ ਜਾ ਰਹੀ ਹੈ।
ਸ਼ਹਿਰ ਦੇ ਮੋਹੱਲਾ ਕਾਜ਼ੀਪਾੜਾ ਦਾ ਰਹਿਣ ਵਾਲਾ ਮੁਜੀਬੁਰਰਹਿਮਾਨ ਪ੍ਰਾਇਮਰੀ ਸਕੂਲ ਵਿੱਚ ਸਰਕਾਰੀ ਅਧਿਆਪਕ ਹੈ। ਮੁਜੀਬੁਰਰਹਿਮਾਨ ਸੰਗੀਤ ਪ੍ਰੇਮੀ ਹੈ ਅਤੇ ਪ੍ਰਸਿੱਧ ਗਾਇਕ ਮੁਹੰਮਦ ਰਫ਼ੀ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ। ਉਹ ਹਰ ਸਾਲ 24 ਦਸੰਬਰ ਨੂੰ ਮਹਾਨ ਗਾਇਕ ਮੁਹੰਮਦ ਰਫ਼ੀ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਬਾਂਦਰਾ (ਮੁੰਬਈ) ਸਥਿਤ ਰਿਹਾਇਸ਼ ‘ਤੇ ਜਾਂਦਾ ਸੀ ਅਤੇ ਸ਼ਰਧਾਂਜਲੀ ਭੇਟ ਕਰਦਾ ਸੀ।
ਇਸ ਦੌਰਾਨ ਸਾਲ 2021 ‘ਚ ਉਸ ਦੀ ਮੁਲਾਕਾਤ ਮੁਹੰਮਦ ਰਫ਼ੀ ਦੇ ਘਰ ਰਹਿ ਰਹੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਹੋਈ। ਉਨ੍ਹਾਂ ਨਾਲ ਲਗਾਤਾਰ ਸੰਪਰਕ ਵਧਦਾ ਗਿਆ। ਰਿਸ਼ਤੇਦਾਰਾਂ ਨੇ ਮੁਜੀਬੁਰਰਹਿਮਾਨ ਨੂੰ ਝਾਂਸਾ ਦਿੱਤਾ ਕਿ ਉਨ੍ਹਾਂ ਦੇ ਰੇਲਵੇ ਵਿਭਾਗ ਵਿੱਚ ਵੱਡੇ ਅਧਿਕਾਰੀਆਂ ਨਾਲ ਸੰਪਰਕ ਹਨ। ਉਹ ਉਸ ਦੇ ਪਰਿਵਾਰ ਦੇ ਕੁਝ ਲੋਕਾਂ ਨੂੰ ਰੇਲਵੇ ਵਿੱਚ ਨੌਕਰੀ ਦਿਵਾ ਸਕਦੇ ਹਨ ਅਤੇ ਨਾਲ ਹੀ ਕੈਂਟੀਨ ਦਾ ਠੇਕਾ ਵੀ ਦਿਵਾ ਦਿੱਤਾ ਜਾਵੇਗਾ।
ਦੌਰਾਨ ਫਰਹੀਨ ਪਤਨੀ ਇਰਫਾਨ ਪਰਵੇਜ਼ ਨੇ ਉਸ ਨੂੰ ਪੂਰਾ ਭਰੋਸਾ ਦਿਵਾਇਆ। ਸਾਲ 2021 ਵਿੱਚ ਇੱਕ ਦਰਜਨ ਦੇ ਕਰੀਬ ਵੱਖ-ਵੱਖ ਖਾਤਿਆਂ ਵਿੱਚ ਲਗਪਗ 65 ਲੱਖ ਰੁਪਏ ਲੈ ਲਏ ਗਏ। ਇਸ ਤੋਂ ਬਾਅਦ ਉਹ ਉਸ ਨੂੰ ਝਾਂਸਾ ਦਿੰਦੇ ਰਹੇ। ਪੰਜ ਸਾਲਾਂ ਤੋਂ ਮੁਲਜ਼ਮ ਉਸ ਨੂੰ ਸਿਰਫ਼ ਭਰੋਸਾ ਹੀ ਦਿੰਦੇ ਰਹੇ। ਵਾਰ-ਵਾਰ ਕਹਿਣ ‘ਤੇ ਵੀ ਉਸ ਦੀ ਰਕਮ ਵਾਪਸ ਨਹੀਂ ਕੀਤੀ ਗਈ। ਹੁਣ ਪੈਸੇ ਵਾਪਸ ਮੰਗਣ ‘ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਅਧਿਆਪਕ ਦੀ ਸ਼ਿਕਾਇਤ ‘ਤੇ ਇਰਫਾਨ ਪਰਵੇਜ਼ ਅਹਿਮਦ, ਉਸ ਦੀ ਪਤਨੀ ਫਰਹੀਨ, ਬੇਟੇ ਉਬੈਦ ਅਤੇ ਇਮਾਦ ਤੋਂ ਇਲਾਵਾ ਸ਼ਹਾਨਾ ਕੁਰੈਸ਼ੀ, ਰਿਹਾਨਾ ਕੁਰੈਸ਼ੀ ਅਤੇ ਸ਼ਾਹਨਵਾਜ਼ ਕੁਰੈਸ਼ੀ ਦੇ ਖ਼ਿਲਾਫ਼ ਸ਼ਹਿਰ ਕੋਤਵਾਲੀ ਵਿੱਚ ਧੋਖਾਧੜੀ ਅਤੇ ਗਬਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਅਧਿਆਪਕ ਨੇ ਦੱਸਿਆ ਕਿ ਇਰਫਾਨ ਪਰਵੇਜ਼ ਮੁਹੰਮਦ ਰਫ਼ੀ ਦਾ ਦੋਹਤਾ ਹੈ, ਜਦੋਂ ਕਿ ਫਰਹੀਨ ਇਰਫਾਨ ਪਰਵੇਜ਼ ਦੀ ਪਤਨੀ ਹੈ। ਦੋਸ਼ ਹੈ ਕਿ ਇਹ ਪੂਰੀ ਸਾਜ਼ਿਸ਼ ਦੋਹਤੇ ਦੀ ਪਤਨੀ ਫਰਹੀਨ ਨੇ ਰਚੀ ਸੀ। ਸ਼ਹਿਰ ਦੇ ਕੋਤਵਾਲ ਅਵਨੀਤ ਮਾਨ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
