20 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਅਲ ਜਜ਼ੀਰਾ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਇਰਾਨ ਨੇ ਉਨ੍ਹਾਂ ਸਾਰੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਉਹ ਸ਼ਾਂਤੀ ਵਾਰਤਾ ਦੇ ਦੂਜੇ ਗੇੜ ਵਿੱਚ ਸ਼ਾਮਲ ਹੋਣ ਲਈ ਸਹਿਮਤ ਹੈ, ਜਦਕਿ ਅਮਰੀਕਾ ਨੇ ਕਿਹਾ ਹੈ ਕਿ ਇਹ ਗੱਲਬਾਤ ਭਲਕੇ ਮੰਗਲਵਾਰ ਨੂੰ ਹੋਣੀ ਤੈਅ ਹੈ।
ਅਲ ਜਜ਼ੀਰਾ ਨੇ ਆਈ ਆਰ ਐੱਨ ਏ (IRNA) ਨਿਊਜ਼ ਏਜੰਸੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਇਰਾਨ ਨੇ ਅਮਰੀਕਾ ਦੀਆਂ ਨਾਜਾਇਜ਼ ਮੰਗਾਂ, ਗੈਰ-ਵਾਜਬ ਉਮੀਦਾਂ ਅਤੇ ਵਾਰ-ਵਾਰ ਬਦਲਦੇ ਰੁਖ ਦੀ ਸਖ਼ਤ ਨਿਖੇਧੀ ਕੀਤੀ ਹੈ। ਇਰਾਨ ਨੇ ਅਮਰੀਕਾ ਵੱਲੋਂ ਜਾਰੀ ਸਮੁੰਦਰੀ ਘੇਰਾਬੰਦੀ ਦੀ ਵੀ ਆਲੋਚਨਾ ਕੀਤੀ ਹੈ। ਇਰਾਨ ਮੁਤਾਬਕ ਇਹ ਘੇਰਾਬੰਦੀ ਜੰਗਬੰਦੀ ਦੇ ਸਮਝੌਤੇ ਦੀ ਸਿੱਧੀ ਉਲੰਘਣਾ ਹੈ।
ਇਰਾਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸਲਾਮਾਬਾਦ ਵਿੱਚ ਹੋਣ ਵਾਲੀ ਦੂਜੇ ਗੇੜ ਦੀ ਗੱਲਬਾਤ ਬਾਰੇ ਛਪੀਆਂ ਖ਼ਬਰਾਂ ਸੱਚੀਆਂ ਨਹੀਂ ਹਨ। ਇਸ ਦੇ ਨਾਲ ਹੀ ਇਰਾਨ ਨੇ ਦੋਸ਼ ਲਾਇਆ ਕਿ ਅਮਰੀਕਾ ਵੱਲੋਂ ਫੈਲਾਈਆਂ ਜਾ ਰਹੀਆਂ ਇਹ ਖ਼ਬਰਾਂ ਮਹਿਜ਼ ਇੱਕ ‘ਮੀਡੀਆ ਗੇਮ’ ਹਨ ਅਤੇ ਉਸ ਉੱਤੇ ਦਬਾਅ ਪਾਉਣ ਲਈ ‘ਦੋਸ਼ ਲਗਾਉਣ ਦੀ ਖੇਡ’ (Blame Game) ਦਾ ਹਿੱਸਾ ਹਨ।
ਉੱਥੇ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਐਤਵਾਰ ਨੂੰ ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਨੂੰ ਲੈ ਕੇ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਟੈਲੀਫ਼ੋਨ ‘ਤੇ ਗੱਲਬਾਤ ਕੀਤੀ, ਜਿਸ ਦੀ ਜਾਣਕਾਰੀ ਸ਼ਰੀਫ਼ ਨੇ ਐਕਸ ‘ਤੇ ਇੱਕ ਪੋਸਟ ਰਾਹੀਂ ਦਿੱਤੀ।ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਸਾਊਦੀ ਅਰਬ, ਕਤਰ ਅਤੇ ਤੁਰਕੀ ਦੇ ਆਗੂਆਂ ਨਾਲ ਹਾਲ ਹੀ ਵਿੱਚ ਹੋਈ ਆਪਣੀ ਗੱਲਬਾਤ ਦੇ ਵੇਰਵੇ ਸਾਂਝੇ ਕੀਤੇ ਹਨ।
ਦੂਜੇ ਪਾਸੇ ਅਲ ਜਜ਼ੀਰਾ ਦੀ ਰਿਪੋਰਟ ਅਨੁਸਾਰ ਅਮਰੀਕੀ ਊਰਜਾ ਸਕੱਤਰ ਕ੍ਰਿਸ ਰਾਈਟ ਨੇ ਚੱਲ ਰਹੀਆਂ ਕੂਟਨੀਤਕ ਕੋਸ਼ਿਸ਼ਾਂ ‘ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਸਮਝੌਤੇ ਤੋਂ ਬਹੁਤਾ ਦੂਰ ਨਹੀਂ ਹੈ, ਯਾਨੀ ਜਲਦ ਹੀ ਕੋਈ ਸਹਿਮਤੀ ਬਣ ਸਕਦੀ ਹੈ।
