ਨਵਾਂਸ਼ਹਿਰ, 9 ਅਪ੍ਰੈਲ 2024 (ਪੰਜਾਬੀ ਖਬਰਨਾਮਾ): ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਵਿਖੇ ਅੱਜ ਜ਼ਿਲ੍ਹਾ ਪੱਧਰੀ ਸਲਾਹਕਾਰੀ ਕਮੇਟੀ ਦੀ ਮੀਟਿੰਗ ਆਯੋਜਿਤ ਹੋਈ, ਜਿਸ ਵਿਚ ਸਿਹਤ ਵਿਭਾਗ ਤੇ ਫੂਡ ਤੇ ਡਰੱਗ ਐਡਮਨਿਸਟ੍ਰੇਸ਼ਨ ਵਿਭਾਗ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਸਿਹਤ ਵਿਭਾਗ ਤੇ ਫੂਡ ਤੇ ਡਰੱਗ ਐਡਮਨਿਸਟ੍ਰੇਸ਼ਨ ਵਿਭਾਗ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਭੋਜਨ ਸੁਰੱਖਿਆ ਐਕਟ ਤਹਿਤ ਆਮ ਲੋਕਾਂ ਦੀ ਸਿਹਤ ਸੁਰੱਖਿਆ ਲਈ ਭੋਜਨ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਉਪਰਾਲਾ ਕਰਨਾ ਯਕੀਨੀ ਬਣਾਇਆ ਜਾਵੇ। ਸਿਹਤ ਵਿਭਾਗ ਤੇ ਫੂਡ ਸੇਫਟੀ ਵਿੰਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਭੋਜਨ ਸੁਰੱਖਿਆ ਐਕਟ ਤਹਿਤ ਆਮ ਲੋਕਾਂ ਵਿਚ ਪੌਸ਼ਟਿਕ ਤੇ ਸਾਫ-ਸੁਥਰੇ ਖਾਣੇ ਦੀ ਮਹੱਤਤਾ ਦੱਸਣ ਲਈ ਵੱਧ ਤੋਂ ਵੱਧ ਜਾਗਰੂਕਤਾ ਕੈਂਪ ਆਯੋਜਿਤ ਕੀਤੇ ਜਾਣ। ਇਸ ਦੇ ਨਾਲ ਹੀ ਸੈਂਪਲਿੰਗ ਦੇ ਕੰਮ ਵਿਚ ਵੀ ਤੇਜ਼ੀ ਲਿਆਂਦੀ ਜਾਵੇ।
ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਸਰਕਾਰੀ ਸਕੂਲਾਂ ਅਤੇ ਆਂਗਣਵਾੜੀਆਂ ਵਿਚ ਮਿਡ-ਡੇ-ਮੀਲ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਜਾਂਚ ਚੈੱਕ ਕੀਤਾ ਜਾਵੇ ਅਤੇ ਮਿਡ-ਡੇ-ਮੀਲ ਬਣਾਉਣ ਲਈ ਕੱਚੇ ਮਟੀਰੀਆ ਦੀ ਸਹੀ ਢੰਗ ਨਾਲ ਸਟੋਰੇਜ ਕੀਤੀ ਜਾਵੇ। ਉਨ੍ਹਾਂ ਫੂਡ ਸੇਫਟੀ ਟੀਮ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਜਾਗਰੂਕਤਾ ਗਤੀਵਿਧੀਆਂ ਦੀ ਮੀਡੀਆ ਕਵਰੇਜ ਕਰਨਾ ਵੀ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਸਿੱਖਿਆ ਵਿਭਾਗ ਦੇ ਪ੍ਰਤੀਨਿਧੀਆਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਵੀ ਸਰਕਾਰੀ ਸਕੂਲਾਂ ਅਤੇ ਆਂਗਣੜੀਆਂ ਵਿਚ ਮਿਡ-ਡੇ-ਮੀਲ ਬਣਾਉਣ ਲਈ ਰਸੋਈ ਵਿਚ ਸਾਫ-ਸਫਾਈ ਪ੍ਰਬੰਧਾਂ ਨੂੰ ਬਿਹਤਰ ਬਣਾਇਆ ਜਾਵੇ ਤਾਂ ਜੋ ਬੱਚਿਆਂ ਦੇ ਖਾਣੇ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ।
ਉਨ੍ਹਾਂ ਜ਼ਿਲ੍ਹਾ ਮੰਡੀ ਅਫਸਰ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਮੰਡੀਆ ਵਿਚ ਸਾਫ-ਸਫਾਈ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾਵੇ। ਉਨ੍ਹਾਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਹਦਾਇਤ ਕੀਤੀ ਕਿ ਆਂਗਣਵੜੀਆਂ ਦੀ ਫੂਡ ਸੇਫਟੀ ਐਕਟ ਤਹਿਤ ਰਜਿਸਟ੍ਰੇਸ਼ਨ ਕਰਵਾਉਣੀ ਯਕੀਨੀ ਬਣਾਈ ਜਾਵੇ। ਮੀਟਿੰਗ ਦੇ ਅੰਤ ਵਿਚ ਭਗਤ ਜੀ ਅਤੇ ਡੌਲਫਿਨ ਰੈਸਟੋਰੈਂਟਸ ਨੂੰ ਹਾਈਜੀਨ ਰੇਟਿੰਗ ਦੇ ਸਰਟੀਫਿਕੇਟ ਵੀ ਵੰਡੇ ਗਏ। ਇਸ ਮੌਕੇ ਸਿਵਲ ਸਰਜਨ ਡਾ. ਜਸਪ੍ਰੀਤ ਕੌਰ, ਫੂਡ ਕਮਿਸ਼ਨਰ ਰਾਖੀ ਵਿਨਾਇਕ, ਫੂਡ ਸੇਫਟੀ ਅਫਸਰ ਸੰਗੀਤਾ ਸਹਿਦੇਵ ਅਤੇ ਬਿਕਰਮਜੀਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।