ਚੰਡੀਗੜ੍ਹ, 27 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੰਗਲ ਵਿਖੇ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਭਜਨ ਸੰਧਿਆ ਵਿੱਚ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਨੇ ਸੂਬੇ ਵਿੱਚ ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਨ, ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਸਰਬਪੱਖੀ ਵਿਕਾਸ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀਆਂ ਪਹਿਲਕਦਮੀਆਂ ’ਤੇ ਚਾਨਣਾ ਪਾਇਆ।

‘ਆਪ’ ਮੁਖੀ ਨੇ ਐਲਾਨ ਕੀਤਾ ਕਿ ਪਟਿਆਲਾ ਸਥਿਤ ਮਾਤਾ ਕਾਲੀ ਮੰਦਰ ਲਗਪਗ ਤਿਆਰ ਹੈ ਅਤੇ ਇਸ ਦਾ ਉਦਘਾਟਨ 13 ਦਸੰਬਰ ਨੂੰ ਕੀਤਾ ਜਾਵੇਗਾ, ਜਦੋਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀਆਂ ਨੂੰ ਧਰਮ ਜਾਂ ਜਾਤ ਦੇ ਆਧਾਰ ’ਤੇ ਵੰਡਣ ਦੀ ਕੋਈ ਵੀ ਕੋਸ਼ਿਸ਼ ਸੂਬੇ ਦੀ ਭਾਈਚਾਰਕ ਸਾਂਝ ਨੂੰ ਕਮਜ਼ੋਰ ਨਹੀਂ ਕਰ ਸਕਦੀ। ਸ਼ਰਧਾਲੂਆਂ ਦੇ ਇਸ ਵਿਸ਼ਾਲ ਇਕੱਠ ਦੌਰਾਨ ਦੋਵਾਂ ਆਗੂਆਂ ਨੇ ਕਿਹਾ ਕਿ ਹਰ ਧਰਮ ਦਾ ਸਤਿਕਾਰ ਕਰਨ ਅਤੇ ਰਲ-ਮਿਲ ਕੇ ਤਿਉਹਾਰ ਮਨਾਉਣ ਦੀ ਪੰਜਾਬ ਦੀ ਪਰੰਪਰਾ ਹੀ ਇਸ ਦੀ ਸਭ ਤੋਂ ਵੱਡੀ ਤਾਕਤ ਹੈ।

ਇਕੱਠ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਟੇਜ ’ਤੇ ਬਿਰਾਜਮਾਨ ਸੰਤਾਂ-ਮਹਾਂਪੁਰਸ਼ਾਂ ਅਤੇ ਧਾਰਮਿਕ ਆਗੂਆਂ ਦਾ ਸਵਾਗਤ ਕੀਤਾ ਅਤੇ ਇਸ ਸ਼ੁਭ ਮੌਕੇ ’ਤੇ ਆਸ਼ੀਰਵਾਦ ਦੇਣ ਲਈ ਸਮਾਂ ਕੱਢਣ ਵਾਸਤੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਭਗਤੀਮਈ ਸ਼ਾਮ ਦਾ ਹਿੱਸਾ ਬਣੇ ਪ੍ਰਸਿੱਧ ਗਾਇਕ ਕੈਲਾਸ਼ ਖੇਰ ਅਤੇ ਹੰਸਰਾਜ ਰਘੂਵੰਸ਼ੀ ਦਾ ਵੀ ਸਵਾਗਤ ਕੀਤਾ। ‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ, “ਭਗਵੰਤ ਮਾਨ ਸਰਕਾਰ ਨੇ ਸਨਾਤਨ ਧਰਮ ਲਈ ਜਿੰਨਾ ਕੰਮ ਕੀਤਾ ਹੈ, ਉਹ ਬੇਮਿਸਾਲ ਹੈ। ਮੈਨੂੰ ਨਹੀਂ ਲੱਗਦਾ ਕਿ ਪੂਰੇ ਭਾਰਤ ਵਿੱਚ ਕਿਸੇ ਵੀ ਸਰਕਾਰ ਨੇ ਸਨਾਤਨ ਧਰਮ ਦੇ ਪੈਰੋਕਾਰਾਂ ਲਈ ਐਨਾ ਕੰਮ ਕੀਤਾ ਹੋਵੇ, ਜਿੰਨਾ ਭਗਵੰਤ ਮਾਨ ਸਰਕਾਰ ਨੇ ਕੀਤਾ ਹੈ।”

