ਚੰਡੀਗੜ੍ਹ 03 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) : ਸੂਬਾ ਸਰਕਾਰ ਦੀ ‘ਪੰਜਾਬ ਸਿੱਖਿਆ ਕ੍ਰਾਂਤੀ’ ਪਹਿਲ ਦਾ ਅਸਰ ਹੁਣ ਕੌਮੀ ਪੱਧਰ ਦੇ ਮੁਕਾਬਲੇ ਪ੍ਰੀਖਿਆਵਾਂ ’ਚ ਵੀ ਨਜ਼ਰ ਆਉਣ ਲੱਗਾ ਹੈ। ਇਸ ਸਾਲ ਦੇ ਸਰਕਾਰੀ ਸਕੂਲਾਂ ਦੇ 59 ਬੱਚਿਆਂ ਨੇ ਜੇਈਈ ਐਡਵਾਂਸਡ-2026 ਪ੍ਰੀਖਿਆ ’ਚ ਸਫਲਤਾ ਹਾਸਲ ਕੀਤੀ ਹੈ। ਪਿਛਲੇ ਸਾਲ ਇਹ ਗਿਣਤੀ 44 ਸੀ। ਇਕ ਸਾਲ ’ਚ ਸਫਲ ਵਿਦਿਆਰਥੀਆਂ ਦੀ ਗਿਣਤੀ ’ਚ ਕਰੀਬ 34 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਉਪਲੱਬਧੀ ’ਤੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜਾ ਸਰਕਾਰੀ ਸਕੂਲਾਂ ’ਚ ਸਿੱਖਿਆ ਪ੍ਰਬੰਧ ’ਚ ਆਏ ਬਦਲਾਅ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਸ਼ੁਰੂ ਕੀਤੀ ‘ਪੰਜਾਬ ਸਿੱਖਿਆ ਕ੍ਰਾਂਤੀ’ ਦੇ ਤਹਿਤ ਵਿਦਿਆਰਥੀਆਂ ਨੂੰ ਆਧੁਨਿਕ ਸਹੂਲਤਾਂ, ਬਿਹਤਰ ਬੁਨਿਆਦੀ ਢਾਂਚਾ, ਮੁਫ਼ਤ ਕੋਚਿੰਗ ਤੇ ਮਾਹਿਰਾਂ ਦਾ ਮਾਰਗਦਰਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਦੇ ਸਕਾਰਾਤਮਕ ਨਤੀਜੇ ਦਿਸ ਰਹੇ ਹਨ। ਜ਼ਿਲ੍ਹਾ ਪੱਧਰ ’ਤੇ ਦੇਖੀਏ ਤਾਂ ਪਟਿਆਲਾ ਸਭ ਤੋਂ ਅੱਗੇ ਰਿਹਾ, ਜਿੱਥੋਂ 11 ਵਿਦਿਆਰਥੀਆਂ ਨੇ ਜੇਈਈ ਐਡਵਾਂਸਡ ਪ੍ਰੀਖਿਆ ਪਾਸ ਕੀਤੀ। ਇਸ ਤੋਂ ਬਾਅਦ ਸੰਗਰੂਰ ’ਚ 7 ਵਿਦਿਆਰਥੀ ਸਫ਼ਲ ਰਹੇ। ਲੁਧਿਆਣਾ, ਫਿਰੋਜ਼ਪੁਰ ਤੇ ਐੱਸਏਐੱਸ ਨਗਰ ਤੋਂ 6-6 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ। ਫਤਿਹਗੜ੍ਹ ਸਾਹਿਬ ਤੋਂ ਪੰਜ, ਜਦਕਿ ਅੰਮ੍ਰਿਤਸਰ ਤੇ ਜਲੰਧਰ ਤੋਂ 4-4 ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ। ਬਠਿੰਡਾ ਤੇ ਗੁਰਦਾਸਪੁਰ ਤੋਂ 3-3, ਫਾਜ਼ਿਲਕਾ ਤੋਂ ਦੋ ਤੇ ਰੂਪਨਗਰ ਤੇ ਹੁਸ਼ਿਆਰਪੁਰ ਤੋਂ ਇਕ-ਇਕ ਵਿਦਿਆਰਥੀ ਚੁਣਿਆ। ਹੁਸ਼ਿਆਰਪੁਰ ਦੇ ਸਕੂਲ ਆਫ ਐਮੀਨੈਂਸ ਭਗਪੁਰ ਸਤੌਰ ਦੀ ਪ੍ਰਿਆ ਭਾਰਦਵਾਜ ਨੇ ਆਰਥਿਕ ਮੁਸ਼ਕਲਾਂ ਦੇ ਬਾਵਜੂਦ ਪ੍ਰੀਖਿਆ ਪਾਸ ਕੀਤੀ। ਪਿਤਾ ਦੀ ਮੌਤ ਉਪਰੰਤ ਮਾਂ ਨਿਜੀ ਕੰਪਨੀ ’ਚ ਨੌਕਰੀ ਕਰ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੀ ਹੈ। ਐੱਸਏਐੱਸ ਨਗਰ ਦੇ ਸਕੂਲ ਆਫ ਐਮੀਨੈਂਸ ਮੁੱਲਾਂਪੁਰ ਦੇ ਪ੍ਰਭਜੋਤ ਸਿੰਘ ਦੇ ਪਿਤਾ ਮਜ਼ਦੂਰ ਹਨ, ਜਦਿਕ ਹਰਸ਼ ਮਾਧਵ ਨੇ ਸਰਕਾਰੀ ਮਦਦ ਤੇ ਮੁਫ਼ਤ ਕੋਚਿੰਗ ਸਹਾਰੇ ਸਫਲਤਾ ਹਾਸਲ ਕੀਤੀ।
