ਨਵੀਂ ਦਿੱਲੀ 11 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) – ਕਾਂਗਰਸ ਆਗੂ ਅਤੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੀ ਕਿਤਾਬ ‘ਬਿਲੌਂਗਿੰਗ: ਅ ਜਰਨੀ ਆਫ਼ ਲਵ’ ਵਿੱਚ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਨੂੰ ਪਰਤ-ਦਰ-ਪਰਤ ਉਜਾਗਰ ਕੀਤਾ ਹੈ। ਇਸ ਵਿੱਚ ਉਨ੍ਹਾਂ ਨੇ ਆਪਣੀ ਬਿਮਾਰੀ ਬਾਰੇ ਵੀ ਕਾਫ਼ੀ ਕੁਝ ਦੱਸਿਆ ਹੈ। ਸੋਨੀਆ ਗਾਂਧੀ ਨੇ ਆਪਣੀ ਬਿਮਾਰੀ ਬਾਰੇ ਦੱਸਿਆ ਕਿ ਉਹ ਇੱਕ ਸਮੇਂ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਜੂਝ ਰਹੀ ਸੀ। ਹਾਲਾਂਕਿ, ਚੰਗੀ ਗੱਲ ਇਹ ਰਹੀ ਕਿ ਉਨ੍ਹਾਂ ਨੇ ਇਸ ਜਾਨਲੇਵਾ ਬਿਮਾਰੀ ਨੂੰ ਮਾਤ ਦਿੱਤੀ ਅਤੇ ਹੁਣ ਸਿਹਤਮੰਦ ਜੀਵਨ ਬਤੀਤ ਕਰ ਰਹੀ ਹਨ।
ਆਪਣੀ ਕਿਤਾਬ ਵਿੱਚ ਕੈਂਸਰ ਦਾ ਕੀਤਾ ਜ਼ਿਕਰ
ਮੰਗਲਵਾਰ ਨੂੰ ਜਾਰੀ ਹੋਏ ਸੋਨੀਆ ਗਾਂਧੀ ਦੇ ਸੰਸਮਰਣਾਂ ਵਿੱਚ ਕੈਂਸਰ ਦੀ ਅਧਿਕਾਰਤ ਪੁਸ਼ਟੀ ਹੋਈ ਹੈ। ਇਸ ਗੱਲ ਦੀ ਸਿਆਸੀ ਹਲਕਿਆਂ ਵਿੱਚ ਲੰਬੇ ਸਮੇਂ ਤੋਂ ਚਰਚਾ ਤਾਂ ਸੀ, ਪਰ ਕਦੇ ਵੀ ਜਨਤਕ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਹੋਈ ਸੀ। ਯੂਪੀਏ ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਕੈਂਸਰ ਹੋਇਆ ਸੀ, ਜਿਸ ਕਾਰਨ ਉਹ ਕਾਫ਼ੀ ਪਰੇਸ਼ਾਨ ਰਹੀ ਸੀ। ਆਪਣੀ ਕਿਤਾਬ ਵਿੱਚ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀਆਂ ਦੋ ਸਰਜਰੀਆਂ ਕਿੱਥੇ ਹੋਈਆਂ ਸਨ। ਪਹਿਲੀ ਸਰਜਰੀ ਇਟਲੀ ਵਿੱਚ ਮਿਲਾਨ ਨੇੜੇ ‘ਯੂਰਪੀਅਨ ਇੰਸਟੀਚਿਊਟ ਆਫ਼ ਓਨਕੋਲੋਜੀ’ ਵਿੱਚ ਅਤੇ ਦੂਜੀ ਰੌਟਰਡੈਮ ਦੇ ‘ਇਰਾਸਮਸ ਯੂਨੀਵਰਸਿਟੀ ਮੈਡੀਕਲ ਸੈਂਟਰ’ ਵਿੱਚ ਹੋਈ ਸੀ।
