ਚੰਡੀਗੜ੍ਹ 22 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) ਪੰਜਾਬ ਵਿਚ ਝੋਨੇ ਦੀ ਬਿਜਾਈ ਸ਼ੁਰੂ ਹੋਣ ਤੋਂ ਪਹਿਲਾਂ ਖਾਦ ਦੀ ਘਾਟ ਅਤੇ ਸਬਸਿਡੀ ਦੇ ਮੁੱਦੇ ”ਤੇ ਸਿਆਸਤ ਸ਼ੁਰੂ ਹੋ ਗਈ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤਰਕ ਦੇ ਰਹੇ ਹਨ ਕਿ ਅਮਰੀਕਾ – ਈਰਾਨ ਯੁੱਧ ਕਾਰਨ ਖਾਦ ਦੀ ਕਿੱਲਤ ਹੈ ਇਸਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਮਹਿੰਗੇ ਭਾਅ ਉੱਤੇ ਖਾਦ ਖਰੀਦ ਕੇ ਪੰਜਾਬ ਦੇ ਕਿਸਾਨਾਂ ਨੂੰ ਸਬਸਿਡੀ ਤਹਿਤ ਖਾਦ ਮੁਹਈਆ ਕਰਵਾਈ ਜਾ ਰਹੀ ਹੈ। ਜਦ ਕਿ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਪਹਿਲੀ ਵਾਰ ਖਾਦ ਸਬਸਿਡੀ ”ਤੇ ਨਹੀਂ ਮਿਲਣ ਲੱਗੀ ਇਹ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਮਿਲ ਰਹੀ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ।

ਸਿਆਸੀ ਮਾਹਿਰਾਂ ਅਨੁਸਾਰ ਪੰਜਾਬ ਦੀ ਰਾਜਨੀਤੀ ਵਿਚ ਕਿਸਾਨਾਂ ਦਾ ਵੱਡਾ ਦਬਾਅ ਹੈ। ਤਿੰਨ ਖੇਤੀ ਕਾਨੂੰਨ ਦੇ ਮੁੱਦੇ ”ਤੇ ਦੇਸ਼ ਦੇ ਕਿਸਾਨਾਂ ਨੇ ਭਾਰਤ ਸਰਕਾਰ ਦੇ ਖਿਲਾਫ ਦਿੱਲੀ ਵਿਖੇ ਮੋਰਚਾ ਲਾਇਆ ਸੀ ਇਸ ਮੋਰਚੇ ਦੀ ਅਗਵਾਈ ਪੰਜਾਬ ਤੋਂ ਸ਼ੁਰੂ ਹੋਈ ਸੀ। ਹੁਣ ਪੰਜਾਬ ਵਿੱਚ ਅਗਲੇ ਵਰੇ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ ਜਿਸ ਕਰਕੇ ਭਾਜਪਾ ਲੀਡਰਸ਼ਿਪ ਕਿਸਾਨਾਂ ਦੀ ਨਰਾਜ਼ਗੀ ਦੂਰ ਕਰਕੇ ਕਿਸਾਨੀ ਵੋਟ ਬੈਂਕ ਨੂੰ ਨਾਲ ਜੋੜਨਾ ਚਾਹੁੰਦੀ ਹੈ ਇਹੀ ਕਾਰਨ ਹੈ ਕਿ ਭਾਜਪਾ ਲੀਡਰਸ਼ਿਪ ਕਿਸਾਨੀ ਮਸਲਿਆਂ ਅਤੇ ਮੰਗਾਂ ਨੂੰ ਪੂਰੀ ਤਰ੍ਹਾਂ ਉਭਾਰ ਰਹੀ ਹੈ। ਸੁਨੀਲ ਜਾਖੜ ਦਾ ਬਿਆਨ ਵੀ ਕਿਸਾਨਾਂ ਨੂੰ ਭਰਮਾਉਣ ਵਾਲਾ ਹੈ।

ਜਾਖੜ ਦਾ ਕਹਿਣਾ ਹੈ ਕਿ ਖਾੜੀ ਯੁੱਧ ਕਾਰਨ ਡੀਏਪੀ ਤੇ ਯੂਰੀਆਂ ਦੀ ਕੌਮਾਂਤਰੀ ਮਾਰਕੀਟ ਵਿਚ ਮਹਿੰਗਾਈ ਰਿਕਾਰਡ ਪੱਧਰ ”ਤੇ ਹੈ। ਇਸਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨਾਂ ਨੂੰ ਸਮੇਂ ਸਿਰ ਖਾਦਾਂ ਉਪਲਬੱਧ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਦੇਸ਼ ਨੂੰ ਇਕ ਕਿਲੋ ਯੂਰੀਆ 100 ਰੁਪਏ ਦੇ ਭਾਅ ਮਿਲ ਰਹੀ ਹੈ। ਜਦ ਕਿ ਕਿਸਾਨਾਂ ਨੂੰ ਉਹੀ ਯੂਰੀਆ ਸਿਰਫ 6 ਰੁਪਏ ਕਿਲੋ ਮੁਹਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਤੀ ਥੈਲੇ ਤੇ ਯੂਰੀਆ ”ਤੇ 4250 ਰੁਪਏ ਤੇ ਡੀਏਪੀ 3200 ਰੁਪਏ ਦੀ ਸਬਸਿਡੀ ਕੇਂਦਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਯੂਰੀਆ ਦੇ ਸਾਲ ਵਿਚ 6.88 ਕਰੋੜ ਥੈਲੇ ਤੇ ਡੀਏਪੀ ਦੇ 1.30 ਕਰੋੜ ਥੈਲੇ ਖੇਤੀ ਵਿਚ ਵਰਤੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸੇ ਦਰ ਤੇ ਸਬਸਿਡੀ ਜੋੜ੍ਹੀ ਜਾਵੇ ਤਾਂ ਇਸ ਸਾਲ ਪੰਜਾਬ ਦੇ ਕਿਸਾਨਾਂ ਨੂੰ ਸਿਰਫ ਖਾਦ ਸਬਸਿਡੀ ਦੇ ਰੂਪ ਵਿਚ ਹੀ 32 ਹਜਾਰ ਕਰੋੜ ਰੁਪਏ ਦੀ ਸਬਸਿਡੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਇਕ ਕਣਕ ਝੋਨੇ ਵਾਲੇ ਕਿਸਾਨਾਂ ਨੂੰ ਵਰਤਮਾਨ ਦਰਾਂ ਅਨੁਸਾਰ ਪ੍ਰਤੀ ਏਕੜ 42 ਹਜਾਰ ਰੁਪਏ ਦੀ ਖਾਦ ਸਬਸਿਡੀ ਮਿਲੇਗੀ। ਉਨ੍ਹਾਂ ਨੇ ਦੁਹਰਾਇਆ ਕਿ ਭਾਰਤ ਸਰਕਾਰ ਕਿਸਾਨਾਂ ਨੂੰ ਖਾਦ ਦੀ ਕਮੀ ਨਹੀਂ ਆਉਣ ਦੇਵੇਗੀ ਪਰ ਫਿਰ ਵੀ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਖਾਦ ਦੀ ਵਰਤੋਂ ਸੰਜਮ ਨਾਲ ਕਰਨ ਤਾਂ ਜੋ ਕਿਸਾਨਾਂ ਤੇ ਸਰਕਾਰ ਦੀ ਬਚਤ ਦੇ ਨਾਲ ਨਾਲ ਧਰਤੀ ਮਾਂ ਦੀ ਸਿਹਤ ਵੀ ਬਰਕਰਾਰ ਰਹਿ ਸਕੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।