ਨਵੀਂ ਦਿੱਲੀ 15 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) : ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਮਹਿਲਾ ਟੀ-20 ਵਿਸ਼ਵ ਕੱਪ 2026 ਵਿੱਚ ਆਪਣੇ ਸਫ਼ਰ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਪਾਕਿਸਤਾਨ ਨੂੰ 64 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਇਸ ਤਰ੍ਹਾਂ ਭਾਰਤੀ ਪੁਰਸ਼ ਟੀਮ ਦੀ ਤਰ੍ਹਾਂ ਹੀ ਭਾਰਤ ਦੀਆਂ ਧੀਆਂ ਨੇ ਵੀ ਆਈਸੀਸੀ ਵਿਸ਼ਵ ਕੱਪ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ’ਤੇ ਆਪਣਾ ਦਬਦਬਾ ਕਾਇਮ ਰੱਖਿਆ ਅਤੇ ਕੁੱਲ 12ਵੀਂ ਜਿੱਤ ਦਰਜ ਕੀਤੀ।
ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਖ਼ਿਲਾਫ਼ 9 ਮੈਚਾਂ ਵਿੱਚੋਂ ਭਾਰਤ ਦੀ ਇਹ ਸੱਤਵੀਂ ਜਿੱਤ ਹੈ, ਜਦੋਂ ਕਿ ਵਨਡੇ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਨੇ ਸਾਰੇ ਪੰਜ ਮੁਕਾਬਲੇ ਜਿੱਤੇ ਹਨ। ਦੂਜੇ ਪਾਸੇ, ਪੁਰਸ਼ ਟੀਮ ਨੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਨੂੰ 17 ਮੈਚਾਂ ਵਿੱਚੋਂ 16 ਵਾਰ ਹਰਾਇਆ ਹੈ। ਇਸ ਮੈਚ ਤੋਂ ਬਾਅਦ ਮਹਿਲਾ ਟੀ-20 ਵਰਲਡ ਕੱਪ 2026 ਦਾ ਪੁਆਇੰਟਸ ਟੇਬਲ ਕਾਫ਼ੀ ਦਿਲਚਸਪ ਹੋ ਗਿਆ ਹੈ। ਆਓ ਜਾਣਦੇ ਹਾਂ ਕਿ ਨੰਬਰ-1 ਪੁਜੀਸ਼ਨ ’ਤੇ ਕੌਣ ਹੈ?
ਭਾਰਤ ਨੇ ਪਾਕਿਸਤਾਨ ਨੂੰ ਚਟਾਈ ਧੂੜ
ਬਰਮਿੰਘਮ ਦੇ ਐਜਬੈਸਟਨ ਮੈਦਾਨ ’ਤੇ ਐਤਵਾਰ ਨੂੰ ਖੇਡੇ ਗਏ ਮੁਕਾਬਲੇ ਵਿੱਚ 18 ਹਜ਼ਾਰ ਤੋਂ ਵੱਧ ਦਰਸ਼ਕਾਂ ਦੀ ਮੌਜੂਦਗੀ ਵਿੱਚ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਸਮ੍ਰਿਤੀ ਮੰਧਾਨਾ (68) ਦੇ ਅਰਧ ਸੈਂਕੜੇ ਅਤੇ ਆਖਰੀ ਓਵਰਾਂ ਵਿੱਚ ਰਿਚਾ ਘੋਸ਼ (34) ਦੀ ਤਾਬੜਤੋੜ ਬੱਲੇਬਾਜ਼ੀ ਦੇ ਦਮ ’ਤੇ ਭਾਰਤ ਨੇ ਪਾਕਿਸਤਾਨ ਦੇ ਸਾਹਮਣੇ 171 ਦੌੜਾਂ ਦਾ ਟੀਚਾ ਰੱਖਿਆ ਸੀ। ਇਸ ਤੋਂ ਬਾਅਦ ਸਟਾਰ ਆਲਰਾਊਂਡਰ ਦੀਪਤੀ ਸ਼ਰਮਾ (5/10) ਅਤੇ ਸ੍ਰੀਚਰਣੀ (3/21) ਦੀ ਸਪਿਨ ਜੋੜੀ ਨੇ ਪਾਕਿਸਤਾਨੀ ਬੱਲੇਬਾਜ਼ੀ ਲਾਈਨ ਨੂੰ ਤਹਿਸ-ਨਹਿਸ ਕਰ ਦਿੱਤਾ। ਦੀਪਤੀ ਨੇ ਆਪਣੇ ਕਰੀਅਰ ਦੀ ਸਰਵੋਤਮ ਗੇਂਦਬਾਜ਼ੀ ਕਰਦਿਆਂ ਭਾਰਤ ਦੀ ਜਿੱਤ ਪੱਕੀ ਕੀਤੀ। ਦੀਪਤੀ ਨੂੰ ‘ਪਲੇਅਰ ਆਫ਼ ਦਿ ਮੈਚ’ ਚੁਣਿਆ ਗਿਆ।