‘ਆਪ’ ਮੁਖੀ ਨੇ ਕਿਹਾ, “ਪੂਰੇ ਪੰਜਾਬ ਵਿੱਚ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਕਿਸੇ ਵੀ ਸਰਕਾਰ ਨੇ ਕਦੇ ਵੀ ਇੰਨੇ ਵੱਡੇ ਪੱਧਰ ’ਤੇ ਧਾਰਮਿਕ ਪ੍ਰੋਗਰਾਮ ਨਹੀਂ ਕਰਵਾਏ। ਜਿੱਥੇ ਵੀ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਉੱਥੇ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ ਅਤੇ ਭਜਨਾਂ ਰਾਹੀਂ ਭਗਵਾਨ ਸ਼ਿਵ ਦੀ ਭਗਤੀ ਦਾ ਆਨੰਦ ਮਾਣ ਰਹੇ ਹਨ।”

ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀ ਪਛਾਣ ਇਸ ਦੇ ਸੱਭਿਆਚਾਰ, ਰਵਾਇਤਾਂ ਅਤੇ ਵੱਖ-ਵੱਖ ਧਾਰਮਿਕ ਭਾਈਚਾਰਿਆਂ ਦੇ ਆਪਸੀ ਸਤਿਕਾਰ ਵਿੱਚ ਵਸੀ ਹੋਈ ਹੈ। ਉਨ੍ਹਾਂ ਕਿਹਾ, “ਇਹ ਪੰਜਾਬ ਹੈ, ਜਿੱਥੇ ਸਾਰੇ ਧਾਰਮਿਕ ਜੈਕਾਰੇ ਅਤੇ ਨਾਅਰੇ ਇਕੱਠੇ ਗੂੰਜਦੇ ਹਨ। ਪੰਜਾਬ ਬਹੁਤ ਹੀ ਉਪਜਾਊ ਧਰਤੀ ਹੈ। ਇਸ ਮਿੱਟੀ ਵਿੱਚ ਲਗਪਗ ਹਰ ਬੀਜ ਉੱਗ ਸਕਦਾ ਹੈ, ਪਰ ਨਫ਼ਰਤ ਦਾ ਬੀਜ ਇੱਥੇ ਕਦੇ ਜੜ੍ਹ ਨਹੀਂ ਫੜ ਸਕਦਾ। ਸਾਡੀ ਰਾਮ ਨੌਮੀ ਸਾਂਝੀ ਹੈ, ਸਾਡੇ ਗੁਰਪੁਰਬ ਸਾਂਝੇ ਹਨ, ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਾਂਝੇ ਹਨ ਅਤੇ ਸਾਡੀ ਈਦ ਵੀ ਸਾਂਝੀ ਹੈ। ਸਾਡੇ ਸਾਰੇ ਤਿਉਹਾਰ ਸਭ ਦੇ ਸਾਂਝੇ ਹਨ।”

ਭਾਈਚਾਰਕ ਸਾਂਝ ਦੀ ਭਾਵਨਾ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਇੱਕ-ਦੂਜੇ ਦੇ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਹਨ ਅਤੇ ਹਰ ਧਰਮ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ, “ਅਸੀਂ ਇੱਥੇ ਇੱਕ-ਦੂਜੇ ਦੇ ਧਾਰਮਿਕ ਤਿਉਹਾਰਾਂ ਵਿੱਚ ਸ਼ਾਮਲ ਹੋਣ ਲਈ ਆਏ ਹਾਂ। ਅੱਜ ਵੱਖ-ਵੱਖ ਧਰਮਾਂ ਦੇ ਲੋਕ ਇਕੱਠੇ ਬੈਠੇ ਹਨ। ਜਿੱਥੇ ਤੁਹਾਡਾ ਦਿਲ ਕਰਦਾ ਹੈ, ਉੱਥੇ ਜਾਓ ਅਤੇ ਜਿੱਥੇ ਤੁਹਾਡੀ ਸ਼ਰਧਾ ਹੈ, ਉੱਥੇ ਸਿਰ ਝੁਕਾਓ। ਇਹੀ ਪੰਜਾਬ ਦੀ ਖ਼ੂਬਸੂਰਤੀ ਹੈ। ਅੱਜ ਤੁਸੀਂ ਜੋ ਪਿਆਰ ਦਿਖਾਇਆ ਹੈ, ਉਹ ਸਾਡੇ ਭਾਈਚਾਰੇ ਅਤੇ ਸਾਂਝੇ ਸੱਭਿਆਚਾਰ ਦਾ ਪ੍ਰਤੀਬਿੰਬ ਹੈ।”

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।