22 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਏਸ਼ਿਆਈ ਪੈਰਾ ਖੇਡਾਂ ਵਿੱਚ ਭਾਰਤੀ ਤੈਰਾਕ ਹਿਮਾਂਸ਼ੂ ਨੰਦਲ ਨੇ ਅੱਜ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ਾਂ ਦੇ 100 ਮੀਟਰ ਬ੍ਰੈਸਟਸਟਰੋਕ ਐੱਸ 11 ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਹੈ। ਇਹ ਇਸ ਟੂਰਨਾਮੈਂਟ ਵਿੱਚ ਉਸ ਦਾ ਦੂਜਾ ਕਾਂਸੇ ਦਾ ਤਗ਼ਮਾ ਹੈ। ਹਰਿਆਣਾ ਦੇ ਰੋਹਤਕ ਨਾਲ ਸਬੰਧਤ 22 ਸਾਲਾ ਹਿਮਾਂਸ਼ੂ ਜਨਮ ਤੋਂ ਹੀ ਪੂਰੀ ਤਰ੍ਹਾਂ ਨੇਤਰਹੀਣ ਹੈ। ਉਸ ਨੇ 1:20.72 ਸਕਿੰਟ ਦਾ ਸਮਾਂ ਕੱਢ ਕੇ ਤੀਜਾ ਸਥਾਨ ਹਾਸਲ ਕੀਤਾ। ਚੀਨ ਦੇ ਯਾਂਗ ਬੋਜ਼ੁਨ ਨੇ 1:12.69 ਸਕਿੰਟ ਦੇ ਨਵੇਂ ਰਿਕਾਰਡ ਨਾਲ ਸੋਨੇ ਅਤੇ ਜਪਾਨ ਦੇ ਕੇਈਚੀ ਕਿਮੂਰਾ ਨੇ 1:12.72 ਸਕਿੰਟ ਦੇ ਸਮੇਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਹਿਮਾਂਸ਼ੂ ਨੇ ਬੀਤੇ ਦਿਨ 400 ਮੀਟਰ ਫਰੀਸਟਾਈਲ ਐੱਸ 11 ਮੁਕਾਬਲੇ ਵਿੱਚ 5:10.91 ਸਕਿੰਟ ਦਾ ਸਮਾਂ ਕੱਢ ਕੇ ਆਪਣਾ ਪਹਿਲਾ ਕਾਂਸੇ ਦਾ ਤਗ਼ਮਾ ਜਿੱਤਿਆ ਸੀ।
