27 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਹਾਲਾਂਕਿ ਇੱਕ ਵਿਵਾਦਪੂਰਨ ਫੈਸਲੇ ਕਾਰਨ ਦੇਵਦੱਤ ਪੱਡਿਕਲ ਦੋਹਰਾ ਸੈਂਕੜਾ ਪੂਰਾ ਨਹੀਂ ਕਰ ਸਕਿਆ, ਪਰ ਉਨ੍ਹਾਂ ਦੀ 199 ਦੌੜਾਂ ਦੀ ਸ਼ਾਨਦਾਰ ਪਾਰੀ ਨੇ ਨਿਊਜ਼ੀਲੈਂਡ ਵਿਰੁੱਧ ਆਗਾਮੀ ਦੋ-ਟੈਸਟ ਮੈਚਾਂ ਦੀ ਲੜੀ ਲਈ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਵਾਲੇ ਖਿਡਾਰੀ ਨੂੰ ਲੈ ਕੇ ਚੱਲ ਰਹੀ ਬਹਿਸ ਨੂੰ ਇੱਕ ਤਰ੍ਹਾਂ ਨਾਲ ਖਤਮ ਕਰ ਦਿੱਤਾ ਹੈ। ਉਨ੍ਹਾਂ ਦੇ ਪ੍ਰਦਰਸ਼ਨ ਨੇ ਇੰਡੀਆ ‘ਏ’ ਦੀ ਮਜ਼ਬੂਤ ਵਾਪਸੀ ’ਚ ਅਹਿਮ ਭੂਮਿਕਾ ਨਿਭਾਈ, ਜਿਸ ਨਾਲ ਟੀਮ ਨਿਊਜ਼ੀਲੈਂਡ ‘ਏ’ ਵਿਰੁੱਧ ਪਹਿਲੇ ਗੈਰ-ਅਧਿਕਾਰਤ ਟੈਸਟ ’ਚ ਮਜ਼ਬੂਤ ਸਥਿਤੀ ’ਚ ਪਹੁੰਚ ਗਈ ਹੈ।
ਤੀਜੇ ਦਿਨ, ਸੋਮਵਾਰ ਨੂੰ ਖੇਡ ਖਤਮ ਹੋਣ ਤੱਕ, ਇੰਡੀਆ ‘ਏ’ ਨੇ ਆਪਣੀ ਦੂਜੀ ਪਾਰੀ ’ਚ 8 ਵਿਕਟਾਂ ਦੇ ਨੁਕਸਾਨ ’ਤੇ 488 ਦੌੜਾਂ ਬਣਾ ਲਈਆਂ ਸਨ ਤੇ 284 ਦੌੜਾਂ ਦੀ ਅਗੇਤ ਹਾਸਲ ਕਰ ਲਈ ਸੀ। ਪਹਿਲੀ ਪਾਰੀ ’ਚ ਭਾਰਤੀ ਟੀਮ ਸਿਰਫ਼ 113 ਦੌੜਾਂ ’ਤੇ ਆਊਟ ਹੋ ਗਈ ਸੀ, ਜਿਸ ਦੇ ਜਵਾਬ ’ਚ ਨਿਊਜ਼ੀਲੈਂਡ ‘ਏ’ ਨੇ 317 ਦੌੜਾਂ ਬਣਾ ਕੇ 204 ਦੌੜਾਂ ਦੀ ਅਗੇਤ ਹਾਸਲ ਕੀਤੀ ਸੀ। ਪੱਡਿਕਲ ਨੂੰ ਮੀਡੀਅਮ-ਪੇਸਰ ਜੈਕ ਗਿਬਸਨ ਦੀ ਗੇਂਦ ’ਤੇ ਲੈੱਗ ਸਾਈਡ ’ਤੇ ਵਿਕਟ ਦੇ ਪਿੱਛੇ ਕੈਚ ਆਊਟ ਕਰਾਰ ਦਿੱਤਾ ਗਿਆ। ਪੱਡਿਕਲ ਕਾਫੀ ਹੈਰਾਨ ਨਜ਼ਰ ਆਏ ਤੇ ਉਨ੍ਹਾਂ ਨੇ ਇਸ਼ਾਰਾ ਕੀਤਾ ਕਿ ਗੇਂਦ ਉਨ੍ਹਾਂ ਦੇ ਬੱਲੇ ਨੂੰ ਨਹੀਂ ਛੂਹੀ ਸੀ। ਉਹ ਕੁਝ ਪਲਾਂ ਲਈ ਚੁੱਪਚਾਪ ਉੱਥੇ ਹੀ ਖੜ੍ਹੇ ਰਹੇ ਤੇ ਫਿਰ ਡਗਆਊਟ ਵੱਲ ਵਾਪਸ ਚਲੇ ਗਏ। ਇਸ ਮੈਚ ’ਚ ਨਾ ਤਾਂ ਡੀਆਰਐਸ ਤੇ ਨਾ ਹੀ ‘ਸਨਿਕੋਮੀਟਰ’ ਦੀ ਵਰਤੋਂ ਕੀਤੀ ਜਾ ਰਹੀ ਹੈ।
ਆਪਣੀ ਪਾਰੀ ਦੌਰਾਨ, ਪੱਡਿਕਲ ਨੇ 248 ਗੇਂਦਾਂ ਦਾ ਸਾਹਮਣਾ ਕੀਤਾ, ਜਿਸ ’ਚ ਉਨ੍ਹਾਂ ਨੇ 23 ਚੌਕੇ ਤੇ ਤਿੰਨ ਛੱਕੇ ਲਗਾਏ। ਸਾਈ ਸੁਦਰਸ਼ਨ ਨੇ ਵੀ 91 ਦੌੜਾਂ ਦਾ ਅਹਿਮ ਯੋਗਦਾਨ ਪਾਇਆ ਤੇ ਤੀਜੀ ਵਿਕਟ ਲਈ ਪੱਡਿਕਲ ਨਾਲ 210 ਦੌੜਾਂ ਦੀ ਭਾਈਵਾਲੀ ਕੀਤੀ। ਸੁਦਰਸ਼ਨ ਦੇ ਆਊਟ ਹੋਣ ਤੋਂ ਬਾਅਦ, ਪੱਡਿਕਲ ਨੇ ਯਸ਼ ਰਾਠੌੜ (66) ਨਾਲ ਮਿਲ ਕੇ 142 ਦੌੜਾਂ ਦੀ ਇੱਕ ਹੋਰ ਮਹੱਤਵਪੂਰਨ ਭਾਈਵਾਲੀ ਨਿਭਾਈ। ਪਾਰੀ ਦੇ ਅੰਤ ’ਚ ਵਾਸ਼ਿੰਗਟਨ ਸੁੰਦਰ (51*), ਅੰਸ਼ੁਲ ਕੰਬੋਜ (23) ਅਤੇ ਫਿਰ ਆਕਿਬ ਨਬੀ (38) ਨੇ ਭਾਰਤ ਦੀ ਅਗੇਤ ਨੂੰ 300 ਦੇ ਨੇੜੇ ਪਹੁੰਚਾ ਦਿੱਤਾ।
