22 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਨੂੰ ਇੱਕ ਸਾਲ ਪੂਰਾ ਹੋਣ ‘ਤੇ ਯੂਰਪੀ ਸੰਘ (EU) ਅਤੇ ਇਸ ਦੇ 27 ਮੈਂਬਰ ਦੇਸ਼ਾਂ ਨੇ ਬੁੱਧਵਾਰ ਨੂੰ ਭਾਰਤ ਨਾਲ ਆਪਣੀ ਇਕਜੁੱਟਤਾ ਦੁਹਰਾਈ। ਉਨ੍ਹਾਂ ਨੇ ਇਸ ਹਮਲੇ ਵਿੱਚ ਜਾਨ ਗਵਾਉਣ ਵਾਲਿਆਂ ਨੂੰ ਯਾਦ ਕੀਤਾ ਅਤੇ ਦਹਿਸ਼ਤਗਰਦੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।

ਹਮਲੇ ਦੀ ਬਰਸੀ ‘ਤੇ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ, ਯੂਰਪੀ ਸੰਘ ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਨੂੰ ਯਾਦ ਕਰਦਿਆਂ ਭਾਰਤ ਦੇ ਨਾਲ ਖੜ੍ਹਾ ਹੈ, ਜਿਨ੍ਹਾਂ ਨੇ ਇਸ ਭਿਆਨਕ ਹਮਲੇ ਵਿੱਚ ਆਪਣੀ ਜਾਨ ਗਵਾਈ ਸੀ। ਸੰਘ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਅਤੇ ਉਨ੍ਹਾਂ ਨੂੰ ਸਨਮਾਨ ਦਿੰਦੇ ਹੋਏ ਦੁਹਰਾਇਆ ਕਿ ਅਤਿਵਾਦ ਆਪਣੇ ਕਿਸੇ ਵੀ ਰੂਪ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਅਤੇ ਇਸ ਦੀ ਸਪਸ਼ਟ ਰੂਪ ਵਿੱਚ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ।

ਦੱਸਣਯੋਗ ਹੈ ਕਿ 22 ਅਪਰੈਲ 2025 ਨੂੰ ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿੱਚ ਦਹਿਸ਼ਤਗਰਦਾਂ ਨੇ ਧਰਮ ਦੇ ਆਧਾਰ ‘ਤੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ, ਜਿਸ ਵਿੱਚ 25 ਸੈਲਾਨੀਆਂ ਸਮੇਤ ਘੱਟੋ-ਘੱਟ 26 ਲੋਕ ਮਾਰੇ ਗਏ ਸਨ ਅਤੇ 12 ਹੋਰ ਜ਼ਖਮੀ ਹੋਏ ਸਨ। ਇਹ ਹਮਲਾ ਪਾਕਿਸਤਾਨ ਸਥਿਤ ਸਮੂਹਾਂ ਨਾਲ ਜੁੜੇ ਕਈ ਦਹਿਸ਼ਤਗਰਦਾਂ ਵੱਲੋਂ ਕੀਤਾ ਗਿਆ ਸੀ।

ਇਸ ਹਮਲੇ ਦੇ ਬਦਲੇ ਵਜੋਂ, ਭਾਰਤ ਨੇ 7 ਮਈ ਦੀ ਸਵੇਰ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਵਿੱਚ ਅਤਿਵਾਦੀ ਢਾਂਚਿਆਂ ‘ਤੇ ਹਮਲਾ ਕੀਤਾ ਸੀ। ਅਧਿਕਾਰੀਆਂ ਨੇ ਇਸ ਕਾਰਵਾਈ ਨੂੰ ਸਹੀ ਅਤੇ ਦਹਿਸ਼ਤਗਰਦਾਂ ਉੱਤੇ ਕੇਂਦਰਿਤ ਦੱਸਿਆ ਸੀ, ਜਿਸ ਵਿੱਚ ਸਰਹੱਦ ਪਾਰੋਂ ਅੱਤਵਾਦ ਫੈਲਾਉਣ ਵਾਲੇ 9 ਟਿਕਾਣਿਆਂ ਨੂੰ ਖ਼ਤਮ ਕਰ ਦਿੱਤਾ ਗਿਆ ਸੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।