23 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਵਾਦਤ ਮਿਮਿਕਰੀ ਕਰ ਕੇ ਚਰਚਾ ਵਿਚ ਆਏ ਕਾਮੇਡੀ ਕਲਾਕਾਰ ਪੁਲਕਿਤ ਮਣੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨੋਇਡਾ, ਲਖਨਊ ਤੇ ਕਾਨਪੁਰ ਵਿਚ ਹੋਣ ਵਾਲੇ ਸਟੈਂਡ ਅੱਪ ਸ਼ੋਅ ਰੱਦ ਕਰ ਦਿੱਤੇ ਗਏ ਹਨ। ਮੱਧ ਪ੍ਰਦੇਸ਼ ਵਿਚ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ਸੀਨੀਅਰ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਨਾਲ ਇਕ ਸਿਆਸੀ ਮੰਚ ’ਤੇ ਮਸਖ਼ਰਾਪਣ ਕਰਨ ਵਾਲੇ ਮਣੀ ਦਾ ਦੋਸ਼ ਹੈ ਕਿ ਗੁੰਡਾ ਅਨਸਰਾਂ ਤੋਂ ਵਾਰ-ਵਾਰ ਮਿਲੀਆਂ ਧਮਕੀਆਂ ਕਾਰਨ ਉਨ੍ਹਾਂ ਨੇ ਆਪਣੇ ਅਗਲੇ ਸ਼ੋਅ ਰੱਦ ਕਰ ਦਿੱਤੇ ਹਨ।
ਮਣੀ ਉਸ ਸਮੇਂ ਵਿਵਾਦਾਂ ਦੇ ਕੇਂਦਰ ਵਿਚ ਆ ਗਏ ਜਦੋਂ ਉਨ੍ਹਾਂ ਨੇ ਇੰਦੌਰ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਚਰਚਿਤ ਪ੍ਰੋਗਰਾਮ ‘ਛਾਤਰੋਂ ਕੀ ਗੂੰਜ’ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਮਿਕਰੀ ਕੀਤੀ ਸੀ। ਆਪਣੇ ਇੰਸਟਾਗ੍ਰਾਮ ’ਤੇ ਇਕ ਪੋਸਟ ’ਚ ਕਾਮੇਡੀਅਨ ਮਣੀ ਨੇ ਕਿਹਾ ਕਿ ਉਨ੍ਹਾਂ ਦਾ ਨੋਇਡਾ ਸ਼ੋਅ ਖਾਸ ਕਾਰਨਾਂ ਕਰ ਕੇ ਰੱਦ ਕਰ ਦਿੱਤਾ ਗਿਆ ਹੈ। ਮੈਂ ਪਰੇਸ਼ਾਨੀ ਲਈ ਮਾਫ਼ੀ ਮੰਗਦਾ ਹਾਂ ਤੇ ਤੁਹਾਡੇ ਸਮਰਥਨ ਦੀ ਪ੍ਰਸ਼ੰਸਾ ਕਰਦਾ ਹਾਂ। ਉਨ੍ਹਾਂ ਦੀ ਇਹ ਪੋਸਟ ਹੁਣ ਇੰਸਟਾਗ੍ਰਾਮ ਦੀ 24 ਘੰਟੇ ਦੀ ਹੱਦ ਕਾਰਨ ਗਾਇਬ ਹੋ ਗਈ ਹੈ। ਇਕ ਹੋਰ ਪੋਸਟ ਵਿਚ ਸਟੈਂਡਅੱਪ ਕਾਮੇਡੀਅਨ ਨੇ ਆਪਣੇ ਲਖਨਊ ਤੇ ਕਾਨਪੁਰ ਸ਼ੋਅਜ਼ ਦੇ ਵੀ ਰੱਦ ਹੋਣ ਦਾ ਐਲਾਨ ਕੀਤਾ। ਮਣੀ ਨੇ ਪੋਸਟ ਕੀਤਾ, ਗੁੰਡਾ ਤੱਤਾਂ ਤੋਂ ਵਾਰ-ਵਾਰ ਧਮਕੀਆਂ ਦੇ ਕਾਰਨ ਮੇਰੇ ਲਖਨਊ ਤੇ ਕਾਨਪੁਰ ਸ਼ੋਅ ਰੱਦ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਸਟੈਂਡਅੱਪ ਕਾਮੇਡੀ ਕਰਨ ਤੋਂ ਪਹਿਲਾਂ ਪੁਲਕਿਤ ਮਣੀ ਨੋਇਡਾ ਦੇ ਇਕ ਸਕੂਲ ਵਿਚ ਫ੍ਰੈਂਚ ਪੜ੍ਹਾਉਂਦੇ ਸਨ ਤੇ ਅਨੁਵਾਦਕ ਦਾ ਕੰਮ ਕਰਦੇ ਸਨ।
