ਨਵੀਂ ਦਿੱਲੀ 23 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਨਿਰਦੇਸ਼ਕ ਐੱਸਐੱਸ ਰਾਜਾਮੌਲੀ ਦੀ ਆਉਣ ਵਾਲੀ ਫਿਲਮ ‘ਵਾਰਾਣਸੀ’ (Varanasi Movie) ਦਾ ਐਲਾਨੀ ਵੀਡੀਓ ਜਦੋਂ ਸਾਹਮਣੇ ਆਇਆ ਤਾਂ ਇਸ ‘ਚ ਦਿਖਾਇਆ ਗਿਆ ਕਿ ਰਾਮਾਇਣ ‘ਚ ਕਾਸ਼ੀ ਸ਼ਹਿਰ ਦਾ ਕੀ ਯੋਗਦਾਨ ਸੀ। ਇਸੇ ਵਿਸ਼ੇ ਨੂੰ ਕੇਂਦਰ ‘ਚ ਰੱਖ ਕੇ ਫਿਲਮ ‘ਵਾਰਾਣਸੀ’ ਤਿਆਰ ਕੀਤੀ ਜਾ ਰਹੀ ਹੈ। ਫਿਲਮ ‘ਚ ਮਹੇਸ਼ ਬਾਬੂ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।

ਹੁਣ ਖ਼ਬਰ ਆ ਰਹੀ ਹੈ ਕਿ ‘ਵਾਰਾਣਸੀ’ ਲਈ ਐੱਸਐੱਸ ਰਾਜਾਮੌਲੀ ਨੇ ਤਕਨੀਕੀ ਪੱਧਰ ‘ਤੇ ਇਕ ਵੱਡਾ ਦਾਅ ਖੇਡਿਆ ਹੈ। ਇਸ ਮਿਥਿਹਾਸਕ-ਸਾਇੰਸ ਫਿਕਸ਼ਨ ਫਿਲਮ ਨੂੰ 18 ਵੱਖ-ਵੱਖ ਫਾਰਮੈਟਾਂ ‘ਚ ਰਿਲੀਜ਼ ਕਰਨ ਦੀ ਯੋਜਨਾ ਬਣਾਈ ਗਈ ਹੈ। ਆਖ਼ਰ ਕੀ ਹੈ ਪੂਰਾ ਮਾਮਲਾ, ਆਓ ਜਾਣਦੇ ਹਾਂ।

‘ਵਾਰਾਣਸੀ’ ਲਈ ਵੱਡੀ ਤਿਆਰੀ

‘ਬਾਹੂਬਲੀ’ ਅਤੇ ‘ਆਰਆਰਆਰ’ ਵਰਗੀਆਂ ਫਿਲਮਾਂ ਦੇ ਨਿਰਦੇਸ਼ਕ ਨੇ ਆਪਣੀਆਂ ਫਿਲਮਾਂ ‘ਚ ਕਹਾਣੀ ਅਤੇ ਕਲਾਕਾਰਾਂ ਦੇ ਨਾਲ-ਨਾਲ ਦਰਸ਼ਕਾਂ ਨੂੰ ਸਿਨੇਮਾ ‘ਚ ਆਧੁਨਿਕ ਤਕਨੀਕ ਦੀ ਵਰਤੋਂ ਵੀ ਬਾਖ਼ੂਬੀ ਦਿਖਾਈ ਹੈ। ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਵਾਰਾਣਸੀ’ ‘ਚ ਵੀ ਤਕਨੀਕ ਦੇ ਕੁਝ ਨਵੇਂ ਪਹਿਲੂ ਦੇਖਣ ਨੂੰ ਮਿਲਣਗੇ। ਇਹ IMAX 1.43:1 (ਅਨੁਪਾਤ) ਫਾਰਮੈਟ ‘ਚ ਸ਼ੂਟ ਹੋਣ ਵਾਲੀ ਪਹਿਲੀ ਭਾਰਤੀ ਫਿਲਮ ਹੈ।

ਇਸ ਦਾ ਮਤਲਬ ਹੈ ਕਿ ਫਿਲਮ ਨੂੰ ਬਹੁਤ ਉੱਚੇ ਅਤੇ ਲਗਪਗ ਵਰਗਾਕਾਰ ਫਰੇਮ ‘ਚ ਵਿਸ਼ੇਸ਼ IMAX ਕੈਮਰਿਆਂ ਨਾਲ ਫਿਲਮਾਇਆ ਗਿਆ ਹੈ। ਇਸ ਕਾਰਨ ਆਮ ਚੌੜੇ ਪਰਦੇ ਦੇ ਮੁਕਾਬਲੇ ਫਿਲਮ ਸਕ੍ਰੀਨ ਦੇ ਉੱਪਰ ਅਤੇ ਹੇਠਾਂ ਵੱਲ ਲਗਪਗ 40 ਫ਼ੀਸਦੀ ਵੱਧ ਹਿੱਸੇ ‘ਚ ਦਿਖਾਈ ਦਿੰਦੀ ਹੈ।

