ਨਵੀਂ ਦਿੱਲੀ 15 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਲਗਾਤਾਰ ਸਿਲੈਕਟਰਾਂ ਵੱਲੋਂ ਨਜ਼ਰਅੰਦਾਜ਼ ਕੀਤੇ ਜਾ ਰਹੇ ਭਾਰਤ ਦੇ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਨੇ ਇੰਗਲੈਂਡ ਜਾਣ ਦਾ ਫੈਸਲਾ ਕੀਤਾ ਹੈ। ਉਹ ਇੰਗਲੈਂਡ ’ਚ ਕਾਊਂਟੀ ਚੈਂਪੀਅਨਸ਼ਿਪ ’ਚ ਹਿੱਸਾ ਲੈਣਗੇ। 32 ਸਾਲਾ ਇਸ ਗੇਂਦਬਾਜ਼ ਨੂੰ ਨਾਟਿੰਘਮਸ਼ਾਇਰ ਨੇ ਆਪਣੀ ਟੀਮ ’ਚ ਸ਼ਾਮਲ ਕੀਤਾ ਹੈ।
ਮੁਕੇਸ਼ ਤੋਂ ਪਹਿਲਾਂ ਕਈ ਹੋਰ ਭਾਰਤੀ ਖਿਡਾਰੀ ਵੀ ਇਸ ਸਮੇਂ ਕਾਊਂਟੀ ਚੈਂਪੀਅਨਸ਼ਿਪ ਖੇਡ ਰਹੇ ਹਨ, ਜਿਨ੍ਹਾਂ ’ਚ ਯੁਜਵੇਂਦਰ ਚਹਲ, ਕੁਲਦੀਪ ਯਾਦਵ ਤੇ ਮਾਨਵ ਸੁਥਾਰ ਵਰਗੇ ਨਾਮ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਟੀ20 ਸੀਰੀਜ਼ ’ਚ ਨਹੀਂ ਚੁਣਿਆ ਗਿਆ ਹੈ ਤੇ ਅਜਿਹੇ ’ਚ ਇਹ ਸਾਰੇ ਆਪਣੇ ਲਾਲ ਗੇਂਦ ਵਾਲੇ ਖੇਡ ਨੂੰ ਨਿਖਾਰਨ ਲਈ ਇੰਗਲੈਂਡ ’ਚ ਜ਼ੋਰ ਅਜ਼ਮਾਇਸ਼ ਕਰ ਰਹੇ ਹਨ।
ਮੁਕੇਸ਼ ਹਨ ਖੁਸ਼
ਕਾਊਂਟੀ ਕ੍ਰਿਕਟ ਖੇਡਣ ਲਈ ਮੁਕੇਸ਼ ਕਾਫੀ ਉਤਸ਼ਾਹਿਤ ਹਨ। ਉਹ ਜਾਣਦੇ ਹਨ ਕਿ ਤੇਜ਼ ਗੇਂਦਬਾਜ਼ਾਂ ਲਈ ਇੰਗਲੈਂਡ ਕਾਫੀ ਅਨੁਕੂਲ ਜਗ੍ਹਾ ਹੈ, ਜਿੱਥੇ ਉਹ ਆਪਣੇ ਖੇਡ ਨੂੰ ਹੋਰ ਬਿਹਤਰ ਕਰ ਸਕਦੇ ਹਨ। ਇੱਕ ਬਿਆਨ ’ਚ ਮੁਕੇਸ਼ ਨੇ ਕਿਹਾ, “ਸੀਜ਼ਨ ਦੇ ਇਸ ਅਹਿਮ ਸਮੇਂ ‘ਤੇ ਨਾਟਿੰਘਮਸ਼ਾਇਰ ਨਾਲ ਕਰਾਰ ਕਰਕੇ ਮੈਂ ਕਾਫੀ ਖੁਸ਼ ਹਾਂ। ਮੈਂ ਇੰਗਲੈਂਡ ਪਹੁੰਚਣ ਤੇ ਕਾਊਂਟੀ ਕ੍ਰਿਕਟ ’ਚ ਆਪਣੇ ਆਪ ਨੂੰ ਪਰਖਣ ਲਈ ਤਿਆਰ ਹਾਂ।”
ਉਨ੍ਹਾਂ ਨੇ ਕਿਹਾ, “ਮੈਂ ਜਿੰਨਾ ਹੋ ਸਕੇ ਓਨਾ ਯੋਗਦਾਨ ਦੇਣਾ ਚਾਹੁੰਦਾ ਹਾਂ। ਮੇਰੀ ਕੋਸ਼ਿਸ਼ ਨਾਟਿੰਘਮਸ਼ਾਇਰ ਨੂੰ ਸਫਲਤਾ ਦਿਵਾਉਣ ਦੀ ਹੋਵੇਗੀ। ਮੈਂ ਨਵੇਂ ਕੋਚਾਂ ਤੇ ਟੀਮ ਦੇ ਸਾਥੀਆਂ ਨਾਲ ਖੇਡਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ।”
ਕੀ ਖੁੱਲ੍ਹਣਗੇ ਟੀਮ ਇੰਡੀਆ ਦੇ ਦਰਵਾਜ਼ੇ?
ਮੁਕੇਸ਼ ਨੇ ਭਾਰਤ ਲਈ ਆਪਣਾ ਆਖਰੀ ਮੈਚ ਜੁਲਾਈ 2024 ’ਚ ਜ਼ਿੰਬਾਬਵੇ ਖ਼ਿਲਾਫ਼ ਟੀ20 ਮੈਚ ਦੇ ਰੂਪ ’ਚ ਖੇਡਿਆ ਸੀ। ਉਸ ਤੋਂ ਬਾਅਦ ਉਹ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ। ਉਨ੍ਹਾਂ ਨੇ ਹੁਣ ਤੱਕ ਭਾਰਤ ਲਈ ਤਿੰਨ ਟੈਸਟ, ਛੇ ਵਨਡੇ ਤੇ 17 ਟੀ20 ਮੈਚ ਖੇਡੇ ਹਨ। ਟੈਸਟ ’ਚ ਉਨ੍ਹਾਂ ਨੇ ਸੱਤ, ਵਨਡੇ ’ਚ ਪੰਜ ਤੇ ਟੀ20 ’ਚ 20 ਵਿਕਟਾਂ ਹਾਸਲ ਕੀਤੀਆਂ ਹਨ।ਮੁਕੇਸ਼ ਦੀ ਕੋਸ਼ਿਸ਼ ਹੋਵੇਗੀ ਕਿ ਉਹ ਇੰਗਲੈਂਡ ’ਚ ਆਪਣੀ ਗੇਂਦਬਾਜ਼ੀ ਨਾਲ ਸਿਲੈਕਸ਼ਨ ਕਮੇਟੀ ਨੂੰ ਪ੍ਰਭਾਵਿਤ ਕਰਨ ਤੇ ਟੀਮ ਇੰਡੀਆ ਲਈ ਬੰਦ ਪਏ ਦਰਵਾਜ਼ੇ ਮੁੜ ਖੋਲ੍ਹਣ।
