ਨਵੀਂ ਦਿੱਲੀ 18 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) ਅਮਰੀਕਾ ਤੇ ਚੀਨ ਵਿਚਕਾਰ ਜਾਰੀ ਭੂ-ਰਾਜਨੀਤਕ ਤਣਾਅ ਤੇ ਗਲੋਬਲ ਸਪਲਾਈ ਚੇਨ ‘ਚ ਵਿਭਿੰਨਤਾ ਦੀ ਰਣਨੀਤੀ ਤਹਿਤ ਅਮਰੀਕੀ ਟੈੱਕ ਦਿੱਗਜ ਗੂਗਲ ਆਪਣੇ ਪਿਕਸਲ ਸਮਾਰਟਫੋਨ, ਸਮਾਰਟਵਾਚ ਤੇ ਵਾਇਰਲੈੱਸ ਈਅਰਬਡਸ ਦੇ ਉਤਪਾਦਨ ਨੂੰ ਚੀਨ ਤੋਂ ਬਾਹਰ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਇਕ ਮੀਡੀਆ ਰਿਪੋਰਟ ਅਨੁਸਾਰ, ਕੰਪਨੀ ਦਾ ਟੀਚਾ 2027 ਤਕ ਪਿਕਸਲ ਉਤਪਾਦਾਂ ਦਾ ਪੂਰਾ ਉਤਪਾਦਨ ਚੀਨ ਤੋਂ ਬਾਹਰ ਲੈ ਕੇ ਜਾਣਾ ਹੈ।

ਚੀਨ ਤੋਂ ਜਾਵੇਗੀ ਬਾਹਰ

ਮੀਡੀਆ ਰਿਪੋਰਟਾਂ ਦੇ ਅਨੁਸਾਰ ਗੂਗਲ ਨੇ ਪਿਛਲੇ ਕੁਝ ਸਾਲਾਂ ‘ਚ ਵੀਅਤਨਾਮ ਤੇ ਭਾਰਤ ‘ਚ ਆਪਣੀ ਨਿਰਮਾਣ ਸਮਰੱਥਾ ਦਾ ਵਿਸਥਾਰ ਕੀਤਾ ਹੈ ਤੇ ਹੁਣ ਉਸਨੂੰ ਭਰੋਸਾ ਹੈ ਕਿ ਉਹ 2027 ਤਕ ਪਿਕਸਲ ਡਿਵਾਈਸਾਂ ਦਾ ਸੰਪੂਰਨ ਉਤਪਾਦਨ ਚੀਨ ਤੋਂ ਬਾਹਰ ਕਰ ਸਕਦੀ ਹੈ।

ਵਰਤਮਾਨ ‘ਚ ਗੂਗਲ ਦੇ ਉਤਪਾਦਨ ਦਾ ਇਕ ਮਹੱਤਵਪੂਰਨ ਹਿੱਸਾ ਅਜੇ ਵੀ ਚੀਨ ‘ਚ ਹੁੰਦਾ ਹੈ, ਪਰ ਕੰਪਨੀ ਨੇ ਇਸ ਸਾਲ ਵੀਅਤਨਾਮ ‘ਚ ਆਪਣੇ ਪ੍ਰੀਮੀਅਮ ਪਿਕਸਲ ਸਮਾਰਟਫੋਨਾਂ ਦੇ ਸਫ਼ਲ ਵਿਕਾਸ ਅਤੇ ਉਤਪਾਦਨ ਤੋਂ ਬਾਅਦ ਅਗਲਾ ਕਦਮ ਚੁੱਕਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਸੈਮਸੰਗ ਵੀ ਛੱਡ ਚੁੱਕੀ ਹੈ ਚੀਨ