ਹੈਦਰਾਬਾਦ ‘ਚ ਫਿਲਮ ਦੇ ਟ੍ਰੇਲਰ ਲਾਂਚ ਦੌਰਾਨ ਵੀ ਇਸੇ ਕਾਰਨ ਤਕਨੀਕੀ ਸਮੱਸਿਆਵਾਂ ਆਈਆਂ ਸਨ। ਸਿਨੇਮਾਘਰਾਂ ‘ਚ ਦਰਸ਼ਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ, ਇਸ ਲਈ ਐੱਸਐੱਸ ਰਾਜਾਮੌਲੀ ਦੀ ਯੋਜਨਾ ਫਿਲਮ ਨੂੰ ਦੁਨੀਆ ਭਰ ‘ਚ 18 ਵੱਖ-ਵੱਖ ਫਾਰਮੈਟਾਂ ‘ਚ ਦਿਖਾਉਣ ਦੀ ਹੈ। ਕਿਉਂਕਿ ਇਸ ਫਿਲਮ ਨੂੰ ਅਗਲੇ ਸਾਲ ਰਿਲੀਜ਼ ਕਰਨ ਦੀ ਯੋਜਨਾ ਹੈ, ਇਸ ਲਈ ਹੁਣ ਫਿਲਮ ਦੇ ਪ੍ਰੋਡਕਸ਼ਨ ਨਾਲ ਜੁੜੇ ਲੋਕਾਂ ‘ਤੇ ਕੰਮ ਦਾ ਦਬਾਅ ਕਾਫ਼ੀ ਵਧ ਗਿਆ ਹੈ। ਇਸ ਐਕਸ਼ਨ-ਐਡਵੈਂਚਰ ਫਿਲਮ ਨੂੰ ਦੁਨੀਆ ਭਰ ‘ਚ IMAX 1.43:1, Dolby Vision ਅਤੇ 4DX ਸਮੇਤ 18 ਵੱਖ-ਵੱਖ ਸਿਨੇਮੈਟਿਕ ਫਾਰਮੈਟਾਂ ‘ਚ ਰਿਲੀਜ਼ ਕੀਤਾ ਜਾਵੇਗਾ।

ਕਦੋਂ ਰਿਲੀਜ਼ ਹੋਵੇਗੀ ‘ਵਾਰਾਣਸੀ’?

ਐੱਸਐੱਸ ਰਾਜਾਮੌਲੀ ਦੀ ਫਿਲਮ ‘ਵਾਰਾਣਸੀ’ ਦੀ ਚਰਚਾ ਇਸ ਗੱਲ ਕਰਕੇ ਵੀ ਹੋ ਰਹੀ ਹੈ ਕਿ ਇਸ ਫਿਲਮ ਰਾਹੀਂ ਪ੍ਰਿਯੰਕਾ ਚੋਪੜਾ ਲੰਬੇ ਸਮੇਂ ਬਾਅਦ ਭਾਰਤੀ ਸਿਨੇਮਾ ‘ਚ ਵਾਪਸੀ ਕਰ ਰਹੀ ਹੈ। ਇਸ ਤੋਂ ਇਲਾਵਾ ਫਿਲਮ ‘ਚ ਮਹੇਸ਼ ਬਾਬੂ ਮੁੱਖ ਭੂਮਿਕਾ ‘ਚ ਅਤੇ ਪ੍ਰਿਥਵੀਰਾਜ ਸੁਕੁਮਾਰਨ ਨਕਾਰਾਤਮਕ ਕਿਰਦਾਰ ‘ਚ ਨਜ਼ਰ ਆ ਸਕਦੇ ਹਨ। ਜੇਕਰ ਫਿਲਮ ਦੀ ਰਿਲੀਜ਼ ਤਾਰੀਖ਼ ਦੀ ਗੱਲ ਕਰੀਏ ਤਾਂ ‘ਵਾਰਾਣਸੀ’ ਮਾਰਚ 2027 ‘ਚ ਵੱਡੇ ਪਰਦੇ ‘ਤੇ ਰਿਲੀਜ਼ ਹੋ ਸਕਦੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।