ਨਵੀਂ ਦਿੱਲੀ 14 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਦਿੱਲੀ ਦੇ ਜੰਤਰ-ਮੰਤਰ ’ਤੇ ਬਿਨਾਂ ਇਜਾਜ਼ਤ ਜ਼ਬਰਦਸਤੀ ਪ੍ਰਦਰਸ਼ਨ ਕਰਨਾ ਸੀਜੇਪੀ ਦੇ ਕਾਰਕੁਨਾਂ ਨੂੰ ਭਾਰੀ ਪੈ ਗਿਆ। ਪੁਲਿਸ ਨੇ ਕਾਰਵਾਈ ਕਰਦਿਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਹਿਰਾਸਤ ਵਿੱਚ ਲਿਆ ਅਤੇ ਉਨ੍ਹਾਂ ਨੂੰ 5 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਉੱਥੇ ਹੀ ਅਜਿੰਕਿਆ ਸ਼ਿੰਦੇ ਨੂੰ ਰਿਹਾਅ ਕਰ ਦਿੱਤਾ ਗਿਆ ਹੈ।

ਮੰਗਲਵਾਰ ਸਵੇਰੇ ਲਿਆ ਗਿਆ ਸੀ ਹਿਰਾਸਤ ਵਿੱਚ

ਦੱਸ ਦੇਈਏ ਕਿ ਮੰਗਲਵਾਰ ਨੂੰ ਪ੍ਰਦਰਸ਼ਨਾਂ ਲਈ ਪਾਬੰਦੀਸ਼ੁਦਾ ਦਿੱਲੀ ਦੇ ਜੰਤਰ-ਮੰਤਰ ਸਥਾਨ ’ਤੇ ਬਿਨਾਂ ਇਜਾਜ਼ਤ ਦਾਖ਼ਲ ਹੋਣ ਦੇ ਦੋਸ਼ ਹੇਠ ਦਿੱਲੀ ਪੁਲਿਸ ਨੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹੁਣ ਸੀਜੇਪੀ ਦੀ ਕਾਨੂੰਨੀ ਮਾਮਲਿਆਂ ਦੀ ਮੁਖੀ ਰਤਨਾ ਸਿੰਘ ਨੇ ਟਵੀਟ ਕਰਕੇ ਦੱਸਿਆ ਹੈ ਕਿ ਦੋਵਾਂ ਨੂੰ ਬੁੱਧਵਾਰ ਸਵੇਰੇ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ।

ਰਤਨਾ ਸਿੰਘ ਨੇ ਕਿਹਾ- 24 ਘੰਟਿਆਂ ਦੀ ਸਮਾਂ ਸੀਮਾ ਜਲਦ ਹੋਵੇਗੀ ਖ਼ਤਮ

ਇਸ ਸਬੰਧੀ ਰਤਨਾ ਸਿੰਘ ਨੇ ‘ਐਕਸ’ ’ਤੇ ਪੋਸਟ ਕਰਕੇ ਦੱਸਿਆ ਸੀ ਕਿ ਹੁਣੇ-ਹੁਣੇ ਸੂਚਨਾ ਮਿਲੀ ਹੈ ਕਿ ਸੌਰਵ, ਆਸ਼ੂਤੋਸ਼ ਅਤੇ ਅਜਿੰਕਿਆ ਸ਼ਿੰਦੇ ਨੂੰ ਇੱਕ ਘੰਟੇ ਦੇ ਅੰਦਰ ਮੰਦਰ ਮਾਰਗ ਪੁਲਿਸ ਥਾਣੇ ਸਥਿਤ ਐੱਸਸੀਐੱਮ ਦੇ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ।

ਉਨ੍ਹਾਂ ਦਿੱਲੀ ਪੁਲਿਸ ਨੂੰ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ 24 ਘੰਟਿਆਂ ਦੀ ਸਮਾਂ ਸੀਮਾ ਜਲਦ ਖ਼ਤਮ ਹੋਣ ਵਾਲੀ ਹੈ। ਮੰਗਲਵਾਰ ਸਵੇਰੇ ਜੰਤਰ-ਮੰਤਰ ’ਤੇ ਪਾਬੰਦੀ ਦੇ ਬਾਵਜੂਦ ਪ੍ਰਦਰਸ਼ਨ ਕਰਨ ਪਹੁੰਚਣ ’ਤੇ ਜਦੋਂ ਸੀਜੇਪੀ ਦੇ ਆਗੂਆਂ ਅਤੇ ਕੁਝ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਉਸੇ ਸਮੇਂ ਤੋਂ ਸੀਜੇਪੀ ਵੱਲੋਂ ਉਨ੍ਹਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਜਾ ਰਹੀ ਸੀ।

ਦਿੱਲੀ ਪੁਲਿਸ ’ਤੇ ਮਨਮਾਨੀ ਦਾ ਦੋਸ਼

ਰਤਨਾ ਸਿੰਘ ਨੇ ਦਿੱਲੀ ਪੁਲਿਸ ’ਤੇ ਮਨਮਾਨੀ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਉੱਪਰੋਂ ਦਿੱਤੇ ਗਏ ਹੁਕਮਾਂ ਅਨੁਸਾਰ ਕੰਮ ਕਰ ਰਹੀ ਹੈ ਅਤੇ ਕਾਨੂੰਨ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਹਿਰਾਸਤ ਵਿੱਚ ਲਏ ਗਏ ਕਾਰਕੁਨਾਂ ਨੂੰ ਕਰੀਬ 24 ਘੰਟਿਆਂ ਤੱਕ ਵਕੀਲਾਂ ਨਾਲ ਮਿਲਣ ਨਹੀਂ ਦਿੱਤਾ ਗਿਆ ਅਤੇ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਹਿਰਾਸਤ ਜਾਂ ਗ੍ਰਿਫ਼ਤਾਰੀ ਦੇ ਕਾਰਨਾਂ ਬਾਰੇ ਵੀ ਜਾਣਕਾਰੀ ਨਹੀਂ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਜਾ ਰਿਹਾ ਹੈ, ਜਦਕਿ ਅਪਰਾਧੀ ਸ਼ਹਿਰ ਵਿੱਚ ਖੁੱਲ੍ਹੇਆਮ ਘੁੰਮ ਰਹੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।