ਨਵੀਂ ਦਿੱਲੀ 17 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਵਨਡੇ ਵਿਸ਼ਵ ਕੱਪ 2023 ਦਾ ਫਾਈਨਲ ਅੱਜ ਵੀ ਹਰ ਭਾਰਤੀ ਕ੍ਰਿਕਟ ਪ੍ਰਸ਼ੰਸਕ ਦੇ ਜ਼ਹਿਨ ਵਿੱਚ ਤਾਜ਼ਾ ਹੈ। 19 ਨਵੰਬਰ 2023 ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਫ਼ੈਸਲਾਕੁੰਨ ਮੈਚ ਵਿੱਚ ਆਸਟ੍ਰੇਲੀਆ ਨੇ ਟੂਰਨਾਮੈਂਟ ਵਿੱਚ ਅਜੇਤੂ ਰਹੀ (10 ਮੈਚ) ਭਾਰਤੀ ਟੀਮ ਨੂੰ 6 ਵਿਕਟਾਂ ਨਾਲ ਮਾਤ ਦਿੱਤੀ ਸੀ। ਇਸ ਹਾਰ ਨੇ ਪਲ ਭਰ ਵਿੱਚ ਕਰੋੜਾਂ ਦਿਲ ਤੋੜ ਦਿੱਤੇ ਸਨ। ਭਾਰਤੀ ਟੀਮ ਖ਼ਿਤਾਬ ਤੋਂ ਇੱਕ ਕਦਮ ਦੂਰ ਸੀ। ਟ੍ਰੈਵਿਸ ਹੈੱਡ ਦੀ 137 ਦੌੜਾਂ ਦੀ ਪਾਰੀ ਨੇ ਭਾਰਤ ਦਾ 12 ਸਾਲਾਂ ਦਾ ਸੋਕਾ ਖ਼ਤਮ ਨਹੀਂ ਹੋਣ ਦਿੱਤਾ।
ਡਰੈਸਿੰਗ ਰੂਮ ਦਾ ਮਾਹੌਲ ਗਮਗੀਨ ਸੀ
ਵਿਸ਼ਵ ਕੱਪ ਦੇ ਫਾਈਨਲ ਵਿੱਚ ਹਾਰ ਤੋਂ ਬਾਅਦ ਭਾਰਤੀ ਡਰੈਸਿੰਗ ਰੂਮ ਦਾ ਮਾਹੌਲ ਗਮਗੀਨ ਸੀ। ਤਤਕਾਲੀ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਸਮੇਤ ਲਗਪਗ ਸਾਰੇ ਖਿਡਾਰੀਆਂ ਦੀਆਂ ਅੱਖਾਂ ਨਮ ਸਨ। ਰੋਹਿਤ ਹੰਝੂ ਪੂੰਝਦੇ ਹੋਏ ਹੀ ਮੈਦਾਨ ਤੋਂ ਬਾਹਰ ਗਏ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੀਮ ਇੰਡੀਆ ਦੇ ਡਰੈਸਿੰਗ ਰੂਮ ਵਿੱਚ ਪਹੁੰਚੇ। ਉਨ੍ਹਾਂ ਨੇ ਮਾਇੂਸ ਬੈਠੇ ਖਿਡਾਰੀਆਂ ਦਾ ਹੌਸਲਾ ਵਧਾਇਆ ਅਤੇ ਇਹ ਅਹਿਸਾਸ ਕਰਵਾਇਆ ਕਿ ਪੂਰਾ ਦੇਸ਼ ਉਨ੍ਹਾਂ ਦੇ ਨਾਲ ਹੈ।
ਪ੍ਰਧਾਨ ਮੰਤਰੀ ਨੇ ਦਿੱਤੀ ਹਿੰਮਤ
