ਗਲਾਸਗੋ 03 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਕਾਮਨਵੈਲਥ ਗੇਮਜ਼ 2026 ‘ਚ ਭਾਰਤੀ ਬਾਕਸਿੰਗ ਟੀਮ ਦੇ ਇਤਿਹਾਸਕ ਪ੍ਰਦਰਸ਼ਨ ਦੇ ਜਸ਼ਨ ਦੌਰਾਨ ਗਲਾਸਗੋ ਦੇ ਮਸ਼ਹੂਰ ਭਾਰਤੀ ਰੈਸਟੋਰੈਂਟ ‘ਚ ਵੱਡਾ ਵਿਵਾਦ ਸਾਹਮਣੇ ਆਇਆ ਹੈ। ਰੈਸਟੋਰੈਂਟ ਦੇ ਲੋਗੋ ਤੇ ਨੈਪਕਿਨ ‘ਤੇ ਭਾਰਤ ਦਾ ਅਧੂਰਾ ਅਤੇ ਗਲਤ ਨਕਸ਼ਾ ਛਪਿਆ ਹੋਣ ਕਰਕੇ ਵਿਵਾਦ ਖੜ੍ਹਾ ਹੋ ਗਿਆ।ਇਸ ਘਟਨਾ ਤੋਂ ਬਾਅਦ ਰੈਸਟੋਰੈਂਟ ਪ੍ਰਬੰਧਨ ਨੂੰ ਜਨਤਕ ਤੌਰ ‘ਤੇ ਬਿਨਾਂ ਸ਼ਰਤ ਮਾਫ਼ੀ ਮੰਗਣੀ ਪਈ ਅਤੇ ਆਪਣਾ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤਕ ਡਿਲੀਟ ਕਰਨਾ ਪਿਆ।

ਲਵਲੀਨਾ ਨੇ ਮੈਪ ‘ਤੇ ਜਤਾਇਆ ਇਤਰਾਜ਼

ਗਲਾਸਗੋ ‘ਚ ਹੋਈਆਂ ਕਾਮਨਵੈਲਥ ਗੇਮਜ਼ 2026 ‘ਚ ਭਾਰਤੀ ਬਾਕਸਿੰਗ ਟੀਮ ਨੇ 7 ਗੋਲਡ ਅਤੇ 3 ਸਿਲਵਰ ਸਮੇਤ ਕੁੱਲ ਰਿਕਾਰਡ 10 ਮੈਡਲ ਜਿੱਤ ਕੇ ਇਤਿਹਾਸ ਰਚਿਆ। ਸਫ਼ਲਤਾ ਦਾ ਜਸ਼ਨ ਮਨਾਉਣ ਲਈ ਪੂਰੀ ਟੀਮ ਗਲਾਸਗੋ ਸਥਿਤ ‘ਮਿਸਟਰ ਸਿੰਘਜ਼ ਇੰਡੀਆ – ਦ ਹੋਮ ਆਫ਼ ਕਰੀ’ ਰੈਸਟੋਰੈਂਟ ਪਹੁੰਚੀ ਸੀ।

ਡਿਨਰ ਦੌਰਾਨ ਸਿਲਵਰ ਮੈਡਲ ਜਿੱਤਣ ਵਾਲੀ ਲਵਲੀਨਾ ਬੋਰਗੋਹੇਨ ਦੀ ਨਜ਼ਰ ਰੈਸਟੋਰੈਂਟ ਦੇ ਨੈਪਕਿਨ ਤੇ ਬਾਹਰ ਲੱਗੇ ਬੋਰਡ ‘ਤੇ ਪਈ। ਇਸ ਵਿਚ ਭਾਰਤ ਦੇ ਨਕਸ਼ੇ ਤੋਂ ਨੌਰਥ-ਈਸਟ (ਉੱਤਰ-ਪੂਰਬ) ਦਾ ਹਿੱਸਾ ਗਾਇਬ ਸੀ। ਲਵਲੀਨਾ ਨੇ ਇਸ ‘ਤੇ ਇਤਰਾਜ਼ ਜਤਾਇਆ।