ਯੂਪੀਏ ਸਰਕਾਰ ਦੌਰਾਨ ਬਿਮਾਰੀ ਦਾ ਲੱਗਾ ਸੀ ਪਤਾ
ਇਸ ਤੋਂ ਪਹਿਲਾਂ ਉਨ੍ਹਾਂ ਦੀ ਸਰਜਰੀ ਨਿਊਯਾਰਕ ਦੇ ‘ਮੈਮੋਰੀਅਲ ਸਲੋਨ ਕੇਟਰਿੰਗ ਕੈਂਸਰ ਸੈਂਟਰ’ ਵਿੱਚ ਹੋਣ ਦੇ ਦਾਅਵੇ ਕੀਤੇ ਜਾਂਦੇ ਰਹੇ ਸਨ। ਸੋਨੀਆ ਅਨੁਸਾਰ, ਉਨ੍ਹਾਂ ਨੂੰ ਕਦੇ-ਕਦੇ ਦਮੇ ਅਤੇ ਐਲਰਜੀ ਦੀ ਸਮੱਸਿਆ ਤਾਂ ਹੁੰਦੀ ਸੀ, ਪਰ 2010 ਤੱਕ ਉਨ੍ਹਾਂ ਨੂੰ ਕੋਈ ਗੰਭੀਰ ਪਰੇਸ਼ਾਨੀ ਨਹੀਂ ਸੀ। ਉਨ੍ਹਾਂ ਨੂੰ ਬ੍ਰੈਸਟ ਕੈਂਸਰ ਦੇ ਸ਼ੱਕ ਕਾਰਨ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ। ਉਨ੍ਹਾਂ ਨੇ ਸਰਜਰੀ ਦੇਸ਼ ਤੋਂ ਬਾਹਰ ਕਰਵਾਉਣ ਦਾ ਫ਼ੈਸਲਾ ਲਿਆ। ਇਸ ਦੀ ਵਜ੍ਹਾ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਮੀਡੀਆ ਦੀ ਗਹਿਮਾ-ਗਹਿਮੀ ਤੋਂ ਬਚਣਾ ਚਾਹੁੰਦੀ ਸੀ।
ਰਾਹੁਲ ਅਤੇ ਪ੍ਰਿਯੰਕਾ ਹੋ ਗਏ ਸਨ ਭਾਵੁਕ
ਦੁਨੀਆ ਦੇ ਕਈ ਮਸ਼ਹੂਰ ਹਸਪਤਾਲਾਂ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਸੋਨੀਆ ਗਾਂਧੀ ਨੇ ਡਾ. ਵੇਰੋਨੇਸੀ ਤੋਂ ਆਪਰੇਸ਼ਨ ਕਰਵਾਉਣ ਦਾ ਫ਼ੈਸਲਾ ਕੀਤਾ। ਡਾ. ਵੇਰੋਨੇਸੀ ਇੱਕ ਪ੍ਰਸਿੱਧ ਸਰਜਨ ਸਨ, ਜੋ ‘ਯੂਰਪੀਅਨ ਇੰਸਟੀਚਿਊਟ’ ਦੇ ਸੰਸਥਾਪਕ ਅਤੇ ਮੁਖੀ ਸਨ।
ਆਪਣੀ ਕਿਤਾਬ ‘ਬਿਲੌਂਗਿੰਗ: ਅ ਜਰਨੀ ਆਫ਼ ਲਵ’ ਵਿੱਚ ਸੋਨੀਆ ਲਿਖਦੀ ਹਨ, “ਸਰਜਰੀ ਵਾਲੇ ਦਿਨ, ਜਦੋਂ ਮੈਨੂੰ ਵ੍ਹੀਲਚੇਅਰ ‘ਤੇ ਆਪਰੇਸ਼ਨ ਥੀਏਟਰ ਲਿਜਾਇਆ ਜਾ ਰਿਹਾ ਸੀ, ਤਾਂ ਰਾਹੁਲ ਅਤੇ ਪ੍ਰਿਯੰਕਾ ਨੇ ਮੇਰਾ ਹੱਥ ਫੜਿਆ ਅਤੇ ਮੇਰੇ ਮੱਥੇ ਨੂੰ ਚੁੰਮਿਆ। ਉਨ੍ਹਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਸਭ ਕੁਝ ਠੀਕ ਹੋ ਜਾਵੇਗਾ।” ਅੱਜ ਉਹ ਸਿਹਤਮੰਦ ਜੀਵਨ ਬਤੀਤ ਕਰ ਰਹੀ ਹਨ।