ਪ੍ਰਧਾਨ ਮੰਤਰੀ ਮੋਦੀ ਨੇ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਹੱਥ ਫੜ ਕੇ ਉਨ੍ਹਾਂ ਨੂੰ ਹਿੰਮਤ ਦਿੱਤੀ। ਉਨ੍ਹਾਂ ਨੇ ਕਿਹਾ ਕਿ ਤੁਸੀਂ ਲੋਕ ਪੂਰੇ ਟੂਰਨਾਮੈਂਟ ਵਿੱਚ ਸ਼ਾਨਦਾਰ ਖੇਡੇ ਹੋ, ਦੇਸ਼ ਨੂੰ ਤੁਹਾਡੇ ‘ਤੇ ਮਾਣ ਹੈ। ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟਾਂ (24) ਲੈਣ ਵਾਲੇ ਮੁਹੰਮਦ ਸ਼ਮੀ ਬਹੁਤ ਭਾਵੁਕ ਸਨ। ਪ੍ਰਧਾਨ ਮੰਤਰੀ ਮੋਦੀ ਨੇ ਇਸ ਤੇਜ਼ ਗੇਂਦਬਾਜ਼ ਨੂੰ ਗਲ਼ੇ ਲਗਾਇਆ ਅਤੇ ਉਨ੍ਹਾਂ ਦੀ ਸ਼ਾਨਦਾਰ ਗੇਂਦਬਾਜ਼ੀ ਤੇ ਜਜ਼ਬੇ ਨੂੰ ਸਲਾਮ ਕੀਤਾ।
ਪ੍ਰਧਾਨ ਮੰਤਰੀ ਨੇ ਤਜਰਬੇਕਾਰ ਆਲਰਾਊਂਡਰ ਰਵਿੰਦਰ ਜਡੇਜਾ ਨਾਲ ਵੀ ਗੱਲ ਕੀਤੀ। ‘ਜੱਡੂ’ ਦਾ ਮਨੋਬਲ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਡ ਵਿੱਚ ਹਾਰ-ਜਿੱਤ ਚੱਲਦੀ ਰਹਿੰਦੀ ਹੈ। ਟੀਮ ਦੇ ਤਤਕਾਲੀ ਹੈੱਡ ਕੋਚ ਰਾਹੁਲ ਦ੍ਰਵਿੜ ਨਾਲ ਮੁਲਾਕਾਤ ਕਰਕੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਰਹਿਨੁਮਾਈ ਅਤੇ ਟੀਮ ਦੇ 10 ਮੈਚਾਂ ਦੇ ਅਜੇਤੂ ਸਫ਼ਰ ਦੀ ਜਮ ਕੇ ਸ਼ਲਾਘਾ ਕੀਤੀ।
ਫ਼ਾਈਨਲ ਮੈਚ ਦਾ ਹਾਲ
ਵਿਸ਼ਵ ਕੱਪ ਦੇ ਫ਼ਾਈਨਲ ਮੈਚ ਦੀ ਗੱਲ ਕਰੀਏ ਤਾਂ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ 50 ਓਵਰਾਂ ਵਿੱਚ 240 ਦੌੜਾਂ ਹੀ ਬਣਾ ਸਕੀ ਸੀ। ਵਿਰਾਟ ਕੋਹਲੀ (54) ਅਤੇ ਕੇ. ਐੱਲ. ਰਾਹੁਲ (66) ਨੇ ਅੱਧਾ ਸੈਂਕੜਾ ਲਗਾਇਆ ਸੀ। ਉੱਥੇ ਹੀ ਕਪਤਾਨ ਰੋਹਿਤ ਸ਼ਰਮਾ ਦੇ ਬੱਲੇ ਤੋਂ 47 ਦੌੜਾਂ ਨਿਕਲੀਆਂ ਸਨ। 241 ਦੌੜਾਂ ਦੇ ਟੀਚੇ ਨੂੰ ਕੰਗਾਰੂ ਟੀਮ ਨੇ 43 ਓਵਰਾਂ ਵਿੱਚ ਹੀ ਹਾਸਲ ਕਰ ਲਿਆ ਸੀ। ਟ੍ਰੈਵਿਸ ਹੈੱਡ ਨੇ 120 ਗੇਂਦਾਂ ‘ਤੇ 137 ਦੌੜਾਂ ਦੀ ਪਾਰੀ ਖੇਡੀ ਸੀ, ਜਦਕਿ ਮਾਰਨਸ ਲਾਬੂਸ਼ੇਨ ਨੇ ਨਾਬਾਦ 58 ਦੌੜਾਂ ਬਣਾਈਆਂ ਸਨ।