ਰਿਪੋਰਟ ‘ਚ ਕਿਹਾ ਗਿਆ ਹੈ ਕਿ ਹਾਈ-ਐਂਡ ਸਮਾਰਟਫੋਨ ਦਾ ਨਿਰਮਾਣ ਸਮਾਰਟਵਾਚ ਤੇ ਵਾਇਰਲੈੱਸ ਈਅਰਬਡਸ ਦੀ ਤੁਲਨਾ ‘ਚ ਵਧੇਰੇ ਗੁੰਝਲਦਾਰ ਹੁੰਦਾ ਹੈ, ਇਸ ਲਈ ਪਿਕਸਲ ਸਮਾਰਟਫੋਨਾਂ ਦਾ ਸਫ਼ਲ ਉਤਪਾਦਨ ਤਬਦੀਲ ਕਰਨਾ ਮਹੱਤਵਪੂਰਨ ਪ੍ਰਾਪਤੀ ਮੰਨਿਆ ਜਾ ਰਿਹਾ ਹੈ।

ਜੇਕਰ ਇਹ ਰਣਨੀਤੀ ਸਫ਼ਲ ਰਹਿੰਦੀ ਹੈ ਤਾਂ ਸੈਮਸੰਗ ਤੋਂ ਬਾਅਦ ਗੂਗਲ ਦੁਨੀਆ ਦੀ ਦੂਜੀ ਵੱਡੀ ਸਮਾਰਟਫੋਨ ਕੰਪਨੀ ਬਣ ਜਾਵੇਗੀ ਜਿਸਨੇ ਆਪਣੇ ਸਮਾਰਟਫੋਨ ਉਤਪਾਦਨ ਨੂੰ ਪੂਰੀ ਤਰ੍ਹਾਂ ਚੀਨ ਤੋਂ ਬਾਹਰ ਕਰ ਦਿੱਤਾ ਹੋਵੇ।

ਚੀਨ ‘ਚ ਪਿਕਸਲ ਸਮਾਰਟਫੋਨ ਨਹੀਂ ਵੇਚਦਾ ਗੂਗਲ

ਰਿਪੋਰਟ ਅਨੁਸਾਰ, ਗੂਗਲ ਲਈ ਇਹ ਬਦਲਾਅ ਮੁਕਾਬਲਤਨ ਆਸਾਨ ਹੋ ਸਕਦਾ ਹੈ ਕਿਉਂਕਿ ਕੰਪਨੀ ਚੀਨ ‘ਚ ਪਿਕਸਲ ਸਮਾਰਟਫੋਨ ਨਹੀਂ ਵੇਚਦੀ। ਅਜਿਹੇ ‘ਚ ਉਸਨੂੰ ਸਥਾਨਕ ਉਤਪਾਦਨ ਬਣਾਏ ਰੱਖਣ ਦੀ ਉੱਨੀ ਲੋੜ ਨਹੀਂ ਹੈ ਜਿੰਨੀ ਕੁਝ ਹੋਰ ਗਲੋਬਲ ਬ੍ਰਾਂਡਾਂ ਨੂੰ ਹੁੰਦੀ ਹੈ।ਇਸ ਦੌਰਾਨ ਕੰਪਨੀ ਪਿਕਸਲ ਸਮਾਰਟਫੋਨਾਂ ਦੀ ਵਿਕਰੀ ਵਧਾਉਣ ‘ਤੇ ਵੀ ਜ਼ੋਰ ਦੇ ਰਹੀ ਹੈ। ਰਿਪੋਰਟ ਮੁਤਾਬਕ, ਗੂਗਲ ਨੇ ਆਪਣੇ ਸਪਲਾਇਰਾਂ ਨੂੰ ਸੰਕੇਤ ਦਿੱਤਾ ਹੈ ਕਿ ਉਹ ਇਸ ਸਾਲ ਪਿਕਸਲ ਦੀ ਸ਼ਿਪਮੈਂਟ ਵਿੱਚ 8 ਤੋਂ 10 ਪ੍ਰਤੀਸ਼ਤ ਦੇ ਵਾਧੇ ਦਾ ਟੀਚਾ ਰੱਖਦੀ ਹੈ।ਲਗਪਗ 1.2 ਕਰੋੜ ਪਿਕਸਲ ਡਿਵਾਈਸਾਂ ਦੀ ਸ਼ਿਪਮੈਂਟ
ਪਿਛਲੇ ਸਾਲ ਕੰਪਨੀ ਨੇ ਲਗਪਗ 1.2 ਕਰੋੜ ਪਿਕਸਲ ਡਿਵਾਈਸਾਂ ਦੀ ਸ਼ਿਪਮੈਂਟ ਕੀਤੀ ਸੀ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਗੂਗਲ ਪਿਕਸਲ ਸਮਾਰਟਫੋਨ ਨੂੰ ਸਿਰਫ਼ ਇਕ ਹਾਰਡਵੇਅਰ ਉਤਪਾਦ ਨਹੀਂ, ਬਲਕਿ ਆਪਣੇ ਜੈਮਿਨੀ ਏਆਈ (Gemini AI) ਈਕੋਸਿਸਟਮ ਦੇ ਵਿਸਥਾਰ ਦਾ ਮਾਧਿਅਮ ਮੰਨਦੀ ਹੈ।ਦਾ ਵਿਸ਼ਵਾਸ ਹੈ ਕਿ ਵਧੇਰੇ ਪਿਕਸਲ ਵਰਤੋਂਕਾਰ ਸਿੱਧੇ ਤੌਰ ‘ਤੇ ਉਸਦੇ ਏਆਈ ਉਤਪਾਦਾਂ ਅਤੇ ਸੇਵਾਵਾਂ ਦੀ ਵਰਤੋਂ ਨੂੰ ਉਤਸ਼ਾਹ ਦੇਣਗੇ। ਇਸੇ ਵਜ੍ਹਾ ਕਰਕੇ ਉਹ ਵਧਦੀ ਕੰਪੋਨੈਂਟ ਲਾਗਤਾਂ, ਵਿਸ਼ੇਸ਼ ਤੌਰ ‘ਤੇ ਮੈਮੋਰੀ ਚਿੱਪ ਦੀਆਂ ਉੱਚੀਆਂ ਕੀਮਤਾਂ ਦੇ ਬਾਵਜੂਦ, ਉਤਪਾਦਨ ਅਤੇ ਵਿਕਰੀ ਵਧਾਉਣਾ ਚਾਹੁੰਦੀ ਹੈ।

ਸ਼ਿਪਮੈਂਟ ਟੀਚੇ ‘ਚ ਕਟੌਤੀ ਨਹੀਂ ਕੀਤੀ

ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਬਿਹਤਰ ਸ਼ਿਪਮੈਂਟ ਵਾਲੀਅਮ ਗੂਗਲ ਨੂੰ ਮੈਮੋਰੀ ਚਿੱਪ ਸਪਲਾਇਰਾਂ ਨਾਲ ਕੀਮਤ ਵਾਰਤਾ ‘ਚ ਵਧੇਰੇ ਤਾਕਤ ਪ੍ਰਦਾਨ ਕਰ ਸਕਦੇ ਹਨ। ਇਸੇ ਉਦੇਸ਼ ਨਾਲ ਕੰਪਨੀ ਆਪਣੇ ਕਲਾਊਡ ਕੰਪਿਊਟਿੰਗ ਕਾਰੋਬਾਰ ਤੇ ਸਮਾਰਟਫੋਨ ਕਾਰੋਬਾਰ ਲਈ ਲੋੜੀਂਦੇ ਚਿੱਪ ਆਰਡਰਾਂ ਨੂੰ ਇਕ ਨਾਲ ਜੋੜ ਕੇ ਮਾਈਕ੍ਰੋਨ, ਸੈਮਸੰਗ ਅਤੇ ਐੱਸਕੇ ਹਾਈਨਿਕਸ ਜਿਹੇ ਨਿਰਮਾਤਾਵਾਂ ਨਾਲ ਗੱਲਬਾਤ ਕਰ ਰਹੀ ਹੈ।

