11 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : 9 ਨਵੰਬਰ ਤੋਂ ਕੈਂਸਰ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ। ਕੇਂਦਰ ਸਰਕਾਰ ਨੇ ਕੈਂਸਰ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ 137 ਦਵਾਈਆਂ ਦੀਆਂ ਕੀਮਤਾਂ ਘਟਾਉਣ ਦਾ ਵੱਡਾ ਫੈਸਲਾ ਲਿਆ ਹੈ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਵੱਲੋਂ ਇਨ੍ਹਾਂ ਦਵਾਈਆਂ ‘ਤੇ ਟ੍ਰੇਡ ਮਾਰਜਿਨ ਤੈਅ ਕੀਤਾ ਗਿਆ ਹੈ। ਨਵੀਆਂ ਕੀਮਤਾਂ ਲਾਗੂ ਹੋਣ ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸਾਲ ਲਗਭਗ 3,502.31 ਕਰੋੜ ਰੁਪਏ ਦੀ ਬਚਤ ਹੋਣ ਦਾ ਅਨੁਮਾਨ ਹੈ।
137 ਕੈਂਸਰ ਦਵਾਈਆਂ ਦੀਆਂ ਕੀਮਤਾਂ ਹੋਣਗੀਆਂ ਘੱਟ
ਰਸਾਇਣ ਅਤੇ ਖਾਦ ਮੰਤਰਾਲੇ ਦੇ ਅਧੀਨ ਆਉਣ ਵਾਲੇ ਦਵਾਈ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ, NPPA ਨੇ ਕੈਂਸਰ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ 137 ਦਵਾਈਆਂ ‘ਤੇ ਟ੍ਰੇਡ ਮਾਰਜਿਨ ਫਿਕਸ ਕੀਤਾ ਹੈ। ਇਹ ਫੈਸਲਾ ਡਾਇਰੈਕਟੋਰੇਟ ਜਨਰਲ ਆਫ ਹੈਲਥ ਸਰਵਿਸਿਜ਼ (DGHS) ਦੇ ਅਧੀਨ ਬਣਾਈ ਗਈ ਮਾਹਿਰ ਕਮੇਟੀ ਦੀ 17 ਅਕਤੂਬਰ ਨੂੰ ਦਿੱਤੀ ਗਈ ਸਿਫਾਰਸ਼ ਤੋਂ ਬਾਅਦ ਲਿਆ ਗਿਆ ਹੈ। ਸਰਕਾਰ ਦਾ ਮਕਸਦ ਕੈਂਸਰ ਦੇ ਇਲਾਜ ਨੂੰ ਆਮ ਲੋਕਾਂ ਦੀ ਪਹੁੰਚ ਵਿੱਚ ਲਿਆਉਣਾ ਅਤੇ ਮਹਿੰਗੀਆਂ ਦਵਾਈਆਂ ਕਾਰਨ ਮਰੀਜ਼ਾਂ ‘ਤੇ ਪੈਣ ਵਾਲੇ ਆਰਥਿਕ ਬੋਝ ਨੂੰ ਘਟਾਉਣਾ ਹੈ।
76 ਕੰਪਨੀਆਂ ਨੇ ਜਮ੍ਹਾਂ ਕਰਵਾਈਆਂ ਨਵੀਆਂ MRP
ਸਰਕਾਰੀ ਬਿਆਨ ਮੁਤਾਬਕ, ਹੁਣ ਤੱਕ 76 ਦਵਾਈ ਕੰਪਨੀਆਂ ਨੇ 121 ਦਵਾਈਆਂ ਦੇ 1,225 ਫਾਰਮੂਲੇਸ਼ਨ ਦੀਆਂ ਨਵੀਆਂ MRP ਜਮ੍ਹਾਂ ਕਰਵਾਈਆਂ ਹਨ। ਇਨ੍ਹਾਂ ਵਿੱਚੋਂ 1,031 ਫਾਰਮੂਲੇਸ਼ਨ ਦੀਆਂ ਕੀਮਤਾਂ ਵਿੱਚ ਕਮੀ ਦਰਜ ਕੀਤੀ ਗਈ ਹੈ। ਲਗਭਗ 600 ਬ੍ਰਾਂਡਾਂ ਦੀਆਂ ਕੀਮਤਾਂ 50 ਫੀਸਦੀ ਤੋਂ ਵੱਧ ਘਟੀਆਂ ਹਨ, ਜਦਕਿ ਸਭ ਤੋਂ ਵੱਧ ਕੀਮਤ ਵਿੱਚ ਕਟੌਤੀ 96.45 ਫੀਸਦੀ ਤੱਕ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ, 10 ਤੋਂ 15 ਅਜਿਹੀਆਂ ਦਵਾਈਆਂ ਵੀ ਹਨ ਜੋ ਅਜੇ ਭਾਰਤੀ ਬਾਜ਼ਾਰ ਵਿੱਚ ਉਪਲਬਧ ਨਹੀਂ ਹਨ। ਇਨ੍ਹਾਂ ਦੇ ਬਾਜ਼ਾਰ ਵਿੱਚ ਆਉਣ ਤੋਂ ਬਾਅਦ ਇਨ੍ਹਾਂ ‘ਤੇ ਵੀ ਤੈਅ ਟ੍ਰੇਡ ਮਾਰਜਿਨ ਨਿਯਮ ਲਾਗੂ ਹੋਣਗੇ।
40,421 ਰੁਪਏ ਵਾਲੀ ਦਵਾਈ ਹੁਣ 2,720 ਰੁਪਏ ਵਿੱਚ
ਸਰਕਾਰ ਦੇ ਇਸ ਫੈਸਲੇ ਨਾਲ ਕਈ ਮਹਿੰਗੀਆਂ ਕੈਂਸਰ ਦਵਾਈਆਂ ਦੀਆਂ ਕੀਮਤਾਂ ਵਿੱਚ ਵੱਡੀ ਕਮੀ ਆਈ ਹੈ। ਉਦਾਹਰਨ ਵਜੋਂ, RPG Life Sciences ਦੀ ਛਾਤੀ ਦੇ ਕੈਂਸਰ ਦੇ ਇਲਾਜ ਵਿੱਚ ਵਰਤੀ ਜਾਣ ਵਾਲੀ ‘ਪੈਲਬੋਪ੍ਰੋ’ (Palbociclib 125 mg) ਕੈਪਸੂਲ ਦੀ ਕੀਮਤ ਪਹਿਲਾਂ 40,421.33 ਰੁਪਏ ਸੀ, ਜੋ ਹੁਣ ਘਟ ਕੇ 2,720 ਰੁਪਏ ਰਹਿ ਗਈ ਹੈ। ਇਸੇ ਤਰ੍ਹਾਂ, ਪ੍ਰੋਸਟੇਟ ਕੈਂਸਰ ਦੇ ਇਲਾਜ ਵਿੱਚ ਵਰਤੀ ਜਾਣ ਵਾਲੀ Arvincare Pharma ਦੀ ‘ਅਬਿਰੋਨ’ (Abiraterone Acetate 250 mg) ਟੈਬਲੇਟ ਦੀ ਕੀਮਤ 41,250 ਰੁਪਏ ਤੋਂ ਘਟ ਕੇ 3,218.23 ਰੁਪਏ ਹੋ ਗਈ ਹੈ।
