22 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਏਸ਼ਿਆਈ ਪੈਰਾ ਖੇਡਾਂ ਦੇ ਐਥਲੈਟਿਕਸ ਮੁਕਾਬਲਿਆਂ ਵਿੱਚ ਭਾਰਤੀ ਐਥਲੀਟਾਂ ਨੇ ਅੱਜ ਪੰਜ ਸੋਨ ਤਗ਼ਮਿਆਂ ਸਮੇਤ ਕੁੱਲ 22 ਤਗ਼ਮੇ ਦੇਸ਼ ਦੀ ਝੋਲੀ ਪਾਏ। ਇਸ ਦੇ ਨਾਲ ਹੀ ਇਨ੍ਹਾਂ ਖੇਡਾਂ ਵਿੱਚ ਭਾਰਤ ਦੇ ਕੁੱਲ ਤਗ਼ਮਿਆਂ ਦੀ ਗਿਣਤੀ 62 ਹੋ ਗਈ ਹੈ, ਜਿਸ ਵਿੱਚ 14 ਸੋਨੇ, 22 ਚਾਂਦੀ ਅਤੇ 26 ਕਾਂਸੇ ਦੇ ਤਗ਼ਮੇ ਸ਼ਾਮਲ ਹਨ। ਦੇਸ਼ ਵੱਲੋਂ ਹੁਣ ਤੱਕ ਜਿੱਤੇ ਗਏ ਕੁੱਲ 14 ਸੋਨ ਤਗ਼ਮਿਆਂ ’ਚੋਂ 13 ਸਿਰਫ਼ ਐਥਲੈਟਿਕਸ ਵਿੱਚੋਂ ਆਏ ਹਨ। ਇਸੇ ਤਰ੍ਹਾਂ 22 ’ਚੋਂ 14 ਚਾਂਦੀ ਅਤੇ 26 ’ਚੋਂ 15 ਕਾਂਸੇ ਦੇ ਤਗ਼ਮੇ ਵੀ ਐਥਲੀਟਾਂ ਨੇ ਹੀ ਜਿੱਤੇ ਹਨ। ਨੇਤਰਹੀਣ ਦੌੜਾਕ ਸਿਮਰਨ ਨੇ ਕੁੜੀਆਂ ਦੀ 100 ਮੀਟਰ ਟੀ 12 ਦੌੜ ਵਿੱਚ 12.02 ਸਕਿੰਟ ਦਾ ਸਮਾਂ ਕੱਢ ਕੇ ਨਵਾਂ ਖੇਡ ਰਿਕਾਰਡ ਬਣਾਇਆ ਅਤੇ ਸੋਨੇ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਪੁਰਸ਼ਾਂ ਦੀ ਉੱਚੀ ਛਾਲ (ਟੀ 44/64) ਵਿੱਚ ਪਰਵੀਨ ਕੁਮਾਰ ਨੇ 2.05 ਮੀਟਰ ਦੀ ਛਾਲ ਨਾਲ ਅਤੇ ਪੁਰਸ਼ਾਂ ਦੇ ਸ਼ਾਟ ਪੁੱਟ (ਗੋਲਾ ਸੁੱਟਣਾ) (ਐੱਫ 46) ਵਿੱਚ ਸਚਿਨ ਨੇ 15.87 ਮੀਟਰ ਦੀ ਥਰੋਅ ਨਾਲ ਨਵੇਂ ਖੇਡ ਰਿਕਾਰਡ ਕਾਇਮ ਕਰਦਿਆਂ ਸੋਨ ਤਗ਼ਮੇ ਜਿੱਤੇ। ਸਚਿਨ ਨੇ 15.67 ਮੀਟਰ ਦਾ ਪੁਰਾਣਾ ਰਿਕਾਰਡ ਤੋੜਿਆ। ਇਨ੍ਹਾਂ ਤੋਂ ਇਲਾਵਾ ਦਿਲੀਪ ਗਾਵਿਤ ਨੇ ਪੁਰਸ਼ਾਂ ਦੀ 100 ਮੀਟਰ ਟੀ 47 ਦੌੜ ਅਤੇ ਆਯੂਸ਼ ਵਰਮਾ ਨੇ ਪੁਰਸ਼ਾਂ ਦੇ ਗੋਲਾ ਸੁੱਟਣ ਦੇ ਐੱਫ 53 ਮੁਕਾਬਲੇ ਵਿੱਚ ਸੋਨੇ ਦਾ ਤਗ਼ਮਾ ਆਪਣੇ ਨਾਮ ਕੀਤਾ। ਦੂਜੇ ਪਾਸੇ ਪੈਰਾਲੰਪਿਕਸ ਜੇਤੂ ਪ੍ਰੀਤੀ ਪਾਲ ਨੇ ਕੁੜੀਆਂ ਦੀ 100 ਮੀਟਰ ਟੀ 35 ਦੌੜ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ, ਜੋ ਇਸ ਟੂਰਨਾਮੈਂਟ ਵਿੱਚ ਉਸ ਦਾ ਦੂਜਾ ਤਗ਼ਮਾ ਹੈ। ਇਸ ਤੋਂ ਇਲਾਵਾ ਬੰਟੀ (ਉੱਚੀ ਛਾਲ), ਭਾਗਿਆਸ੍ਰੀ ਜਾਧਵ (ਗੋਲਾ ਸੁੱਟਣਾ), ਮੁਹੰਮਦ ਯਾਸਰ (ਗੋਲਾ ਸੁੱਟਣਾ), ਮਨਜੀਤ (ਨੇਜ਼ਾਬਾਜ਼ੀ) ਅਤੇ ਮੁਹੰਮਦ ਮੁਰਸੀਨਗਨਕਥ ਬਾਸਿਲ (100 ਮੀਟਰ ਦੌੜ) ਨੇ ਆਪੋ-ਆਪਣੇ ਵਰਗਾਂ ਵਿੱਚ ਚਾਂਦੀ ਦੇ ਤਗ਼ਮੇ ਜਿੱਤੇ। ਅਨੁਭਵ ਚੌਧਰੀ, ਰਾਕੇਸ਼ਭਾਈ ਭੱਟ (ਦੋਵੇਂ 100 ਮੀਟਰ ਦੌੜ) ਅਤੇ ਪਰਵੀਨ (ਗੋਲਾ ਸੁੱਟਣਾ) ਨੇ ਕਾਂਸੇ ਦੇ ਤਗ਼ਮੇ ਜਿੱਤੇ। ਜ਼ਿਕਰਯੋਗ ਹੈ ਕਿ ਸਿਮਰਨ ਨੇ ਇਸ ਤੋਂ ਪਹਿਲਾਂ 200 ਮੀਟਰ ਵਿੱਚ ਸੋਨੇ ਅਤੇ ਪ੍ਰੀਤੀ ਨੇ ਵੀ 200 ਮੀਟਰ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।