ਸ੍ਰੀ ਅਨੰਦਪੁਰ ਸਾਹਿਬ 21 ਫਰਵਰੀ ( ਪੰਜਾਬੀ ਖ਼ਬਰਨਾਮਾ)
ਹੋਲਾ ਮਹੱਲਾ 2024 ਇਸ ਵਾਰ ਸਿੰਗਲਯੂਜ ਪਲਾਸਟਿਕ ਮੁਕਤ ਮਨਾਇਆ ਜਾਵੇਗਾ, ਸ਼ਰਧਾਲੂਆਂ ਦੀ ਸਹੂਲਤ ਅਤੇ ਸੁਰੱਖਿਆਂ ਲਈ ਢੁਕਵੇ ਪ੍ਰਬ਼ੰਧ ਕੀਤੇ ਜਾਣਗੇ, ਇਸ ਦੀਆਂ ਅਗਾਓ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰੀਤੀ ਯਾਦਵ ਆਈ.ਏ.ਐਸ ਨੇ ਅੱਜ ਸਥਾਨਕ ਕਿਸਾਨ ਹਵੇਲੀ ਵਿੱਚ ਹੋਲਾ ਮਹੱਲਾ 2024 ਲਈ ਕੀਤੇ ਜਾਣ ਵਾਲੇ ਅਗਾਓ ਪ੍ਰਬੰਧਾਂ ਬਾਰੇ ਵੱਖ ਵੱਖ ਵਿਭਾਗਾ ਦੇ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕਰਨ ਮੌਕੇ ਕੀਤਾ। ਉਨ੍ਹਾਂ ਦੇ ਨਾਲ ਸੀਨੀਅਰ ਪੁਲਿਸ ਕਪਤਾਨ ਗੁਲਨੀਤ ਸਿੰਘ ਖੁਰਾਨਾ ਆਈ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਮੇਲਾ ਅਫਸਰ ਹਰਜੋਤ ਕੌਰ ਪੀ.ਸੀ.ਐਸ ਉਪ ਮੰਡਲ ਮੈਜਿਸਟ੍ਰੇਟ, ਅਨਮਜੋਤ ਕੌਰ ਪੀ.ਸੀ.ਐਸ ਉਪ ਮੰਡਲ ਮੈਜਿਸਟ੍ਰੇਟ ਨੰਗਲ, ਸੁਖਪਾਲ ਸਿੰਘ ਪੀ.ਸੀ.ਐਸ ਉਪ ਮੰਡਲ ਮੈਜਿਸਟ੍ਰੇਟ ਮੋਰਿੰਡਾ, ਰਾਜਪਾਲ ਸਿੰਘ ਹੁੰਦਲ ਐਸ.ਪੀ ਹੈਡ ਕੁਆਰਟਰ, ਅਜੇ ਸਿੰਘ ਡੀ.ਐਸ.ਪੀ ਵੀ ਮੋਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੋਲਾ ਮਹੱਲਾ 21 ਤੋ 23 ਮਾਰਚ ਤੱਕ ਕੀਰਤਪੁਰ ਸਾਹਿਬ ਵਿੱਚ ਅਤੇ 24 ਤੋ 26 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿੱਚ ਮਨਾਇਆ ਜਾਵੇਗਾ। ਮੇਲਾ ਅਫਸਰ ਹਰਜੋਤ ਕੌਰ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ ਹੋਣਗੇ। ਮੇਲੇ ਦੌਰਾਨ ਸੜਕਾਂ ਦੀ ਮੁਰੰਮਤ, ਸਟਰੀਟ ਲਾਈਟਾਂ ਨੂੰ 100 ਪ੍ਰਤੀਸ਼ਤ ਕਾਰਜਸ਼ੀਲ ਕਰਨਾ, ਸਫਾਈ, ਪਖਾਨੇ, ਪੀਣ ਵਾਲਾ ਪਾਣੀ, ਸਿਹਤ ਸਹੂਲਤਾਂ, ਪਸ਼ੂ ਡਿਸਪੈਂਸਰੀਆਂ, ਟ੍ਰੈਫਿਕ ਮੈਨੇਜਮੈਂਟ, ਨਿਰਵਿਘਨ ਆਵਾਜਾਈ ਦੇ ਢੁਕਵੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਨੇ ਅਧਿਕਾਰੀਆ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਵਿਭਾਗਾ ਨਾਲ ਸਬੰਧਿਤ ਕੰਮਾ ਨੂੰ ਸਮਾ ਰਹਿੰਦੇ ਮੁਕੰਮਲ ਕਰ ਲੈਣ ਤਾ ਜੋ ਮੇਲੇ ਦੌਰਾਨ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਾਹਨਾ ਦੀ ਪਾਰਕਿੰਗ ਅਤੇ ਪਾਰਕਿੰਗ ਵਾਲੇ ਸਥਾਨ ਤੇ ਰੋਸ਼ਨੀ, ਪਖਾਨੇ ਅਤੇ ਸ਼ਰਧਾਲੂਆ ਲਈ ਪਾਰਕਿੰਗ ਸਥਾਨਾ ਤੋ ਗੁਰੂਧਾਮਾਂ ਦੇ ਦਰਸ਼ਨਾ ਤੱਕ ਟ੍ਰੈਫਿਕ ਵਿਵਸਥਾ ਪ੍ਰਸਾਸ਼ਨ ਵੱਲੋਂ ਕੀਤੀ ਜਾਵੇਗੀ, ਮੁਫਤ ਸਟਲ ਬੱਸ ਸਰਵਿਸ, ਬਦਲਵੇ ਰੂਟ ਪ੍ਰਬੰਧ ਕੀਤੇ ਜਾਣਗੇ, ਇਸ ਦੇ ਲਈ ਵਿਆਪਕ ਯੋਜਨਾ ਉਲੀਕੀ ਗਈ ਹੈ। ਉਨ੍ਹਾ ਨੇ ਕਿਹਾ ਕਿ ਵਿਰਾਸਤ ਏ ਖਾਲਸਾ ਵਿਚ ਵੀ ਵਿਸੇਸ਼ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਮੇਲਾ ਖੇਤਰ ਨੂੰ ਸੈਕਟਰਾ ਵਿੱਚ ਵੰਡ ਕੇ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੇ ਅਧਿਕਾਰੀ ਤੈਨਾਤ ਹੋਣਗੇ, ਸਾਝਾ ਕੰਟਰੋਲ ਰੂਮ ਪੁਲਿਸ ਥਾਨਾ ਸ੍ਰੀ ਅਨੰਦਪੁਰ ਸਾਹਿਬ ਵਿਚ 24/7 ਕਾਰਜਸ਼ੀਲ ਰਹੇਗਾ, ਸ਼ਰਧਾਲੂਆਂ ਨੂੰ ਜਾਣਕਾਰੀ ਦੇਣ ਲਈ ਵਿਸੇਸ਼ ਹੈਲਪ ਡੈਸਕ ਸਥਾਪਿਤ ਹੋਣਗੇ।
ਐਸ.ਐਸ.ਪੀ ਗੁਲਨੀਤ ਸਿੰਘ ਖੁਰਾਨਾ ਆਈ.ਪੀ.ਐਸ ਨੇ ਦੱਸਿਆ ਕਿ ਮੇਲਾ ਖੇਤਰ ਨੂੰ ਸੀ.ਸੀ.ਟੀ.ਵੀ ਕੈਮਰੇ ਲਗਾ ਕੇ ਹਰ ਖੇਤਰ ਦੀ ਨਿਗਰਾਨੀ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਗੈਰ ਸਮਾਜੀ ਅਨਸਰਾਂ ਨੂੰ ਮੇਲਾ ਖੇਤਰ ਵਿੱਚ ਦਾਖਲ ਹੋਣ ਤੋਂ ਰੋਕਣ ਅਤੇ ਸ਼ਰਧਾਲੂਆਂ ਦੀ ਸੁਰੱਖਿਆਂ ਲਈ ਲੋੜੀਦੀ ਸੁਰੱਖਿਆਂ ਫੋਰਸ ਤੈਨਾਤ ਕੀਤੀ ਜਾਵੇਗੀ, ਪੁਲਿਸ ਵਿਭਾਗ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਸ਼ਰਧਾਲੂਆਂ ਨੂੰ ਲੋੜੀਦੀ ਸਹਾਇਤਾ ਅਤੇ ਜਾਣਕਾਰੀ ਵੀ ਉਪਲੱਬਧ ਕਰਵਾਈ ਜਾਵੇਗੀ। ਹੋਲਾ ਮਹੱਲਾ ਪੂਰੇ ਅਮਨ ਅਮਾਨ ਨਾਲ ਮੁਕੰਮਲ ਹੋਵੇਗਾ, ਇਸ ਲਈ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਮੇਲਾ ਪ੍ਰਬੰਧ ਸੁਰੂ ਕੀਤੇ ਗਏ ਹਨ।
ਇਸ ਮੌਕੇ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਅਮਰਿੰਦਰਪਾਲ ਸਿੰਘ, ਰਾਜੇਸ਼ ਸ਼ਰਮਾ ਐਸ.ਡੀ.ਓ ਵਿਰਾਸਤ ਏ ਖਾਲਸਾ, ਸਤੀਸ਼ ਕੁਮਾਰ ਡੀ.ਐਸ.ਪੀ ਨੰਗਲ, ਅਵਤਾਰ ਸਿੰਘ ਕਾਰਜਕਾਰੀ ਇੰਜੀਨਿਅਰ,ਦਵਿੰਦਰ ਕੁਮਾਰ ਕਾਰਜਕਾਰੀ ਇੰਜੀਨਿਅਰ, ਹਰਸ਼ਾਤ ਕੁਮਾਰ ਕਾਰਜਕਾਰੀ ਇੰ.ਮਾਈਨਿੰਗ,ਹਰਜੀਤਪਾਲ ਸਿੰਘ ਕਾਰਜਕਾਰੀ ਇੰਜਨਿਅਰ, ਵਿਵੇਕ ਦੁਰੇਜਾ ਐਸ.ਡੀ.ਓ, ਹਰਬਖਸ਼ ਸਿੰਘ ਕਾਰਜ ਸਾਧਕ ਅਫਸਰ ਸ੍ਰੀ ਅਨੰਦਪੁਰ ਸਾਹਿਬ, ਰਵਨੀਤ ਸਿੰਘ ਕਾਰਜ ਸਾਧਕ ਅਫਸਰ ਨੰਗਲ, ਐਸ.ਐਸ.ਓ ਹਿੰਮਤ ਸਿੰਘ ਤੇ ਹਰਕੀਰਤ ਸਿੰਘ ਹਾਜ਼ਰ ਸਨ।