ਨਵੀਂ ਦਿੱਲੀ 10 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਆਮ ਆਦਮੀ ਪਾਰਟੀ (ਆਪ) ਦੀ ਨਵੀਂ ਰਾਸ਼ਟਰੀ ਕੌਂਸਲ ਦੀ ਬੈਠਕ ਬੁੱਧਵਾਰ ਨੂੰ ਹੋਈ, ਜਿਸ ਵਿੱਚ ਦੇਸ਼ ਭਰ ਤੋਂ 330 ਮੈਂਬਰਾਂ ਨੇ ਹਿੱਸਾ ਲਿਆ। ਬੈਠਕ ਦੌਰਾਨ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਦੀਆਂ ਰਣਨੀਤੀਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਬੈਠਕ ਦੌਰਾਨ ਅਰਵਿੰਦ ਕੇਜਰੀਵਾਲ ਨੂੰ ਸਰਬਸੰਮਤੀ ਨਾਲ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦਾ ਰਾਸ਼ਟਰੀ ਕਨਵੀਨਰ ਚੁਣ ਲਿਆ ਗਿਆ। ਇਸ ਦੇ ਨਾਲ ਹੀ ਪਾਰਟੀ ਨੇ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨੂੰ ਬਰਕਰਾਰ ਰੱਖਦਿਆਂ ਪੰਕਜ ਗੁਪਤਾ ਨੂੰ ਰਾਸ਼ਟਰੀ ਸਕੱਤਰ ਅਤੇ ਐੱਨ.ਡੀ. ਗੁਪਤਾ ਨੂੰ ਖ਼ਜ਼ਾਨਚੀ (ਟ੍ਰੇਜ਼ਰਾਰ) ਦੇ ਅਹੁਦੇ ’ਤੇ ਮੁੜ ਨਿਯੁਕਤ ਕੀਤਾ।
ਪਾਰਟੀ ਦੇ ਕੰਮਕਾਜ ਅਤੇ ਫ਼ੈਸਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ 23 ਮੈਂਬਰਾਂ ਵਾਲੀ ਨਵੀਂ ਨੈਸ਼ਨਲ ਐਗਜ਼ਿਕਿਊਟਿਵ (ਰਾਸ਼ਟਰੀ ਕਾਰਜਕਾਰਣੀ) ਦਾ ਵੀ ਗਠਨ ਕੀਤਾ ਗਿਆ ਹੈ। ਇਸ ਤੋਂ ਬਾਅਦ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਅਰਵਿੰਦ ਕੇਜਰੀਵਾਲ ਨੂੰ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ।
