ਪਟਿਆਲਾ 26 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਰੱਖੜੀ ਦਾ ਤਿਉਹਾਰ ਸਿਰਫ਼ ਕੱਚੇ ਧਾਗਿਆਂ ਦੀ ਡੋਰ ਨਹੀਂ, ਸਗੋਂ ਭੈਣ-ਭਰਾ ਦੇ ਉਸ ਅਟੁੱਟ ਵਿਸ਼ਵਾਸ ਦਾ ਪ੍ਰਤੀਕ ਹੈ ਜਿੱਥੇ ਇਕ ਵੀਰ ਹਰ ਮੁਸੀਬਤ ਵਿਚ ਆਪਣੀ ਭੈਣ ਦੀ ਇੱਜ਼ਤ ਤੇ ਹਿਫ਼ਾਜ਼ਤ ਦਾ ਵਚਨ ਦਿੰਦਾ ਹੈ। ਅਜੋਕੇ ਦੌਰ ਵਿਚ ਭਾਵੇਂ ਖ਼ਾਕੀ ਵਰਦੀ ‘ਤੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਰਹਿੰਦੇ ਹਨ, ਪਰ ਪਟਿਆਲਾ ਵਿਖੇ ਵਾਪਰੀ ਇਕ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਇਨਸਾਨੀਅਤ ਤੇ ਰਾਖੀ ਦਾ ਧਰਮ, ਖ਼ੂਨ ਦੇ ਰਿਸ਼ਤਿਆਂ ਨਾਲੋਂ ਵੀ ਵੱਡਾ ਹੁੰਦਾ ਹੈ। ਪਟਿਆਲਾ ਪੁਲਿਸ ਦੇ ਇਕ ਏਐੱਸਆਈ ਨੇ ਬੱਸ ਅੱਡੇ ‘ਤੇ ਲੁੱਟ ਦਾ ਸ਼ਿਕਾਰ ਹੋਈ ਇਕ ਔਰਤ ਦੀ ਢਾਲ ਬਣ ਕੇ ਨਾ ਸਿਰਫ਼ ਉਸ ਦਾ ਬੈਗ ਵਾਪਸ ਦਿਵਾਇਆ, ਸਗੋਂ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੀ ਅਸਲ ਪਰਿਭਾਸ਼ਾ ਵੀ ਸਾਕਾਰ ਕਰ ਦਿਖਾਈ।
ਜਾਣਕਾਰੀ ਅਨੁਸਾਰ ਜਸਵੀਰ ਕੌਰ ਵਾਸੀ ਪਿੰਡ ਕੌਲੀ 24 ਅਗਸਤ ਨੂੰ ਕਿਸੇ ਕੰਮ ਲਈ ਪਟਿਆਲਾ ਬੱਸ ਅੱਡੇ ’ਤੇ ਪਹੁੰਚੀ ਸੀ। ਜਿਵੇਂ ਹੀ ਉਹ ਬੱਸ ਤੋਂ ਉਤਰੀ, ਇਕ ਮੋਟਰਸਾਈਕਲ ਸਵਾਰ ਝਪਟਮਾਰ ਉਸ ਦੇ ਹੱਥੋਂ ਬੈਗ ਖੋਹ ਕੇ ਤੇਜ਼ ਰਫ਼ਤਾਰ ਨਾਲ ਫ਼ਰਾਰ ਹੋ ਗਿਆ। ਬੇਵੱਸ ਔਰਤ ਵੱਲੋਂ ਮਦਦ ਲਈ ਮਾਰੇ ਗਏ ਵੈਣਾਂ ਨੂੰ ਸੁਣ ਕੇ ਉੱਥੋਂ ਆਪਣੀ ਨਿੱਜੀ ਕਾਰ ਰਾਹੀਂ ਲੰਘ ਰਹੇ ਪੰਜਾਬ ਪੁਲਿਸ ਦੇ ਏਐਸਆਈ ਭੁਪਿੰਦਰ ਸਿੰਘ ਤੁਰੰਤ ਹਰਕਤ ਵਿਚ ਆ ਗਏ। ਭੁਪਿੰਦਰ ਸਿੰਘ, ਜੋ ਉਸ ਸਮੇਂ ਪਿੰਡ ਘੱਗਾ ਵਿਖੇ ਵੀਆਈਪੀ ਡਿਊਟੀ ਲਈ ਰਵਾਨਾ ਹੋ ਰਹੇ ਸਨ, ਨੇ ਆਪਣੇ ਫ਼ਰਜ਼ ਨੂੰ ਪਹਿਲ ਦਿੱਤੀ। ਉਨ੍ਹਾਂ ਪਿੰਡ ਚੌਰਾ ਦੀਆਂ ਭੀੜੀਆਂ ਗਲੀਆਂ ਤੱਕ ਲੁਟੇਰੇ ਦਾ ਪਿੱਛਾ ਜਾਰੀ ਰੱਖਿਆ। ਖ਼ੁਦ ਨੂੰ ਪੁਲਿਸ ਅਧਿਕਾਰੀ ਦੇ ਸ਼ਿਕੰਜੇ ’ਚ ਫਸਦਾ ਦੇਖ ਝਪਟਮਾਰ ਬੈਗ ਜ਼ਮੀਨ ‘ਤੇ ਸੁੱਟ ਕੇ ਤੰਗ ਗਲੀਆਂ ’ਚੋਂ ਭੱਜ ਨਿਕਲਿਆ। ਏਐੱਸਆਈ ਨੇ ਤੁਰੰਤ ਬੈਗ ਸੁਰੱਖਿਅਤ ਚੁੱਕਿਆ ਅਤੇ ਬੱਸ ਅੱਡੇ ਪਹੁੰਚ ਕੇ ਰੋਂਦੀ ਹੋਈ ਜਸਵੀਰ ਕੌਰ ਦੇ ਹਵਾਲੇ ਕਰ ਦਿੱਤਾ।
ਗੁੱਟ ’ਤੇ ਸਜੀ ਰੱਖੜੀ, ਅੱਖਾਂ ’ਚੋਂ ਛਲਕੇ ਖ਼ੁਸ਼ੀ ਦੇ ਹੰਝੂ
ਆਪਣਾ ਬੈਗ ਸਹੀ-ਸਲਾਮਤ ਦੇਖ ਕੇ ਜਸਵੀਰ ਕੌਰ ਭਾਵੁਕ ਹੋ ਗਈ। ਪੁਲਿਸ ਅਧਿਕਾਰੀ ਵੱਲੋਂ ਨਿਭਾਈ ਇਸ ਬੇਮਿਸਾਲ ਰੱਖਿਆ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਥਾਂ ‘ਤੇ ਹੀ ਏਐੱਸਆਈ ਭੁਪਿੰਦਰ ਸਿੰਘ ਦੇ ਗੁੱਟ ‘ਤੇ ਰੱਖੜੀ ਬੰਨ੍ਹ ਦਿੱਤੀ ਅਤੇ ਉਨ੍ਹਾਂ ਨੂੰ ਆਪਣਾ ਧਰਮ ਦਾ ਭਰਾ ਬਣਾ ਲਿਆ। ਜਸਵੀਰ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਇਕ ਸਕਾ ਭਰਾ ਆਪਣੀ ਭੈਣ ਦੀ ਰੱਖਿਆ ਲਈ ਅੱਗੇ ਆਉਂਦਾ ਹੈ, ਉਸੇ ਤਰ੍ਹਾਂ ਭੁਪਿੰਦਰ ਸਿੰਘ ਨੇ ਅਣਜਾਣ ਹੁੰਦੇ ਹੋਏ ਵੀ ਭਰਾ ਦਾ ਫ਼ਰਜ਼ ਨਿਭਾਇਆ ਹੈ। ਏਐੱਸਆਈ ਨੇ ਵੀ ਹਮੇਸ਼ਾ ਭੈਣ ਵਾਂਗ ਉਸ ਦਾ ਸਾਥ ਦੇਣ ਦਾ ਵਾਅਦਾ ਕੀਤਾ। ਇਸ ਭਾਵਪੂਰਤ ਘਟਨਾ ਨੇ ਜਿੱਥੇ ਪੁਲਿਸ ਵਿਭਾਗ ਦਾ ਸਿਰ ਫ਼ਖ਼ਰ ਨਾਲ ਉੱਚਾ ਕੀਤਾ ਹੈ, ਉੱਥੇ ਹੀ ਰੱਖੜੀ ਦੇ ਅਸਲ ਮਨੋਰਥ ਨੂੰ ਵੀ ਉਜਾਗਰ ਕੀਤਾ ਹੈ।