ਗੂਗਲ ਦੇ ਇੱਕ ਕੰਪੋਨੈਂਟ ਸਪਲਾਇਰ ਨਾਲ ਜੁੜੇ ਅਧਿਕਾਰੀ ਦੇ ਅਨੁਸਾਰ, ਕੰਪਨੀ ਉਨ੍ਹਾਂ ਚੁਣਿੰਦੇ ਸਮਾਰਟਫੋਨ ਨਿਰਮਾਤਾਵਾਂ ‘ਚ ਸ਼ਾਮਲ ਹੈ ਜਿਨ੍ਹਾਂ ਨੇ ਇਸ ਸਾਲ ਆਪਣੇ ਸ਼ਿਪਮੈਂਟ ਟੀਚੇ ਵਿੱਚ ਕਟੌਤੀ ਨਹੀਂ ਕੀਤੀ ਹੈ। ਇਸਦੇ ਉਲਟ, ਉਹ ਬਾਜ਼ਾਰ ਹਿੱਸੇਦਾਰੀ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਉਤਪਾਦਨ ਸਮਰੱਥਾ ਦਾ ਵਿਸਥਾਰ

ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਐਪਲ ਭਵਿੱਖ ਵਿਚ ਆਈਫੋਨ ਦੀਆਂ ਕੀਮਤਾਂ ‘ਚ ਵਾਧਾ ਕਰਦੀ ਹੈ ਤਾਂ ਗੂਗਲ ਨੂੰ ਅਮਰੀਕਾ, ਜਾਪਾਨ ਅਤੇ ਯੂਰਪ ਜਿਹੇ ਮੁੱਖ ਬਾਜ਼ਾਰਾਂ ‘ਚ ਵਾਧੂ ਬਾਜ਼ਾਰ ਹਿੱਸੇਦਾਰੀ ਹਾਸਲ ਕਰਨ ਦਾ ਮੌਕਾ ਮਿਲ ਸਕਦਾ ਹੈ।

ਇਹ ਕਦਮ ਗਲੋਬਲ ਇਲੈਕਟ੍ਰਾਨਿਕਸ ਉਦਯੋਗ ਵਿੱਚ ਚੱਲ ਰਹੇ ਉਸ ਵੱਡੇ ਬਦਲਾਅ ਦਾ ਹਿੱਸਾ ਮੰਨਿਆ ਜਾ ਰਿਹਾ ਹੈ, ਜਿਸ ਵਿਚ ਕਈ ਬਹੁ-ਰਾਸ਼ਟਰੀ ਕੰਪਨੀਆਂ ਚੀਨ ‘ਤੇ ਆਪਣੀ ਨਿਰਮਾਣ ਨਿਰਭਰਤਾ ਘਟਾ ਕੇ ਭਾਰਤ, ਵੀਅਤਨਾਮ ਅਤੇ ਹੋਰ ਦੇਸ਼ਾਂ ‘ਚ ਉਤਪਾਦਨ ਸਮਰੱਥਾ ਦਾ ਵਿਸਥਾਰ ਕਰ ਰਹੀਆਂ ਹਨ। ਗੂਗਲ ਦੀ ਇਸ ਰਣਨੀਤੀ ਨਾਲ ਭਾਰਤ ਨੂੰ ਵੀ ਉੱਨਤ ਸਮਾਰਟਫੋਨ ਨਿਰਮਾਣ ਅਤੇ ਇਲੈਕਟ੍ਰਾਨਿਕਸ ਬਰਾਮਦ ਦੇ ਖੇਤਰ ‘ਚ ਲਾਭ ਮਿਲਣ ਦੀ ਸੰਭਾਵਨਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।