ਸਾਹਿਬਜ਼ਾਦਾ ਅਜੀਤ ਸਿੰਘ ਨਗਰ, 29 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) :
ਜ਼ਿਲ੍ਹੇ ਦੇ ਨੌਜਵਾਨਾਂ ਵਿੱਚ ਵੋਟਰ ਜਾਗਰੂਕਤਾ ਪੈਦਾ ਕਰਨ ਅਤੇ ਯੋਗ ਨੌਜਵਾਨਾਂ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨ ਦੇ ਉਦੇਸ਼ ਨਾਲ ਜ਼ਿਲ੍ਹੇ ਦੀਆਂ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ ਦੇ ਈ.ਐਲ.ਸੀ (ਚੋਣ ਸਾਖਰਤਾ ਕਲੱਬ) ਦੇ ਨੋਡਲ ਅਫਸਰਾਂ ਦੀ ਮੀਟਿੰਗ ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਗੀਤਿਕਾ ਸਿੰਘ ਦੀ ਅਗਵਾਈ ਹੇਠ ਹੋਈ।
ਮੀਟਿੰਗ ਵਿੱਚ ਜ਼ਿਲ੍ਹੇ ਦੇ ਸਮੂਹ ਸਰਕਾਰੀ, ਸੀ.ਬੀ.ਐਸ.ਈ., ਆਈ.ਸੀ.ਐਸ.ਈ. ਜਵਾਹਰ ਨਵੋਦਿਆ ਵਿਦਿਆਲਿਆ ਅਤੇ ਕੇਂਦਰੀ ਵਿਦਿਆਲਿਆ ਸਮੇਤ ਵੱਖ-ਵੱਖ ਸਕੂਲਾਂ ਦੇ ਈ.ਐਲ.ਸੀ (ਚੋਣ ਸਾਖਰਤਾ ਕਲੱਬ) ਨੋਡਲ ਅਫਸਰਾਂ ਤੋਂ ਇਲਾਵਾ ਸਮੂਹ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਨੋਡਲ ਅਫਸਰਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਗੀਤਿਕਾ ਸਿੰਘ ਨੇ ਕਿਹਾ ਕਿ ਨੌਜਵਾਨਾਂ ਵਿੱਚ ਵੋਟਰ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਮਜ਼ਬੂਤ ਲੋਕਤੰਤਰ ਦਾ ਸਰਗਰਮ ਹਿੱਸਾ ਬਣਾਉਣ ਲਈ ਈ.ਐਲ.ਸੀ (ਚੋਣ ਸਾਖਰਤਾ ਕਲੱਬ) ਕਲੱਬਾਂ ਨੂੰ ਹੋਰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਈ.ਐਲ.ਸੀ (ਚੋਣ ਸਾਖਰਤਾ ਕਲੱਬ) ਕਲੱਬ ਵਿਦਿਆਰਥੀਆਂ ਨੂੰ ਚੋਣ ਪ੍ਰਕਿਰਿਆ, ਵੋਟ ਦੇ ਅਧਿਕਾਰ ਅਤੇ ਜ਼ਿੰਮੇਵਾਰ ਨਾਗਰਿਕਤਾ ਬਾਰੇ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਸੇ ਲੜੀ ਤਹਿਤ ਅੱਜ ਦੀ ਮੀਟਿੰਗ ਕਰਵਾਈ ਗਈ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੋਟਰ ਜਾਗਰੂਕਤਾ ਅਤੇ ਪੰਜੀਕਰਨ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਨੋਡਲ ਅਫਸਰ ਸਵੀਪ ਗੁਰਬਖਸ਼ੀਸ਼ ਸਿੰਘ ਵੱਲੋਂ ਈ.ਐਲ.