‘ਸਾਨੂੰ ਇਸ ਨਾਲ ਸੱਚਮੁੱਚ ਦੁੱਖ ਹੁੰਦਾ ਹੈ’ : ਲਵਲੀਨਾ

ਅਸਾਮ ਦੀ ਰਹਿਣ ਵਾਲੀ ਲਵਲੀਨਾ ਨੇ ਰੈਸਟੋਰੈਂਟ ਮੈਨੇਜਮੈਂਟ ਦੇ ਸਾਹਮਣੇ ਇਹ ਮੁੱਦਾ ਚੁੱਕਿਆ। ਲਵਲੀਨਾ ਨੇ ਮੈਨੇਜਮੈਂਟ ਨੂੰ ਕਿਹਾ, ‘ਕਿਰਪਾ ਕਰਕੇ ਇਸਨੂੰ ਗਲਤ ਨਾ ਸਮਝੋ। ਮੈਨੂੰ ਇਸ ਨਾਲ ਥੋੜ੍ਹਾ ਦੁੱਖ ਹੋਇਆ। ਭਾਰਤ ਦੇ ਨਕਸ਼ੇ ‘ਚ ਸਾਡਾ ਨੌਰਥ-ਈਸਟ ਗਾਇਬ ਹੈ। ਹਾਂ, ਬਾਹਰ ਜੋ ਨਕਸ਼ਾ ਲੱਗਿਆ ਹੈ, ਉਸ ਵਿਚ ਵੀ ਨੌਰਥ-ਈਸਟ ਕੱਟਿਆ ਹੋਇਆ ਹੈ। ਮੈਂ ਬੱਸ ਇੰਨਾ ਹੀ ਕਹਿਣਾ ਚਾਹੁੰਦੀ ਸੀ। ਕਿਰਪਾ ਕਰਕੇ ਅਗਲੀ ਵਾਰ ਇਸਦਾ ਧਿਆਨ ਰੱਖੋ। ਬਹੁਤ-ਬਹੁਤ ਧੰਨਵਾਦ।’ ਲਵਲੀਨਾ ਵੱਲੋਂ ਮੁੱਦਾ ਚੁੱਕੇ ਜਾਣ ਦੀ ਵੀਡੀਓ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ ਯੂਜ਼ਰਜ਼ ਨੇ ਰੈਸਟੋਰੈਂਟ ਦੀ ਇਸ ਲਾਪਰਵਾਹੀ ਦੀ ਸਖ਼ਤ ਆਲੋਚਨਾ ਸ਼ੁਰੂ ਕਰ ਦਿੱਤੀ।

ਰੈਸਟੋਰੈਂਟ ਨੇ ਮੰਗੀ ਮਾਫ਼ੀ

ਵਿਵਾਦ ਵਧਦਾ ਦੇਖ ਰੈਸਟੋਰੈਂਟ ਨੇ ਆਪਣੀ ਗਲਤੀ ਸਵੀਕਾਰ ਕੀਤੀ ਅਤੇ ਜਨਤਕ ਬਿਆਨ ਜਾਰੀ ਕਰ ਕੇ ਮਾਫ਼ੀ ਮੰਗੀ। ਨਾਲ ਹੀ ਸਹੀ ਨਕਸ਼ੇ ਨਾਲ ਲੋਗੋ ਬਦਲਣ ਦੀ ਗੱਲ ਵੀ ਕਹੀ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਰੈਸਟੋਰੈਂਟ ਨੇ ਵਿਵਾਦ ਤੋਂ ਬਚਣ ਲਈ ਆਪਣਾ ਇੰਸਟਾਗ੍ਰਾਮ ਅਕਾਊਂਟ ਵੀ ਡਿਲੀਟ ਕਰ ਦਿੱਤਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।