ਜੈਪੁਰ 14 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) – ਜਰਮਨੀ ਦੇ ਫ੍ਰੈਂਕਫਰਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੁਰੱਖਿਆ ਦੇ ਮੱਦੇਨਜ਼ਰ ਉਡਾਣ ਦਾ ਰੂਟ ਬਦਲ ਕੇ ਇਸ ਨੂੰ ਤੁਰੰਤ ਜੈਪੁਰ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ, ਜਿੱਥੇ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਫਿਲਹਾਲ ਜਹਾਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਸਮਾਚਾਰ ਏਜੰਸੀ ਪੀਟੀਆਈ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਬੁੱਧਵਾਰ ਸਵੇਰੇ ਫ੍ਰੈਂਕਫਰਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਜੈਪੁਰ ਵੱਲ ਮੋੜ ਦਿੱਤਾ ਗਿਆ। ਬੋਇੰਗ 787-9 ਜਹਾਜ਼ ਰਾਹੀਂ ਚੱਲ ਰਹੀ ਉਡਾਣ AI2030 ਨੇ ਜੈਪੁਰ ਇੰਟਰਨੈਸ਼ਨਲ ਏਅਰਪੋਰਟ ’ਤੇ ਐਮਰਜੈਂਸੀ ਲੈਂਡਿੰਗ ਕੀਤੀ। ਸੁਰੱਖਿਆ ਜਾਂਚ ਲਈ ਜਹਾਜ਼ ਨੂੰ ਵੱਖਰੇ ਸੁਰੱਖਿਅਤ ਖੇਤਰ (ਆਈਸੋਲੇਸ਼ਨ ਬੇ) ‘ਚ ਲਿਜਾਇਆ ਗਿਆ ਹੈ।
ਮਾਲਵੀਆ ਨਗਰ ਦੇ ਸਹਾਇਕ ਪੁਲਿਸ ਕਮਿਸ਼ਨਰ ਸ਼ਿਵ ਦਿਆਲ ਨੇ ਦੱਸਿਆ ਕਿ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਬੰਬ ਦੀ ਧਮਕੀ ਤੋਂ ਬਾਅਦ ਫ੍ਰੈਂਕਫਰਟ-ਦਿੱਲੀ ਉਡਾਣ ਦੀ ਐਮਰਜੈਂਸੀ ਲੈਂਡਿੰਗ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ। ਫਿਲਹਾਲ ਜਹਾਜ਼ ‘ਚ ਸਵਾਰ ਯਾਤਰੀਆਂ ਦੀ ਗਿਣਤੀ ਬਾਰੇ ਤੁਰੰਤ ਜਾਣਕਾਰੀ ਨਹੀਂ ਮਿਲ ਸਕੀ।
ਸਮਾਚਾਰ ਏਜੰਸੀ ਏਐਨਆਈ ਅਨੁਸਾਰ, ਫ੍ਰੈਂਕਫਰਟ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ AI2030 ਨੂੰ ਜਹਾਜ਼ ਹਾਈਜੈਕ ਹੋਣ ਦੀ ਸੰਭਾਵਨਾ ਸਬੰਧੀ ਸੁਰੱਖਿਆ ਅਲਰਟ ਤੋਂ ਬਾਅਦ ਜੈਪੁਰ ਵੱਲ ਮੋੜ ਦਿੱਤਾ ਗਿਆ। ਜਹਾਜ਼ ਜੈਪੁਰ ਇੰਟਰਨੈਸ਼ਨਲ ਏਅਰਪੋਰਟ ’ਤੇ ਸੁਰੱਖਿਅਤ ਉਤਰਿਆ ਅਤੇ ਉਸ ਨੂੰ ਸੁਰੱਖਿਆ ਜਾਂਚ ਲਈ ਲਿਜਾਇਆ ਗਿਆ। ਅਲਰਟ ਦੀ ਜਾਂਚ ਜਾਰੀ ਹੈ।
ਸਮਾਚਾਰ ਏਜੰਸੀ ਪੀਟੀਆਈ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਪਾਇਲਟ ਨੇ ਹਾਈਜੈਕ ਅਲਰਟ ਕੋਡ ਦੀ ਵਰਤੋਂ ਕੀਤੀ ਸੀ। ਮੁੱਢਲੀ ਜਾਣਕਾਰੀ ਅਨੁਸਾਰ, ਜਦੋਂ ਜਹਾਜ਼ ਮੁੰਬਈ ਫਲਾਈਟ ਇਨਫਰਮੇਸ਼ਨ ਰੀਜਨ (FIR) ‘ਚ ਸੀ, ਤਾਂ ਪਾਇਲਟ ਨੇ ‘ਸਕੁਆਕ ਕੋਡ 7500’ ਦਬਾਇਆ। ਇਹ ਕੋਡ ਜਹਾਜ਼ ਹਾਈਜੈਕ ਹੋਣ ਜਾਂ ਗ਼ੈਰ-ਕਾਨੂੰਨੀ ਦਖ਼ਲਅੰਦਾਜ਼ੀ ਦਾ ਸੰਕੇਤ ਦਿੰਦਾ ਹੈ। ਇਸ ਮਾਮਲੇ ਸਬੰਧੀ ਹੋਰ ਵਿਸਤ੍ਰਿਤ ਜਾਣਕਾਰੀ ਦੀ ਉਡੀਕ ਹੈ।
