ਚੰਡੀਗੜ੍ਹ 11 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਸੂਬੇ ਦੇ ਕੁੱਝ ਵਪਾਰੀਆਂ ਦੇ ਟਿਕਾਣਿਆਂ ’ਤੇ ਕੀਤੀ ਗਈ ਛਾਪੇਮਾਰੀ ਨੂੰ ਲੈ ਕੇ ਆਪ ਤੇ ਭਾਜਪਾ ’ਚ ਸਿਆਸੀ ਮੇਹਣੋ-ਮੇਹਣੀ ਤੇਜ਼ ਹੋ ਗਈ ਹੈ। ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੀਤੇ ਕੱਲ੍ਹ ਜਲੰਧਰ ਅਤੇ ਲੁਧਿਆਣਾ ’ਚ ਈਡੀ ਦੀ ਕਾਰਵਾਈ ਪਿੱਛੋੰ ਕੇਂਦਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਈਡੀ ਪਾਰਟੀ ਵਲੋਂ ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸਨੂੰ ਲੈ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿਲੋ ਅਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕੇਜਰੀਵਾਲ ’ਤੇ ਸਿਆਸਤ ’ਚ ਧਰਮ ਦਾ ਸਹਾਰਾ ਲੈਣ ਦਾ ਦੋਸ਼ ਲਾਇਆ।

ਜਾਖੜ ਨੇ ਅੱਜ ਆਪਣੇ ਐਕਸ ਅਕਾਉਾਂਟ ’ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਧਰਮ ਤੇ ਭਾਸ਼ਾ ਦੇ ਨਾਂਅ ’ਤੇ ਵੰਡਣ ਦੀ ਕੋਸਿਸ਼ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਧਰਮ ਦੇ ਨਾਮ ’ਤੇ ਵੰਡਣ ਵਾਲੀ ਅਜਿਹੀ ਗੰਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ।

ਜਾਖੜ ਨੇ ਲਿਖਿਆ ਕਿ ਕੇਜਰੀਵਾਲ ਜੀ, ਭਗਵੰਤ ਮਾਨ ਜੀ, ਜਿਹੜੀ ਅੱਗ ਤੁਸੀਂ ਬੁਝਾ ਨਹੀਂ ਸਕਦੇ, ਉਹ ਲਾਓ ਨਾ। ਪੰਜਾਬ ਨੂੰ ਧਰਮ ਦੇ ਨਾਮ ’ਤੇ ਵੰਡਣ ਦੀ ਇਹ ਗੰਦੀ ਰਾਜਨੀਤੀ ਤੋਂ ਬਾਜ ਆਓ। ਪੰਜਾਬ ਗੁਰੂ ਸਾਹਿਬਾਨ ਵੱਲੋਂ ਦਿੱਤੇ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ਦੇ ਰੱਬੀ ਸਿਧਾਂਤ ’ਤੇ ਚਲਦਾ ਹੈ।

ਜਾਖੜ ਨੇ ਕਿਹਾ ਕਿ ਪਹਿਲਾਂ ਅਰਵਿੰਦ ਕੇਜਰੀਵਾਲ ਤੇ ਫਿਰ ਉਨ੍ਹਾਂ ਤੋਂ ਆਏ ਹੁਕਮ ਅਨੁਸਾਰ ਭਗਵੰਤ ਮਾਨ ਵੱਲੋਂ ਹਿੰਦੀ ਭਾਸ਼ਾ ਵਿਚ ਟਵੀਟ ਕਰਕੇ ਆਪਣੇ ਆਪ ਨੂੰ ਹਿੰਦੂਆਂ ਦੇ ਖੈਰਖੁਆਹ ਦੱਸਣ ਦੀ ਕੋਸਿਸ਼ ਪਿੱਛੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਆਪ ਪਾਰਟੀ ਦੀ ਇਕ ਸਾਜਿਸ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਅਜਿਹੇ ਸਿਆਸੀ ਆਗੂਆਂ ਦੀ ਅਸਲੀਅਤ ਬਹੁਤ ਜਲਦੀ ਪਹਿਚਾਣ ਲੈਂਦਾ ਹੈ।

ਉਧਰ ਆਪ ਮੁਖੀ ਅਰਵਿੰਦ ਕੇਜਰੀਵਾਲ ਨੇ ਅੱਜ ਮੁੜ ਟਵੀਟ ਕਰਦਿਆਂ ਲਿਖਿਆ ਹੈ ਕਿ ਈਡੀ ਪਾਰਟੀ ਦੀ ਪੰਜਾਬ ਵਿਚ ਕੇਵਲ ਦੋ ਸੀਟਾਂ ਹਨ। ਪਰ ਪੰਜਾਬ ਤੋਂ ਉਨ੍ਹਾਂ ਨੂੰ ਕੁੱਲ ਚੰਦੇ ਦਾ 93 ਫ਼ੀਸਦੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸੋਚਣ ਦੀ ਗੱਲ ਹੈ ਕਿ ਐਨਾਂ ਚੰਦਾ ਕਿਉਂ ਦਿੱਤਾ ਜਾ ਰਿਹਾ ਹੈ। ਵਪਾਰੀਆਂ ਨੂੰ ਈਡੀ ਤੇ ਸੀਬੀਆਈ ਖੁੱਲ੍ਹੇਆਮ ਧਮਕੀਆਂ ਦੇ ਰਹੀ ਹੈ। ਚੰਦੇ ਦੇ ਨਾਮ ’ਤੇ ਖੁੱਲ੍ਹੀ ਲੁੱਟ ਚੱਲ ਰਹੀ ਹੈ ਅਤੇ ਪੰਜਾਬੀ ਕਦੇ ਬਰਦਾਸ਼ਤ ਨਹੀਂ ਕਰਨਗੇ। ਕਿਸਾਨ ਅੰਦੋਲਨ ਤੋਂ ਵੀ ਈਡੀ ਪਾਰਟੀ ਨੇ ਕੁੱਝ ਨਹੀਂ ਸਿੱਖਿਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।