ਦੀਪਤੀ ਨੇ ਚਾਰ ਓਵਰਾਂ ਵਿੱਚ ਸਿਰਫ਼ 10 ਦੌੜਾਂ ਦੇ ਕੇ ਪੰਜ ਵਿਕਟਾਂ ਝਟਕਾਈਆਂ ਅਤੇ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਉਹ ਮਹਿਲਾ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਗੇਂਦਬਾਜ਼ ਵੀ ਬਣ ਗਈ ਹੈ। ਗੇਂਦ ਨਾਲ ਕਮਾਲ ਦਿਖਾਉਣ ਤੋਂ ਇਲਾਵਾ ਦੀਪਤੀ (12) ਨੇ ਬੱਲੇਬਾਜ਼ੀ ਵਿੱਚ ਵੀ ਅਹਿਮ ਯੋਗਦਾਨ ਪਾਇਆ ਅਤੇ ਰਿਚਾ ਘੋਸ਼ ਨਾਲ 45 ਦੌੜਾਂ ਦੀ ਕੀਮਤੀ ਸਾਂਝੇਦਾਰੀ ਕਰਕੇ ਟੀਮ ਨੂੰ ਇੱਕ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ।
ਨੰਬਰ-1 ’ਤੇ ਕੌਣ
ਪਾਕਿਸਤਾਨ ਨੂੰ ਹਰਾਉਣ ਦੇ ਬਾਵਜੂਦ ਭਾਰਤੀ ਮਹਿਲਾ ਟੀਮ ਗਰੁੱਪ-ਏ ਦੇ ਪੁਆਇੰਟਸ ਟੇਬਲ ਵਿੱਚ ਟਾਪ ’ਤੇ ਨਹੀਂ ਪਹੁੰਚ ਸਕੀ। ਆਸਟ੍ਰੇਲੀਆਈ ਟੀਮ ਨੇ ਦੱਖਣੀ ਅਫਰੀਕਾ ਨੂੰ 65 ਦੌੜਾਂ ਦੇ ਫਰਕ ਨਾਲ ਹਰਾ ਕੇ ਪਹਿਲੇ ਸਥਾਨ ’ਤੇ ਕਬਜ਼ਾ ਕੀਤਾ ਹੋਇਆ ਹੈ। ਜੇਕਰ ਭਾਰਤ ਥੋੜ੍ਹੇ ਹੋਰ ਵੱਡੇ ਫਰਕ ਨਾਲ ਇਹ ਮੈਚ ਜਿੱਤਦਾ ਤਾਂ ਉਹ ਨੰਬਰ-1 ਬਣ ਸਕਦਾ ਸੀ।
ਗਰੁੱਪ-ਏ ਵਿੱਚ ਤਿੰਨ ਟੀਮਾਂ ਦਾ ਖਾਤਾ ਖੁੱਲ੍ਹ ਗਿਆ ਹੈ, ਜਿਸ ਵਿੱਚ ਭਾਰਤ ਅਤੇ ਆਸਟ੍ਰੇਲੀਆ ਤੋਂ ਇਲਾਵਾ ਬੰਗਲਾਦੇਸ਼ ਵੀ ਸ਼ਾਮਲ ਹੈ। ਬੰਗਲਾਦੇਸ਼ ਨੇ ਆਪਣੇ ਪਹਿਲੇ ਮੈਚ ਵਿੱਚ ਨੀਦਰਲੈਂਡ ਨੂੰ 6 ਵਿਕਟਾਂ ਨਾਲ ਮਾਤ ਦਿੱਤੀ। ਦੂਜੇ ਪਾਸੇ, ਨੀਦਰਲੈਂਡ ਤੋਂ ਇਲਾਵਾ ਪਾਕਿਸਤਾਨ ਅਤੇ ਦੱਖਣੀ ਅਫਰੀਕਾ ਨੂੰ ਆਪਣੇ ਪਹਿਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਜੇਕਰ ਗਰੁੱਪ-ਬੀ ਦੀ ਗੱਲ ਕਰੀਏ ਤਾਂ ਇਸ ਗਰੁੱਪ ਵਿੱਚ ਇੰਗਲੈਂਡ ਦੀ ਟੀਮ 1 ਮੈਚ ਜਿੱਤ ਕੇ +4.350 ਦੀ ਨੈੱਟ ਰਨ ਰੇਟ ਨਾਲ ਸਭ ਤੋਂ ਉੱਪਰ ਹੈ। ਸਕਾਟਲੈਂਡ ਦੀ ਟੀਮ ਦੂਜੇ, ਵੈਸਟਇੰਡੀਜ਼ ਦੀ ਟੀਮ ਤੀਜੇ, ਨਿਊਜ਼ੀਲੈਂਡ ਚੌਥੇ, ਆਇਰਲੈਂਡ ਪੰਜਵੇਂ ਅਤੇ ਸ਼੍ਰੀਲੰਕਾ ਦੀ ਟੀਮ ਛੇਵੇਂ ਸਥਾਨ ’ਤੇ ਹੈ।
