ਨਵੀਂ ਦਿੱਲੀ 18 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਅੱਜ ਦੇ ਦੌਰ ‘ਚ ਫਿਟਨੈੱਸ ਅਤੇ ਸਿਹਤ ਨੂੰ ਲੈ ਕੇ ਲੋਕਾਂ ‘ਚ ਜਾਗਰੂਕਤਾ ਤੇਜ਼ੀ ਨਾਲ ਵਧੀ ਹੈ। ਇਸ ਦੇ ਨਾਲ ਹੀ ਪ੍ਰੋਟੀਨ ਪਾਊਡਰ ਦਾ ਰੁਝਾਨ ਵੀ ਕਾਫ਼ੀ ਵਧ ਗਿਆ ਹੈ। ਜਿਮ ਵਿਚ ਪਸੀਨਾ ਵਹਾਉਣ ਵਾਲੇ ਨੌਜਵਾਨਾਂ ਤੋਂ ਲੈ ਕੇ ਵਜ਼ਨ ਘਟਾਉਣ ਦੀ ਚਾਹਤ ਰੱਖਣ ਵਾਲੇ ਲੋਕ ਧੜੱਲੇ ਨਾਲ ਆਪਣੀ ਰੋਜ਼ਾਨਾ ਡਾਈਟ ‘ਚ ਪ੍ਰੋਟੀਨ ਸਪਲੀਮੈਂਟਸ ਸ਼ਾਮਲ ਕਰ ਰਹੇ ਹਨ।
ਅਜਿਹੇ ‘ਚ ਸਵਾਲ ਉੱਠਦਾ ਹੈ ਕਿ ਕੀ ਰੋਜ਼ਾਨਾ ਪ੍ਰੋਟੀਨ ਪਾਊਡਰ ਦਾ ਸੇਵਨ ਤੁਹਾਡੀ ਸਿਹਤ ਲਈ ਸੁਰੱਖਿਅਤ ਹੈ? ਪ੍ਰੋ. (ਡਾ.) ਵਿਸ਼ਾਲ ਸਿੰਘ (ਡਾਇਰੈਕਟਰ, ਨੇਫਰੋਲੋਜੀ, ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਵੈਸ਼ਾਲੀ) ਅਨੁਸਾਰ, ਇਸ ਸਵਾਲ ਦਾ ਕੋਈ ਸਿੱਧਾ ਜਵਾਬ ਨਹੀਂ ਹੈ। ਡਾ. ਸਿੰਘ ਦੱਸਦੇ ਹਨ ਕਿ ਰੋਜ਼ਾਨਾ ਪ੍ਰੋਟੀਨ ਲੈਣਾ ਸਹੀ ਹੈ ਜਾਂ ਗਲਤ, ਇਹ ਪੂਰੀ ਤਰ੍ਹਾਂ ਵਿਅਕਤੀ ਦੀ ਸਰੀਰਕ ਲੋੜ, ਉਮਰ, ਲਾਈਫਸਟਾਈਲ ਤੇ ਉਸ ਦੀ ਮੈਡੀਕਲ ਕੰਡੀਸ਼ਨ ‘ਤੇ ਨਿਰਭਰ ਕਰਦਾ ਹੈ।
ਪ੍ਰੋਟੀਨ ਦੀ ਲੋੜ
ਸਾਡੇ ਸਰੀਰ ਲਈ ਇੱਕ ਬੇਹੱਦ ਜ਼ਰੂਰੀ ਪੋਸ਼ਕ ਤੱਤ ਹੈ। ਇਹ ਮਾਸਪੇਸ਼ੀਆਂ ਦੀ ਮੁਰੰਮਤ, ਇਮਿਊਨ ਸਿਸਟਮ (ਰੋਗ ਪ੍ਰਤੀਰੋਧਕ ਸਮਰੱਥਾ) ਨੂੰ ਮਜ਼ਬੂਤ ਬਣਾਉਣ, ਹਾਰਮੋਨਸ ਬਣਾਉਣ ਤੇ ਸੈੱਲ ਪ੍ਰੋਡਕਸ਼ਨ (ਸੈੱਲਾਂ ਦੇ ਨਿਰਮਾਣ) ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਆਮ ਤੌਰ ‘ਤੇ ਇਕ ਸਿਹਤਮੰਦ ਵਿਅਕਤੀ ਨੂੰ ਰੋਜ਼ਾਨਾ ਉਸਦੇ ਸਰੀਰ ਦੇ ਵਜ਼ਨ ਦੇ ਪ੍ਰਤੀ ਕਿਲੋਗ੍ਰਾਮ ‘ਤੇ ਲਗਪਗ 0.8 ਤੋਂ 1 ਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਹੈ। ਹਾਲਾਂਕਿ, ਜੋ ਲੋਕ ਨਿਯਮਿਤ ਤੌਰ ‘ਤੇ ਵਰਕਆਊਟ, ਸਟ੍ਰੈਂਥ ਟ੍ਰੇਨਿੰਗ, ਸਪੋਰਟਸ ਐਕਟੀਵਿਟੀ ‘ਚ ਸ਼ਾਮਲ ਹੁੰਦੇ ਹਨ ਜਾਂ ਕਿਸੇ ਬਿਮਾਰੀ ਤੋਂ ਉੱਭਰ ਰਹੇ ਹੁੰਦੇ ਹਨ, ਉਨ੍ਹਾਂ ਨੂੰ ਜ਼ਿਆਦਾ ਮਾਤਰਾ ‘ਚ ਪ੍ਰੋਟੀਨ ਦੀ ਲੋੜ ਹੋ ਸਕਦੀ ਹੈ।
ਇਸ ਤੋਂ ਇਲਾਵਾ, ਵਧਦੀ ਉਮਰ ਦੇ ਬਜ਼ੁਰਗਾਂ ਨੂੰ ਵੀ ਮਾਸਪੇਸ਼ੀਆਂ ਦੇ ਨੁਕਸਾਨ ਅਤੇ ਕਮਜ਼ੋਰੀ ਨੂੰ ਰੋਕਣ ਲਈ ਐਕਸਟਰਾ (ਵਾਧੂ) ਪ੍ਰੋਟੀਨ ਦੀ ਲੋੜ ਹੋ ਸਕਦੀ ਹੈ। ਜੇਕਰ ਕੋਈ ਵਿਅਕਤੀ ਆਪਣੇ ਰੋਜ਼ ਦੇ ਖਾਣੇ, ਜਿਵੇਂ- ਦਾਲ, ਦੁੱਧ, ਆਂਡੇ, ਦਹੀ, ਪਨੀਰ, ਮੱਛੀ ਜਾਂ ਚਿਕਨ ਦੇ ਜ਼ਰੀਏ ਇਸ ਲੋੜ ਨੂੰ ਪੂਰਾ ਨਹੀਂ ਕਰ ਪਾਉਂਦਾ, ਤਾਂ ਉਸਦੇ ਲਈ ਪ੍ਰੋਟੀਨ ਪਾਊਡਰ ਇੱਕ ਫਾਇਦੇਮੰਦ ਸਪਲੀਮੈਂਟ ਸਾਬਤ ਹੋ ਸਕਦਾ ਹੈ।
ਜ਼ਿਆਦਾ ਵਰਤੋਂ ਦੇ ਨੁਕਸਾਨ ਤੇ ਸਾਵਧਾਨੀਆਂ
ਭਾਵੇਂ ਪ੍ਰੋਟੀਨ ਜ਼ਰੂਰੀ ਹੈ, ਪਰ ਬਹੁਤ ਜ਼ਿਆਦਾ ਮਾਤਰਾ ‘ਚ ਇਸਦੀ ਵਰਤੋਂ ਫਾਇਦੇਮੰਦ ਨਹੀਂ ਹੁੰਦੀ। ਕਈ ਲੋਕ ਜਲਦ ਤੋਂ ਜਲਦ ਬਾਡੀ ਬਣਾਉਣ ਜਾਂ ਤੇਜ਼ੀ ਨਾਲ ਵਜ਼ਨ ਘਟਾਉਣ ਦੇ ਚੱਕਰ ‘ਚ ਭਾਰੀ ਮਾਤਰਾ ‘ਚ ਪ੍ਰੋਟੀਨ ਪਾਊਡਰ ਲੈਣਾ ਸ਼ੁਰੂ ਕਰ ਦਿੰਦੇ ਹਨ। ਅਜਿਹਾ ਕਰਨਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਜ਼ਿਆਦਾ ਪ੍ਰੋਟੀਨ ਪਾਊਡਰ ਲੈਣ ਨਾਲ ਪੇਟ ਫੁੱਲਣ, ਕਬਜ਼, ਐਸਿਡਿਟੀ ਅਤੇ ਡੀਹਾਈਡ੍ਰੇਸ਼ਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਕੁਝ ਮਾਮਲਿਆਂ ‘ਚ ਇਹ ਕਿਡਨੀ (ਗੁਰਦਿਆਂ) ‘ਤੇ ਦਬਾਅ ਵੀ ਪਾ ਸਕਦਾ ਹੈ, ਖਾਸ ਕਰਕੇ ਉਨ੍ਹਾਂ ਲੋਕਾਂ ‘ਚ ਜੋ ਪਹਿਲਾਂ ਤੋਂ ਹੀ ਕਿਡਨੀ ਨਾਲ ਜੁੜੀਆਂ ਬਿਮਾਰੀਆਂ ਤੋਂ ਪੀੜਤ ਹਨ। ਇਕ ਹੋਰ ਜ਼ਰੂਰੀ ਗੱਲ ਇਹ ਹੈ ਕਿ ਬਾਜ਼ਾਰ ‘ਚ ਮਿਲਣ ਵਾਲੇ ਸਾਰੇ ਪ੍ਰੋਟੀਨ ਪਾਊਡਰ ਸੁਰੱਖਿਅਤ ਜਾਂ ਚੰਗੀ ਕੁਆਲਿਟੀ ਦੇ ਨਹੀਂ ਹੁੰਦੇ। ਕੁਝ ਪ੍ਰੋਡਕਟਸ ‘ਚ ਭਾਰੀ ਮਾਤਰਾ ‘ਚ ਐਡਿਡ ਸ਼ੂਗਰ ਜਾਂ ਆਰਟੀਫੀਸ਼ੀਅਲ ਫਲੇਵਰ ਮਿਲੇ ਹੋ ਸਕਦੇ ਹਨ। ਇਸ ਲਈ, ਕਿਸੇ ਵੀ ਸਪਲੀਮੈਂਟ ਨੂੰ ਚੁਣਨ ਤੋਂ ਪਹਿਲਾਂ ਡਾਕਟਰ ਜਾਂ ਨਿਊਟ੍ਰੀਸ਼ਨ ਮਾਹਰ ਦੀ ਸਲਾਹ ਲੈਣੀ ਬੇਹੱਦ ਜ਼ਰੂਰੀ ਹੈ।
ਫਿਟਨੈੱਸ ਦਾ ਕੋਈ ਸ਼ਾਰਟਕੱਟ ਨਹੀਂ
ਡਾਕਟਰ ਇਸ ਗੱਲ ‘ਤੇ ਵੀ ਜ਼ੋਰ ਦਿੰਦੇ ਹਨ ਕਿ ਪ੍ਰੋਟੀਨ ਪਾਊਡਰ ਫਿਟਨੈੱਸ ਦਾ ਕੋਈ ਸ਼ਾਰਟਕੱਟ ਨਹੀਂ ਹੈ। ਇਸਦਾ ਫਾਇਦਾ ਸਰੀਰ ਨੂੰ ਉਦੋਂ ਹੀ ਮਿਲਦਾ ਹੈ ਜਦੋਂ ਇਸਨੂੰ ਇਕ ਸਹੀ ਡਾਈਟ, ਭਰਪੂਰ ਮਾਤਰਾ ਵਿੱਚ ਪਾਣੀ, ਨਿਯਮਤ ਕਸਰਤ ਤੇ ਚੰਗੀ ਨੀਂਦ ਨਾਲ ਜੋੜਿਆ ਜਾਵੇ।
