ਨਵੀਂ ਦਿੱਲੀ 21 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤੀ ਸਿਨੇਮਾ ’ਚ ਜਿੱਥੇ ਇਸ ਸਾਲ ‘ਧੁਰੰਧਰ’ ਤੇ ‘ਹਨੂਮਾਨ ਅੰਸ਼’ ਵਰਗੀਆਂ ਫ਼ਿਲਮਾਂ ਦੀ ਚਰਚਾ ਰਹੀ, ਉੱਥੇ ਆਸਕਰ 2027 ’ਚ ਨਾਗਾਲੈਂਡ ਦੀ ਫ਼ਿਲਮ ‘ਅੰਗ’ ਨੇ ਬਾਜ਼ੀ ਮਾਰੀ ਹੈ। ਆਓ ਜਾਣਦੇ ਹਾਂ ਕਿ ਇਹ ਫ਼ਿਲਮ ਕਿਹੜੀ ਹੈ ਤੇ ਇਸ ਦੀ ਕਹਾਣੀ ਕੀ ਹੈ।
TIFF ’ਚ ਜਿੱਤਿਆ ਪਲੇਟਫਾਰਮ ਪ੍ਰਾਈਜ਼
ਨਾਗਾ ਫ਼ਿਲਮਮੇਕਰ ਤੇਜਾ ਰਿਓ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ‘ਅੰਗ’ ਨੇ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ’ਚ ‘ਪਲੇਟਫਾਰਮ ਪ੍ਰਾਈਜ਼’ ਜਿੱਤਿਆ ਤੇ ਸਿੱਧੇ ਆਸਕਰ ਲਈ ਕੁਆਲੀਫਾਈ ਕਰ ਲਿਆ।
‘ਅੰਗ’ ਬਾਰੇ
ਤੇਜਾ ਰਿਓ ਵੱਲੋਂ ਨਿਰਦੇਸ਼ਿਤ ਫ਼ਿਲਮ ‘ਅੰਗ’ ਨਾਗਾਲੈਂਡ ਦੀ ਪਿਛੋਕੜ ’ਤੇ ਆਧਾਰਿਤ ਹੈ। ਫੈਸਟੀਵਲ ਦੀ ਜਿਊਰੀ ਨੇ ਇਸ ਫ਼ਿਲਮ ’ਚ ਇੱਕ ਦੁਨੀਆ ਦੀ ‘ਗਹਿਰੀ ਤੇ ਪ੍ਰਭਾਵਸ਼ਾਲੀ ਤਸਵੀਰ’ ਪੇਸ਼ ਕਰਨ ਲਈ ਇਸ ਦੀ ਸ਼ਲਾਘਾ ਕੀਤੀ ਹੈ। ਇਸ ਜਿੱਤ ਦੇ ਨਾਲ ਹੀ ‘ਅੰਗ’ ਹੁਣ ਅਕੈਡਮੀ ਐਵਾਰਡਜ਼ (ਆਸਕਰ 2027) ’ਚ ‘ਬੈਸਟ ਇੰਟਰਨੈਸ਼ਨਲ ਫੀਚਰ ਫ਼ਿਲਮ’ ਸ਼੍ਰੇਣੀ ਲਈ ਸਿੱਧੇ ਤੌਰ ’ਤੇ ਕੁਆਲੀਫਾਈ ਕਰ ਗਈ ਹੈ।
ਐਤਵਾਰ ਸ਼ਾਮ ਨੂੰ ਫੈਸਟੀਵਲ ਦੇ ਪ੍ਰਬੰਧਕਾਂ ਨੇ ਪੁਰਸਕਾਰ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ, ਜਿਸ ’ਚ ‘ਅੰਗ’ ਵੀ ਸ਼ਾਮਲ ਸੀ। ਜਿਊਰੀ ਨੇ ‘ਅੰਗ’ ਬਾਰੇ ਕਿਹਾ, “ਪਲੇਟਫਾਰਮ ਪ੍ਰਾਈਜ਼ ‘ਅੰਗ’ ਨੂੰ ਇਸ ਦੇ ਨਵੇਂ ਨਜ਼ਰੀਏ, ਫ਼ਿਲਮ ਨਿਰਮਾਣ ਦੀ ਮਜ਼ਬੂਤੀ ਤੇ ਇੱਕ ਦੁਨੀਆ ਦੀ ਗਹਿਰੀ ਤੇ ਪ੍ਰਭਾਵਸ਼ਾਲੀ ਤਸਵੀਰ ਪੇਸ਼ ਕਰਨ ਲਈ ਦਿੱਤਾ ਜਾਂਦਾ ਹੈ। ਅਸੀਂ ਫ਼ਿਲਮਮੇਕਰ ਦੀ ਸੋਚ, ਹਿੰਮਤ ਤੇ ਹੌਸਲੇ ਦੀ ਸ਼ਲਾਘਾ ਕਰਦੇ ਹਾਂ।”
