ਨਵੀਂ ਦਿੱਲੀ 06 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਕੇਂਦਰ ਸਰਕਾਰ ਨੇ ਭਾਰਤ ਵਿੱਚ ਆਉਣ-ਜਾਣ ਵਾਲੇ ਗੁਆਂਢੀ ਦੇਸ਼ਾਂ ਦੇ ਨਾਗਰਿਕਾਂ ਲਈ ਨਿਯਮ ਸਖ਼ਤ ਕੀਤੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਇਸ ਨਵੇਂ ਫੈਸਲੇ ਦਾ ਅਸਰ ਬੰਗਲਾਦੇਸ਼, ਪਾਕਿਸਤਾਨ, ਅਫਗਾਨਿਸਤਾਨ ਦੇ ਘੱਟ-ਗਿਣਤੀਆਂ ਦੇ ਨਾਲ-ਨਾਲ ਨੇਪਾਲ ਅਤੇ ਭੂਟਾਨ ਦੇ ਰਸਤੇ ਆਵਾਜਾਈ ਕਰਨ ਵਾਲੇ ਲੋਕਾਂ ‘ਤੇ ਵੀ ਪਵੇਗਾ।
ਭਾਰਤ ਸਰਕਾਰ ਨੇ ਆਪਣੇ ਗੁਆਂਢੀ ਦੇਸ਼ਾਂ ਦੇ ਲੋਕਾਂ ਲਈ ਵੀਜ਼ਾ ਅਤੇ ਪਾਸਪੋਰਟ ਦੇ ਨਿਯਮਾਂ ਨੂੰ ਸਖ਼ਤ ਕਰਦਿਆਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਦੇ ਤਹਿਤ ਛੇ ਗੈਰ-ਮੁਸਲਿਮ ਭਾਈਚਾਰਿਆਂ ਲਈ ਵੀਜ਼ਾ ਜ਼ਰੂਰੀ ਕੀਤਾ ਗਿਆ ਹੈ, ਜਿਸ ਵਿੱਚ ਅਫਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਦੇ ਨਾਗਰਿਕ ਸ਼ਾਮਲ ਹੋਣਗੇ।
ਨਿਯਮ ’ਚ ਕੀ ਹੋਇਆ ਬਦਲਾਅ
ਦੱਸ ਦੇਈਏ ਕਿ ਇਹ ਨਿਯਮ ਉਨ੍ਹਾਂ ਲੋਕਾਂ ‘ਤੇ ਹੀ ਲਾਗੂ ਹੋਵੇਗਾ ਜੋ ਕੁਝ ਸਮਾਂ ਪਹਿਲਾਂ ਧਾਰਮਿਕ ਉਤਪੀੜਨ ਜਾਂ ਇਸ ਦੇ ਡਰ ਤੋਂ 31 ਦਸੰਬਰ 2024 ਤੱਕ ਭਾਰਤ ਵਿੱਚ ਆਏ ਹਨ। ਅਜਿਹੇ ਲੋਕਾਂ ਕੋਲ ਵੈਧ ਯਾਤਰਾ ਦਸਤਾਵੇਜ਼ ਨਹੀਂ ਸਨ ਜਾਂ ਉਨ੍ਹਾਂ ਦੇ ਦਸਤਾਵੇਜ਼ ਬਾਅਦ ਵਿੱਚ ਸਮਾਪਤ ਹੋ ਗਏ ਸਨ। ਤਾਜ਼ਾ ਨੋਟੀਫਿਕੇਸ਼ਨ, ਜੋ ਬੁੱਧਵਾਰ ਨੂੰ ਜਾਰੀ ਕੀਤਾ ਗਿਆ, ਦੇ ਮੁਤਾਬਕ ਭਾਰਤ ਵਿੱਚ ਰਹਿਣ ਲਈ ਅਜਿਹੇ ਲੋਕਾਂ ਨੂੰ ਹੁਣ ਉਚਿਤ ਸ਼੍ਰੇਣੀ ਦਾ ਵੀਜ਼ਾ ਲੈਣਾ ਪਵੇਗਾ।