ਸੀ (ਚੋਣ ਸਾਖਰਤਾ ਕਲੱਬ) ਕਲੱਬਾਂ ਦੀ ਸਥਾਪਨਾ, ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਵੋਟਰ ਜਾਗਰੂਕਤਾ ਨਾਲ ਸਬੰਧਿਤ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵੱਲੋਂ ਈ.ਐਲ.ਸੀ (ਚੋਣ ਸਾਖਰਤਾ ਕਲੱਬ) ਨੋਡਲ ਅਫਸਰਾਂ ਨੂੰ ਇਹ ਵੀ ਸਿਖਲਾਈ ਦਿੱਤੀ ਗਈ ਕਿ ਕਲੱਬਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਅਪਲੋਡ ਅਤੇ ਪ੍ਰਚਾਰਿਤ ਕੀਤਾ ਜਾ ਸਕਦਾ ਹੈ।
ਮੀਟਿੰਗ ਦੌਰਾਨ ਵੱਖ-ਵੱਖ ਸੰਸਥਾਵਾਂ ਦੇ ਨੋਡਲ ਅਫਸਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਈ.ਐਲ.ਸੀ (ਚੋਣ ਸਾਖਰਤਾ ਕਲੱਬ) ਕਲੱਬ ਸਥਾਪਿਤ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਭਾਗੀਦਾਰੀ ਵਧਾਉਣ ਲਈ ਹਰੇਕ ਸੰਸਥਾ ਵਿੱਚ ਇੱਕ ਲੜਕੇ ਅਤੇ ਇੱਕ ਲੜਕੀ ਨੂੰ ਕੈਂਪਸ ਅੰਬੈਸਡਰ ਵਜੋਂ ਨਿਯੁਕਤ ਕੀਤਾ ਗਿਆ ਹੈ।
ਇਨ੍ਹਾਂ ਕੈਂਪਸ ਅੰਬੈਸਡਰਜ਼ ਅਤੇ ਈ.ਐਲ.ਸੀ (ਚੋਣ ਸਾਖਰਤਾ ਕਲੱਬ) ਕਲੱਬਾਂ ਰਾਹੀਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੱਕ ਵੱਖ-ਵੱਖ ਚੋਣ ਜਾਗਰੂਕਤਾ ਗਤੀਵਿਧੀਆਂ, ਵੋਟਰ ਰਜਿਸਟ੍ਰੇਸ਼ਨ ਮੁਹਿੰਮਾਂ, ਸਵੀਪ ਗਤੀਵਿਧੀਆਂ ਅਤੇ ਹੋਰ ਪ੍ਰੋਗਰਾਮ ਕਰਵਾਏ ਜਾਣਗੇ। ਇਸ ਦੌਰਾਨ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਯੋਗ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ ਜਾਵੇਗਾ।
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਇਸ ਸਮੇਂ 126 ਈ.ਐਲ.ਸੀ (ਚੋਣ ਸਾਖਰਤਾ ਕਲੱਬ) ਕਲੱਬ ਸਰਗਰਮ ਹਨ, ਜੋ ਲਗਾਤਾਰ ਵੱਖ-ਵੱਖ ਵੋਟਰ ਜਾਗਰੂਕਤਾ ਅਤੇ ਚੋਣ ਸਾਖਰਤਾ ਗਤੀਵਿਧੀਆਂ ਕਰਵਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਕਲੱਬਾਂ ਦੀਆਂ ਗਤੀਵਿਧੀਆਂ ਨੂੰ ਹੋਰ ਸੁਚਾਰੂ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਚੋਣ ਤਹਿਸੀਲਦਾਰ ਹਰਪ੍ਰੀਤ ਕੌਰ, ਚੋਣ ਕਾਨੂੰਗੋ ਸਰਿੰਦਰ ਬੱਤਰਾ ਤੋਂ ਇਲਾਵਾ ਸਵੀਪ ਟੀਮ ਦੇ ਵਰਿੰਦਰ ਕੌਰ, ਗੁਰਮੀਤ ਕੌਰ, ਹਰਿੰਦਰ ਸਿੰਘ ਅਤੇ ਚਰਨਜੀਤ ਕੌਰ, ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
