ਨਵੀਂ ਦਿੱਲੀ 06 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਦਿੱਲੀ ਤੋਂ ਕਸ਼ਮੀਰ ਦੀਆਂ ਵਾਦੀਆਂ ਦਾ ਸਫ਼ਰ ਹੁਣ ਨਾ ਸਿਰਫ਼ ਸੁਹਾਵਣਾ ਹੋ ਗਿਆ ਹੈ, ਸਗੋਂ ਤੁਹਾਡੀ ਜੇਬ ਲਈ ਵੀ ਬੇਹੱਦ ਕਿਫ਼ਾਇਤੀ ਸਾਬਤ ਹੋ ਰਿਹਾ ਹੈ। ਜੰਮੂ-ਸ਼੍ਰੀਨਗਰ ਰੂਟ ‘ਤੇ ਵੰਦੇ ਭਾਰਤ ਐਕਸਪ੍ਰੈੱਸ (Vande Bharat Express) ਦੇ ਸ਼ੁਰੂ ਹੁੰਦੇ ਹੀ ਯਾਤਰੀਆਂ ਦੀ ਭਾਰੀ ਭੀੜ ਉਮੜ ਪਈ ਹੈ। ਆਲਮ ਇਹ ਹੈ ਕਿ ਮਹਿੰਗੇ ਹਵਾਈ ਕਿਰਾਏ ਤੇ ਥਕਾਊ ਸੜਕ ਯਾਤਰਾ ਨੂੰ ਛੱਡ ਕੇ ਲੋਕ ਤੇਜ਼ੀ ਨਾਲ ਟ੍ਰੇਨ ਦਾ ਰੁਖ ਕਰ ਰਹੇ ਹਨ ਜਿਸ ਨੇ ਏਅਰਲਾਈਨਜ਼ ਤੋਂ ਲੈ ਕੇ ਸਥਾਨਕ ਟੈਕਸੀ ਤੇ ਬੱਸ ਆਪਰੇਟਰਾਂ ਦੀ ਨੀਂਦ ਉਡਾ ਦਿੱਤੀ ਹੈ।
ਕਿਵੇਂ ਦਿੱਲੀ ਤੋਂ ਸ੍ਰੀਨਗਰ ਤਕ ਦਾ ਸਫ਼ਰ ਮਾਤਰ ₹1948 ‘ਚ?
ਜੇਕਰ ਤੁਸੀਂ ਨਵੀਂ ਦਿੱਲੀ ਤੋਂ ਜੰਮੂ ਜਾਣ ਦਾ ਪਲਾਨ ਕਰ ਰਹੇ ਹੋ ਤਾਂ ਉਦਾਹਰਨ ਵਜੋਂ ‘New Delhi-Jammu Tawi Vande Bharat Exp (22477)’ ਇਕ ਬਿਹਤਰੀਨ ਵਿਕਲਪ ਹੋ ਸਕਦੀ ਹੈ। ਤੁਸੀਂ ਇਸ ਟ੍ਰੇਨ ਦੀ ਟਿਕਟ IRCTC ਦੀ ਵੈੱਬਸਾਈਟ ਜਾਂ ਐਪ ਤੋਂ ਬੁੱਕ ਕਰ ਸਕਦੇ ਹੋ। ਖਾਣੇ (Catering) ਦੇ ਨਾਲ ਇਸ ਦਾ ਕਿਰਾਇਆ ₹1525 ਹੈ। ਜੇਕਰ ਤੁਸੀਂ ਟਿਕਟ ਬੁੱਕ ਕਰਦੇ ਸਮੇਂ ਖਾਣੇ ਦਾ ਵਿਕਲਪ ਹਟਾ ਦਿੰਦੇ ਹੋ ਤਾਂ ਤੁਹਾਡੇ ₹307 ਬਚਣਗੇ ਅਤੇ ਨਵੀਂ ਦਿੱਲੀ ਤੋਂ ਜੰਮੂ ਤਕ ਦਾ ਸਫ਼ਰ ਮਾਤਰ ₹1,218 ‘ਚ ਪੂਰਾ ਹੋ ਜਾਵੇਗਾ।
