ਚੀਮਾ / ਸੁਨਾਮ ਉਧਮ ਸਿੰਘ ਵਾਲਾ, 3 ਮਾਰਚ (ਪੰਜਾਬੀ ਖਬਰਨਾਮਾ):ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਚੀਮਾ ਅਤੇ ਸ਼ੇਰੋਂ ਵਿਖੇ ਨਵੇਂ ਆਮ ਆਦਮੀ ਕਲੀਨਿਕਾਂ ਨੂੰ, ਲੋਕਾਂ ਨੂੰ ਸਮਰਪਿਤ ਕਰਦਿਆਂ ਦੋਹਰਾਇਆ ਗਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸੁਵਿਧਾਵਾਂ ਉਹਨਾਂ ਦੇ ਘਰਾਂ ਦੇ ਨਜਦੀਕ ਮੁਹਈਆ ਕਰਵਾਉਣ ਦੀ ਦਿਸ਼ਾ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਕਿ ਇਨ੍ਹਾਂ ਦੋ ਕਲੀਨਿਕਾਂ ਦੇ ਆਰੰਭ ਹੋਣ ਨਾਲ ਵਿਧਾਨ ਸਭਾ ਹਲਕਾ ਸੁਨਾਮ ਵਿੱਚ ਅਜਿਹੇ ਆਮ ਆਦਮੀ ਕਲੀਨਿਕਾਂ ਦੀ ਗਿਣਤੀ 7 ਹੋ ਗਈ ਹੈ ਅਤੇ ਇਹ ਸਾਡੇ ਸਾਰਿਆਂ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਸਿਹਤ ਸੁਵਿਧਾਵਾਂ ਪੱਖੋਂ ਸੂਬੇ ਨੂੰ ਨਾ ਕੇਵਲ ਦੇਸ਼ ਬਲਕਿ ਵਿਦੇਸ਼ਾਂ ਵਿੱਚ ਬਿਹਤਰੀਨ ਪੱਧਰ ਦੀਆਂ ਸਿਹਤ ਸੁਵਿਧਾਵਾਂ ਦੇ ਹਾਣ ਦਾ ਬਣਾਉਣ ਲਈ ਇਹਨਾਂ ਦੋ ਸਾਲਾਂ ਵਿੱਚ ਸ਼ਾਨਦਾਰ ਉਪਰਾਲੇ ਕੀਤੇ ਹਨ। ਉਹਨਾਂ ਕਿਹਾ ਕਿ ਇਹ ਆਮ ਆਦਮੀ ਕਲੀਨਿਕ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਅਤੇ ਸਿਰਫ ਜਿਲਾ ਸੰਗਰੂਰ ਵਿੱਚ ਹੀ ਜੇਕਰ ਲੋੜਵੰਦ ਵਿਅਕਤੀਆਂ ਦੁਆਰਾ ਇਹਨਾਂ ਦਾ ਲਾਭ ਉਠਾਏ ਜਾਣ ਦਾ ਵੇਰਵਾ ਦੇਖਿਆ ਜਾਏ ਤਾਂ ਹੁਣ ਤੱਕ 4 ਲੱਖ 80 ਹਜ਼ਾਰ 887 ਲੋੜਵੰਦ ਵਿਅਕਤੀ ਸਿਹਤ ਸੇਵਾਵਾਂ ਹਾਸਲ ਕਰ ਚੁੱਕੇ ਹਨ। ਉਹਨਾਂ ਇਹ ਵੀ ਦੱਸਿਆ ਕਿ 55 ਹਜ਼ਾਰ ਤੋਂ ਵੱਧ ਲੋੜਵੰਦ ਵਿਅਕਤੀ ਇਹਨਾਂ ਕਲੀਨਿਕਾਂ ਦੇ ਰਾਹੀਂ ਮੁਫਤ ਟੈਸਟ ਕਰਵਾ ਚੁੱਕੇ ਹਨ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿੱਚ ਹੁਣ 46 ਆਮ ਆਦਮੀ ਕਲੀਨਿਕ ਕਾਰਜਸ਼ੀਲ ਹੋ ਗਏ ਹਨ ਜਿਥੇ ਤਜਰਬੇਕਾਰ ਮੈਡੀਕਲ ਸਟਾਫ ਸੇਵਾਵਾਂ ਨਿਭਾ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਕਲੀਨਿਕਾਂ ਉੱਤੇ ਇਲਾਜ ਕਰਵਾਉਣ ਵਾਲੇ ਲੋੜਵੰਦਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਦੇ ਚਲਦਿਆਂ ਇਹਨਾਂ ਕਲੀਨਿਕਾਂ ਦੀ ਗਿਣਤੀ ਵੀ ਸਰਕਾਰ ਵੱਲੋਂ ਲਗਾਤਾਰ ਵਧਾਈ ਜਾ ਰਹੀ ਹੈ। ਅਮਨ ਅਰੋੜਾ ਨੇ ਕਿਹਾ ਕਿ ਹੁਣ ਵੱਡੇ ਹਸਪਤਾਲਾਂ ਵਿੱਚ ਲੋਕਾਂ ਨੂੰ ਇਲਾਜ ਸੁਵਿਧਾਵਾਂ ਲੈਣ ਲਈ ਓਪੀਡੀ ਦੀਆਂ ਲੰਬੀਆਂ ਕਤਾਰਾਂ ਵਿੱਚ ਖੜਨਾ ਨਹੀਂ ਪੈਂਦਾ ਅਤੇ ਘਰਾਂ ਦੇ ਨਜਦੀਕ ਹੀ ਖੋਲੇ ਗਏ ਇਹ ਕਲੀਨਿਕ ਸਿਹਤਮੰਦ ਸਮਾਜ ਦੀ ਸਿਰਜਣਾ ਦੇ ਮਿੱਥੇ ਟੀਚੇ ਨੂੰ ਪੂਰਾ ਕਰਨ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ।
ਇਸ ਮੌਕੇ ਉਹਨਾਂ ਦੇ ਨਾਲ ਐਸਡੀਐਮ ਸੁਨਾਮ ਪ੍ਰਮੋਦ ਸਿੰਗਲਾ, ਗੁਰਦੀਪ ਸਿੰਘ ਤਕੀਪੁਰ, ਕੁਲਦੀਪ ਸਿੰਘ ਬਲਾਕ ਪ੍ਰਧਾਨ ਸ਼ੇਰੋ , ਚਿਤਵੰਤ ਸਿੰਘ ਕਾਲਾ, ਮੁਖਤਿਆਰ ਸਿੰਘ ਸਿੱਧੂ, ਮਨਪ੍ਰੀਤ ਮਨੀ , ਸਤਿਗੁਰ ਸਿੰਘ, ਨਿਰਭੈ ਸਿੰਘ ਬਲਾਕ ਪ੍ਰਧਾਨ, ਦਰਸ਼ਨ ਸਿੰਘ ਗੀਤੀਮਾਨ ਚੇਅਰਮੈਨ ਮਾਰਕੀਟ ਕਮੇਟੀ ਚੀਮਾ, ਬੀਰਬਲ ਸਿੰਘ, ਕੁਲਦੀਪ ਸਿੰਘ ਸਿੱਧੂ, ਲਖਵਿੰਦਰ ਬੰਸਲ, ਰੂਪ ਸਿੰਘ, ਜਗਸੀਰ ਸਿੰਘ, ਦਰਸ਼ਨ ਸਿੰਘ, ਬਹਾਦਰ ਸਿੰਘ ਤੇ ਮੇਜਰ ਸਿੰਘ ਸਮੇਤ ਸਟਾਫ ਹਾਜ਼ਰ ਸੀ।
![](https://punjabikhabarnama.com/wp-content/uploads/2024/03/WhatsApp-Image-2024-03-03-at-4.03.04-PM.jpeg)