ਚੰਡੀਗੜ੍ਹ 30 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) – ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੀਤੇ ਗਏ ਕੂਚ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਨਾਲ ਸੰਬੰਧਿਤ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸਮੇਤ 15 ਆਗੂਆਂ ਨੂੰ ਨਾਮਜ਼ਦ ਕਰਦਿਆਂ ਐੱਫਆਈਆਰ ਦਰਜ ਕੀਤੀ ਹੈ। ਐੱਫਆਈਆਰ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਆਗੂਆਂ ਦੀ ਅਗਵਾਈ ਹੇਠ ਪਹੁੰਚੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਗਊਸ਼ਾਲਾ ਚੌਕ ’ਤੇ ਲਗੇ ਬੈਰੀਕੇਡ ਤੋੜ ਦਿੱਤੇ, ਪੁਲਿਸ ਬਲ ’ਤੇ ਹਮਲਾ ਕੀਤਾ ਅਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ।

ਪੁਲਿਸ ਮੁਤਾਬਕ ਮੰਗਲਵਾਰ ਦੁਪਹਿਰ ਕਰੀਬ 2500 ਤੋਂ 3000 ਪ੍ਰਦਰਸ਼ਨਕਾਰੀ ਸੈਕਟਰ-50/51/44/45 ਸਥਿਤ ਗਊਸ਼ਾਲਾ ਚੌਕ ’ਤੇ ਇਕੱਠੇ ਹੋਏ। ਪ੍ਰਦਰਸ਼ਨਕਾਰੀ ਅੰਮ੍ਰਿਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੇ ਹੋਏ ਮੁੱਖ ਮੰਤਰੀ ਨਿਵਾਸ ਵੱਲ ਕੂਚ ਕਰਨਾ ਚਾਹੁੰਦੇ ਸਨ। ਪੁਲਿਸ ਦਾ ਦਾਅਵਾ ਹੈ ਕਿ ਕਈ ਪ੍ਰਦਰਸ਼ਨਕਾਰੀ ਤਲਵਾਰਾਂ, ਫਰਸੇ, ਕੁਹਾੜੀਆਂ, ਨੇਜ਼ੇ ਅਤੇ ਡੰਡੇ ਲੈ ਕੇ ਪਹੁੰਚੇ ਹੋਏ ਸਨ ਅਤੇ ਸੜਕ ਜਾਮ ਕਰਕੇ ਨਾਅਰੇਬਾਜ਼ੀ ਕਰ ਰਹੇ ਸਨ।

ਐੱਫਆਈਆਰ ਅਨੁਸਾਰ ਮੌਕੇ ’ਤੇ ਮੌਜੂਦ ਸੀਨੀਅਰ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਕਈ ਵਾਰ ਸਮਝਾਇਆ ਕਿ ਸ਼ਹਿਰ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀਐਨਐੱਸਐੱਸ) ਦੀ ਧਾਰਾ 163 ਲਾਗੂ ਹੈ ਅਤੇ ਬਿਨਾਂ ਇਜਾਜ਼ਤ ਮਾਰਚ ਕੱਢਣ ਦੀ ਮਨਜ਼ੂਰੀ ਨਹੀਂ ਹੈ। ਉਨ੍ਹਾਂ ਨੂੰ ਸੈਕਟਰ-25 ਰੈਲੀ ਗਰਾਊਂਡ ਵਿੱਚ ਪ੍ਰਦਰਸ਼ਨ ਕਰਨ ਦੀ ਸਲਾਹ ਵੀ ਦਿੱਤੀ ਗਈ, ਪਰ ਪੁਲਿਸ ਦਾ ਦੋਸ਼ ਹੈ ਕਿ ਪ੍ਰਦਰਸ਼ਨਕਾਰੀ ਨਹੀਂ ਮੰਨੇ ਅਤੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ।ਸਭ ਤੋਂ ਗੰਭੀਰ ਘਟਨਾ ਸੈਕਟਰ-45/46 ਚੌਕ ਵਿੱਚ ਵਾਪਰੀ, ਜਿੱਥੇ ਪੁਲਿਸ ਅਨੁਸਾਰ ਕੁਝ ਪ੍ਰਦਰਸ਼ਨਕਾਰੀ ਵਾਟਰ ਕੈਨਨ ਵਾਹਨ ’ਤੇ ਚੜ੍ਹ ਗਏ, ਉਸ ਦੀ ਨੋਜ਼ਲ ਨੂੰ ਨੁਕਸਾਨ ਪਹੁੰਚਾਇਆ ਅਤੇ ਚਾਲਕ ਏਐੱਸਆਈ ਗੁਰਜੀਤ ਸਿੰਘ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਨ੍ਹਾਂ ਦੇ ਹੱਥ ਵਿੱਚ ਗੰਭੀਰ ਸੱਟ ਲੱਗੀ। ਉਨ੍ਹਾਂ ਨੂੰ ਇਲਾਜ ਲਈ ਜੀਐੱਮਐੱਸਐੱਚ-16 ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਪੁਲਿਸ ਨੇ ਇਸ ਮਾਮਲੇ ਵਿੱਚ ਵਿਧਾਇਕ ਮਨਪ੍ਰੀਤ ਸਿੰਘ ਇਆਲੀ , ਸਤਿੰਦਰਜੀਤ ਸਿੰਘ ਗਿੱਲ, ਕਾਬਲ ਸਿੰਘ ਭੁੱਲਰ, ਜਗਦੀਪ ਸਿੰਘ ਕਨਸਾਲਾ, ਇਕਬਾਲ ਸਿੰਘ ਸੰਧੂ, ਪਰਮਜੀਤ ਸਿੰਘ ਜੋਹਲ, ਅਜੀਬ ਸਿੰਘ ਮਖਮੇਲਪੁਰ, ਚਮਕੌਰ ਸਿੰਘ ਧੂਨ, ਐਡਵੋਕੇਟ ਈਮਾਨ ਸਿੰਘ ਖਾਰਾ, ਜਸਵਿੰਦਰ ਸਿੰਘ ਡਰੌਲੀ, ਇਕਬਾਲ ਸਿੰਘ ਚੁੰਡਾ, ਕਰਨੈਲ ਸਿੰਘ ਪੰਜੋਲੀ, ਲੱਖਾ ਸਿਧਾਣਾ, ਭਾਨਾ ਸਿੱਧੂ ਅਤੇ ਲਖਵੀਰ ਸਿੰਘ ਲੱਖ ਨੂੰ ਨਾਮਜ਼ਦ ਕੀਤਾ ਹੈ। ਹੋਰ ਅਣਪਛਾਤੇ ਪ੍ਰਦਰਸ਼ਨਕਾਰੀਆਂ ਦੀ ਪਛਾਣ ਸੀਸੀਟੀਵੀ ਫੁਟੇਜ ਅਤੇ ਵੀਡੀਓ ਰਿਕਾਰਡਿੰਗ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।