ਚੰਡੀਗੜ੍ਹ 25 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਸਾਬਕਾ ਮੁੱਖ ਮੰਤਰੀ ਅਤੇ ਕਰੀਬ ਚਾਰ ਸਾਲ ਪਹਿਲਾਂ ਭਾਜਪਾ ਵਿੱਚ ਸ਼ਾਮਿਲ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਵੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪ੍ਰਧਾਨ ਅੰਮ੍ਰਿਤਪਾਲ ਸਿੰਘ ਅਤੇ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਸਮੇਤ ਹੋਰ ਬੰਦੀਆਂ ਦੀ ਰਿਹਾਈ ਦੀ ਮੰਗ ਦਾ ਸਮਰਥਨ ਕੀਤਾ ਹੈ। ਕੈਪਟਨ ਨੇ ਕਿਹਾ ਕਿ ਅਮ੍ਰਿਤਪਾਲ ਸਿੰਘ ਨੂੰ ਜਿੰਨੀ ਦੇਰ ਜੇਲ੍ਹ ਵਿੱਚ ਰੱਖਿਆ ਜਾਵੇਗਾ ਉਨਾ ਹੀ ਉਹ ਹੋਰ ਪ੍ਰਸਿੱਧ ਹੋਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਿੱਚ ਮੁੜ ਸ਼ਾਮਿਲ ਹੋਣ ਦੀਆਂ ਖਬਰਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਪਰ ਉਹਨਾਂ ਇਹ ਗੱਲ ਕਹੀ ਕਿ ਉਹਨਾਂ ਨੂੰ ਭਾਜਪਾ ਵਿੱਚ ਸ਼ਾਮਿਲ ਹੋਣ ‘ਤੇ ਵੀ ਕੁਝ ਨਹੀਂ ਮਿਲਿਆ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਕਿਸੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਾ ਵਿਅਕਤੀ ਹਮੇਸ਼ਾ ਇਹ ਤਵੱਕੋ ਰੱਖਦਾ ਹੈ ਕਿ ਉਸ ਨਾਲ ਕਿਸੇ ਤਰ੍ਹਾਂ ਦੀ ਸਲਾਹ ਮਸ਼ਵਰਾ ਕੀਤੀ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਕੈਪਟਨ ਦਾ ਕਹਿਣਾ ਹੈ ਕਿ ਉਹਨਾਂ ਨੇ ਪੰਜਾਬ ਦੇ ਇਤਿਹਾਸ ਅਤੇ ਮੌਜੂਦਾ ਪਰਿਸਥਿਤੀਆਂ ਨੂੰ ਸਮਝਣ ਲਈ ਕਰੀਬ ਪੰਜ ਦਹਾਕੇ ਦਾ ਸਮਾਂ ਲਗਾਇਆ ਹੈ। ਪਰ ਉਹਨਾਂ ਨਾਲ ਪੰਜਾਬ ਦੇ ਮੁੱਦੇ ਨੂੰ ਲੈ ਕੇ ਕੋਈ ਸਲਾਹ ਨਹੀਂ ਕੀਤੀ ਜਾ ਰਹੀ। ਕੈਪਟਨ ਨੇ ਇਹ ਵੀ ਕਿਹਾ ਕਿ ਉਹ ਇਹ ਵੀ ਨਹੀਂ ਕਹਿੰਦੇ ਕਿ ਉਹਨਾਂ ਨੂੰ ਬਹੁਤ ਜਿਆਦਾ ਜਾਣਕਾਰੀ ਹੈ ਪਰ ਫਿਰ ਵੀ ਉਹ ਪੰਜਾਬ ਬਾਰੇ ਕਾਫੀ ਕੁਝ ਸਮਝਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਭਵਿੱਖ ਵਿੱਚ ਚੋਣ ਲੜਨ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਹੈ ਕਿ ਹੁਣ ਉਹਨਾਂ ਦੀ ਚੋਣ ਲੜਨ ਦੀ ਉਮਰ ਲੰਘ ਚੁੱਕੀ ਹੈ।