ਕਿਸ ‘ਤੇ ਪਵੇਗਾ ਅਸਰ
ਇਸ ਨਵੇਂ ਨਿਯਮ ਦੇ ਘੇਰੇ ਵਿੱਚ ਹਿੰਦੂ, ਸਿੱਖ, ਬੁੱਧ, ਜੈਨ, ਪਾਰਸੀ ਅਤੇ ਈਸਾਈ ਭਾਈਚਾਰੇ ਨਾਲ ਜੁੜੇ ਲੋਕ ਆਉਣਗੇ। ਇਸ ਤੋਂ ਪਹਿਲਾਂ ਅਫਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਆਏ ਇਨ੍ਹਾਂ ਭਾਈਚਾਰਿਆਂ ਨੂੰ ਸਤੰਬਰ 2025 ਦੇ ਹੁਕਮ ਵਿੱਚ ਪਾਸਪੋਰਟ ਅਤੇ ਵੀਜ਼ਾ ਦੀ ਸ਼ਰਤ ਤੋਂ ਛੋਟ ਦਿੱਤੀ ਗਈ ਸੀ।
ਨੇਪਾਲ ਅਤੇ ਭੂਟਾਨ ਰੂਟ ‘ਤੇ ਵੀ ਸਖ਼ਤੀ
ਹੁਣ ਭਾਰਤ, ਨੇਪਾਲ ਅਤੇ ਭੂਟਾਨ ਦੇ ਨਾਗਰਿਕਾਂ ਨੂੰ ਇੱਕ-ਦੂਜੇ ਦੇ ਦੇਸ਼ ਵਿੱਚ ਆਉਣ-ਜਾਣ ਲਈ ‘ਵੀਜ਼ਾ ਮੈਨੂਅਲ’ ਦੇ ਤਹਿਤ ਤੈਅ ਮਾਨਤਾ ਪ੍ਰਾਪਤ ਪਛਾਣ ਦਸਤਾਵੇਜ਼ ਦਿਖਾਉਣ ਦੀ ਲੋੜ ਪਵੇਗੀ। ਜੇਕਰ ਕੋਈ ਭਾਰਤੀ ਨਾਗਰਿਕ ਨੇਪਾਲ ਜਾਂ ਭੂਟਾਨ ਦੇ ਰਸਤੇ ਕਿਸੇ ਤੀਜੇ ਦੇਸ਼ ਜਾ ਰਿਹਾ ਹੈ ਤਾਂ ਉਸ ਕੋਲ ਵੈਧ ਪਾਸਪੋਰਟ ਹੋਣਾ ਜ਼ਰੂਰੀ ਹੈ। ਹੁਣ ਉਸ ਨੂੰ ਤੈਅ ਚੈੱਕਪੁਆਇੰਟਸ ਤੋਂ ਹੀ ਲੰਘਣਾ ਪਵੇਗਾ।
ਇਸ ਰੂਟ ਤੋਂ ਆਉਣ ਵਾਲਿਆਂ ਲਈ ਨਿਯਮ ਸਖ਼ਤ
ਉੱਥੇ ਹੀ, ਜੇਕਰ ਨੇਪਾਲ ਅਤੇ ਭੂਟਾਨ ਦੇ ਨਾਗਰਿਕ ਚੀਨ, ਪਾਕਿਸਤਾਨ, ਹਾਂਗਕਾਂਗ ਜਾਂ ਮਕਾਊ ਤੋਂ ਹੋ ਕੇ ਭਾਰਤ ਆ ਰਹੇ ਹਨ, ਤਾਂ ਉਨ੍ਹਾਂ ਲਈ ਵੀ ਵੈਧ ਪਾਸਪੋਰਟ ਅਤੇ ਵੀਜ਼ਾ ਦਿਖਾਉਣਾ ਹੁਣ ਲਾਜ਼ਮੀ ਹੋ ਗਿਆ ਹੈ। ਕੇਂਦਰ ਸਰਕਾਰ ਨੇ ਦੇਸ਼ ਵਿੱਚ ਰਹਿ ਰਹੇ ਸ਼੍ਰੀਲੰਕਾਈ ਤਾਮਿਲ ਸ਼ਰਨਾਰਥੀਆਂ ਅਤੇ ਤਿੱਬਤੀ ਨਾਗਰਿਕਾਂ ਲਈ ਪਾਸਪੋਰਟ ਅਤੇ ਵੀਜ਼ਾ ਨਾਲ ਜੁੜੀ ਕਾਨੂੰਨੀ ਛੋਟ ਜਾਰੀ ਰੱਖੀ ਹੈ।