ਇਸ ਤੋਂ ਬਾਅਦ, ਜੰਮੂ ਤੋਂ ਸ੍ਰੀਨਗਰ ਲਈ ਨਵੀਂ ਵੰਦੇ ਭਾਰਤ ਟ੍ਰੇਨ ਦਾ ਕਿਰਾਇਆ ਲਗਪਗ ₹730 ਹੈ। ਇਸ ਤਰ੍ਹਾਂ, ਦਿੱਲੀ ਤੋਂ ਸ੍ਰੀਨਗਰ ਤਕ ਦਾ ਤੁਹਾਡਾ ਕੁੱਲ ਖਰਚ ਸਿਰਫ਼ ₹1,948 ਆਵੇਗਾ। ਹਾਲਾਂਕਿ ਇਸ ਵਿਚ ਫਲਾਈਟ ਦੇ ਮੁਕਾਬਲੇ ਥੋੜ੍ਹਾ ਜ਼ਿਆਦਾ ਸਮਾਂ ਜ਼ਰੂਰ ਲੱਗੇਗਾ, ਪਰ ₹4000 ਤੋਂ ₹6000 ਦੇ ਹਵਾਈ ਕਿਰਾਏ ਦੀ ਤੁਲਨਾ ‘ਚ ਇਹ ਸੌਦਾ ਬੇਹੱਦ ਸਸਤਾ ਤੇ ਆਰਾਮਦਾਇਕ ਹੈ।
ਫਲਾਈਟ ਤੇ ਸੜਕ ਮਾਰਗ ਨੂੰ ਕਿਉਂ ਪਛਾੜ ਰਹੀ ਹੈ ਵੰਦੇ ਭਾਰਤ?
ਯਾਤਰੀਆਂ ਦੇ ਟ੍ਰੇਨ ਵੱਲ ਮੁੜਨ ਦੀ ਸਭ ਤੋਂ ਵੱਡੀ ਵਜ੍ਹਾ ਕਿਫ਼ਾਇਤੀ ਕਿਰਾਇਆ ਤੇ ਘੱਟ ਸਮੇਂ ‘ਚ ਸੁਰੱਖਿਅਤ ਸਫ਼ਰ ਹੈ। ਸ੍ਰੀਨਗਰ ਰੇਲਵੇ ਸਟੇਸ਼ਨ ‘ਤੇ ਇਕ ਯਾਤਰੀ ਮੁਹੰਮਦ ਅਫਜ਼ਲ ਮਲਿਕ ਨੇ ਦੱਸਿਆ, “ਇਹ ਉਡਾਣਾਂ ਨਾਲੋਂ ਸਸਤਾ ਹੈ ਅਤੇ ਲੰਬੇ, ਖ਼ਤਰਨਾਕ ਪਹਾੜੀ ਰਸਤਿਆਂ ਦੇ ਜੋਖਮ ਤੋਂ ਕਿਤੇ ਵੱਧ ਸੁਰੱਖਿਅਤ ਅਤੇ ਆਰਾਮਦਾਇਕ ਹੈ।”
ਰੇਲਵੇ ਦੇ ਅੰਕੜਿਆਂ ਅਨੁਸਾਰ, 2 ਮਈ ਨੂੰ ਟ੍ਰੇਨ ਦੇ ਉਦਘਾਟਨ ਵਾਲੇ ਦਿਨ ਹੀ ਕਰੀਬ 3,925 ਯਾਤਰੀਆਂ ਨੇ ਸਫ਼ਰ ਕੀਤਾ। ਉੱਥੇ ਹੀ, ਦੂਜੇ ਦਿਨ (3 ਮਈ) ਇਹ ਅੰਕੜਾ 5,000 ਦੇ ਪਾਰ ਪਹੁੰਚ ਗਿਆ। ਮਹਿਜ਼ 5 ਘੰਟੇ ਤੋਂ ਘੱਟ ਸਮੇਂ ਵਿੱਚ ਜੰਮੂ ਤੋਂ ਸ਼੍ਰੀਨਗਰ ਪਹੁੰਚਣ ਦੀ ਸਹੂਲਤ ਇਸ ਨੂੰ ਲੋਕਾਂ ਦੀ ਪਹਿਲੀ ਪਸੰਦ ਬਣਾ ਰਹੀ ਹੈ।
ਟੈਕਸੀ ਤੇ ਬੱਸ ਆਪਰੇਟਰਾਂ ਦੀਆਂ ਕਿਉਂ ਵਧ ਗਈਆਂ ਹਨ ਧੜਕਣਾਂ?