TIFF ਦਾ ਪਲੇਟਫਾਰਮ ਪ੍ਰਾਈਜ਼ ਹੈ ਖ਼ਾਸ
ਇਸ ਸਾਲ ਤੋਂ TIFF ਦਾ ਪਲੇਟਫਾਰਮ ਪ੍ਰਾਈਜ਼ ਉਨ੍ਹਾਂ ਛੇ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਪੁਰਸਕਾਰਾਂ ’ਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਰਾਹੀਂ ਸਿੱਧੇ ਆਸਕਰ ਤੱਕ ਪਹੁੰਚਣ ਦਾ ਰਸਤਾ ਖੁੱਲ੍ਹਦਾ ਹੈ। ਇਸ ਦਾ ਮਤਲਬ ਹੈ ਕਿ ‘ਅੰਗ’ 2027 ਦੇ ਆਸਕਰ ’ਚ ‘ਬੈਸਟ ਇੰਟਰਨੈਸ਼ਨਲ ਫੀਚਰ ਫ਼ਿਲਮ’ ਸ਼੍ਰੇਣੀ ’ਚ ਨਾਮਜ਼ਦਗੀ ਲਈ ਭਾਰਤ ਦੀ ‘ਗੋਂਧਲ’ ਸਮੇਤ ਹੋਰ ਦੇਸ਼ਾਂ ਦੀਆਂ ਰਾਸ਼ਟਰੀ ਐਂਟਰੀਆਂ ਨਾਲ ਮੁਕਾਬਲਾ ਕਰੇਗੀ।

ਕੀ ਹੈ ‘ਅੰਗ’ (Angh) ਦੀ ਕਹਾਣੀ?
‘ਅੰਗ’ ਇੱਕ ਪਿਤਾ ਤੇ ਪੁੱਤਰ ਦੀ ਦਿਲ ਨੂੰ ਛੂਹਣ ਵਾਲੀ ਤੇ ਨਿੱਜੀ ਕਹਾਣੀ ਪੇਸ਼ ਕਰਦੀ ਹੈ। ਇਸ ’ਚ ਪੁੱਤਰ ਮਿਸ਼ਨ ਦੀਆਂ ਸੁਖ-ਸਹੂਲਤਾਂ ਵੱਲ ਖਿੱਚਿਆ ਜਾਂਦਾ ਹੈ। ਇਸ ਦੇ ਨਾਲ ਹੀ, ਫ਼ਿਲਮ ਧਰਮ-ਪਰਿਵਰਤਨ ਦੀ ਉਸ ਪ੍ਰਕਿਰਿਆ ਨੂੰ ਵੀ ਦਰਸਾਉਂਦੀ ਹੈ, ਜੋ ਸਥਾਨਕ ਸੱਭਿਆਚਾਰ ਨੂੰ ਪਿੱਛੜਿਆ ਹੋਇਆ ਦੱਸਦੀ ਹੈ। ਨਾਗਾ ਫ਼ਿਲਮਮੇਕਰ ਥੇਜਾ ਰਿਓ ਵੱਲੋਂ ਬਣਾਈ ਗਈ ਇਹ ਫ਼ਿਲਮ ਉਨ੍ਹਾਂ ਦੀ ਆਪਣੀ 2021 ਦੀ ਪੁਰਸਕਾਰ ਜੇਤੂ ਛੋਟੀ ਫ਼ਿਲਮ ’ਤੇ ਆਧਾਰਿਤ ਹੈ। ਇਹ ਫ਼ਿਲਮ ਅਜਿਹੀ ਸੱਭਿਆਚਾਰਕ ਦੁਨੀਆ ਨੂੰ ਦਰਸਾਉਂਦੀ ਹੈ, ਜਿਸ ਨੂੰ ਪਰਦੇ ’ਤੇ ਬਹੁਤ ਘੱਟ ਦਿਖਾਇਆ ਗਿਆ ਹੈ। 1960 ਦੇ ਦਹਾਕੇ ਦੀ ਪਿਛੋਕੜ ’ਤੇ ਆਧਾਰਿਤ ਇਹ ਫ਼ਿਲਮ ਲਗਭਗ ਪੂਰੀ ਤਰ੍ਹਾਂ ਕੋਨਯਾਕ ਭਾਸ਼ਾ ’ਚ ਬਣਾਈ ਗਈ ਹੈ।