ਯਾਤਰੀਆਂ ਦੇ ਇਸ ਵੱਡੇ ਬਦਲਾਅ ਦਾ ਸਿੱਧਾ ਅਸਰ ਸਥਾਨਕ ਟ੍ਰਾਂਸਪੋਰਟਰਾਂ ‘ਤੇ ਪੈ ਰਿਹਾ ਹੈ। ‘ਆਲ ਜੰਮੂ ਐਂਡ ਕਸ਼ਮੀਰ ਟ੍ਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ’ ਦੇ ਜਨਰਲ ਸਕੱਤਰ ਸ਼ੇਖ ਮੁਹੰਮਦ ਯੂਸਫ਼ ਦਾ ਕਹਿਣਾ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਲਗਪਗ 70,000 ਕੈਬ ਚੱਲਦੀਆਂ ਹਨ। ਜੇਕਰ ਇਹੀ ਰੁਝਾਨ ਜਾਰੀ ਰਿਹਾ ਤਾਂ ਕੈਬ ਅਤੇ ਬੱਸ ਚਾਲਕਾਂ ਦੀ ਰੋਜ਼ੀ-ਰੋਟੀ ‘ਤੇ ਭਾਰੀ ਅਸਰ ਪਵੇਗਾ।
ਕੀ ਅੱਗੇ ਵੀ ਬਰਕਰਾਰ ਰਹੇਗਾ ਟ੍ਰੇਨ ਯਾਤਰਾ ਦਾ ਇਹ ਕ੍ਰੇਜ਼?
ਲੰਬੇ ਸਮੇਂ ਤੋਂ ਪੀਕ ਸੀਜ਼ਨ ਦੌਰਾਨ ਇਸ ਰੂਟ ‘ਤੇ ਏਅਰਲਾਈਨਜ਼ ਦਾ ਹੀ ਦਬਦਬਾ ਰਿਹਾ ਹੈ ਪਰ ਇਕ ਤੇਜ਼ ਤੇ ਸਸਤੀ ਰੇਲ ਸੇਵਾ ਨੇ ਇਸ ਸਮੀਕਰਨ ਨੂੰ ਬਦਲ ਦਿੱਤਾ ਹੈ। ਹਾਲਾਂਕਿ, ਉਦਯੋਗ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਮੌਜੂਦਾ ਸਮੇਂ ‘ਚ ਇਹ ਭਾਰੀ ਭੀੜ ਸ਼ੁਰੂਆਤੀ ਉਤਸ਼ਾਹ ਦਾ ਨਤੀਜਾ ਵੀ ਹੋ ਸਕਦੀ ਹੈ। ਫਿਰ ਵੀ, ਸ਼ੁਰੂਆਤੀ ਰੁਝਾਨਾਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਵੰਦੇ ਭਾਰਤ ਇਸ ਖੇਤਰ ਦੇ ਸਭ ਤੋਂ ਮਹੱਤਵਪੂਰਨ ਰੂਟ ‘ਤੇ ਆਵਾਜਾਈ ਦੇ ਅਰਥ ਸ਼ਾਸਤਰ ਨੂੰ ਪੂਰੀ ਤਰ੍ਹਾਂ ਬਦਲ ਰਹੀ ਹੈ।
