ਨਵੀਂ ਦਿੱਲੀ 20 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਉੱਤਰ ਭਾਰਤ ’ਚ ਜ਼ਬਰਦਸਤ ਗਰਮੀ ਤੇ ਲੂ ਦਾ ਕਹਿਰ ਜਾਰੀ ਹੈ, ਜਿਸ ’ਚ ਯੂਪੀ ਦਾ ਬਾਂਦਾ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੈ। ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਬਾਂਦਾ ਏਸ਼ੀਆ ਦਾ ਸਭ ਤੋਂ ਗਰਮ ਸ਼ਹਿਰ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ ਇਤਿਹਾਸ ’ਚ ਤੀਜੀ ਵਾਰ 48.2 ਡਿਗਰੀ ਸੈਲਸੀਅਸ ’ਤੇ ਪੁੱਜ ਗਿਆ। ਇਸ ਤੋਂ ਪਹਿਲਾਂ ਸਾਲ 2019 ਦੇ ਮਈ ਮਹੀਨੇ ’ਚ 48.1 ਡਿਗਰੀ ਤੇ ਸਾਲ 2022 ’ਚ 49 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਸੀ।
ਦੇਸ਼ ’ਚ ਦੂਜੇ ਨੰਬਰ ’ਤੇ ਮੱਧ ਪ੍ਰਦੇਸ਼ ਦੇ ਨੌਗਾਓਂ ਤੇ ਹਰਿਆਣਾ ਦੇ ਰੋਹਤਕ ਦਾ ਤਾਪਮਾਨ ਤੀਜੇ ਸਥਾਨ ’ਤੇ ਹੈ। ਉੱਤਰ ਪ੍ਰਦੇਸ਼ ’ਚ ਆਗਰਾ ਤੇ ਝਾਂਸੀ 46.5 ਡਿਗਰੀ ਤਾਪਮਾਨ ਨਾਲ ਬਾਂਦਾ ਤੋਂ ਬਾਅਦ ਸਭ ਤੋਂ ਗਰਮ ਜ਼ਿਲ੍ਹੇ ਰਹੇ। ਮੌਸਮ ਵਿਭਾਗ ਮੁਤਾਬਕ ਪੱਛਮ ਤੋਂ ਲੈ ਕੇ ਪੂਰਬ ਤੱਕ ਅਗਲੇ ਪੰਜ-ਛੇ ਦਿਨਾਂ ਤੱਕ ਤਪਸ਼ ਤੋਂ ਰਾਹਤ ਦੇ ਆਸਾਰ ਨਹੀਂ ਹਨ। ਇਸ ਦੌਰਾਨ ਲਖਨਊ ਸਮੇਤ 60 ਤੋਂ ਵੱਧ ਜ਼ਿਲ੍ਹਿਆਂ ’ਚ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਪ੍ਰਯਾਗਰਾਜ ਵੀ ਤਿੰਨ -ਚਾਰ ਦਿਨਾਂ ਤੋਂ ਜ਼ਬਰਦਸਤ ਲੂ ਦੀ ਲਪੇਟ ’ਚ ਹੈ। ਜ਼ਿਲ੍ਹੇ ’ਚ ਸੋਮਵਾਰ ਨੂੰ ਜਿੱਥੇ ਦਿਨ ਦਾ ਪਾਰਾ 44.8 ਡਿਗਰੀ ਸੈਲਸੀਅਸ ਪਹੁੰਚ ਗਿਆ ਸੀ, ਉੱਥੇ ਮੰਗਲਵਾਰ ਨੂੰ 45.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜਿਹੜਾ ਸਾਧਾਰਨ ਤੋਂ ਕਰੀਬ ਚਾਰ ਡਿਗਰੀ ਸੈਲਸੀਅਸ ਜ਼ਿਆਦਾ ਹੈ। ਅਸਲ ’ਚ ਪੱਛਮੀ ਗੜਬੜੀ ਦੇ ਕਮਜ਼ੋਰ ਪੈਣ ਨਾਲ ਉੱਤਰ ਭਾਰਤ ’ਚ ਖ਼ੁਸ਼ਕ ਤੇ ਗਰਮ ਹਵਾ ਦਾ ਅਸਰ ਕਾਫ਼ੀ ਵਧ ਗਿਆ ਹੈ। ਇਸ ਕਾਰਨ ਸੂਬੇ ’ਚ ਲੂ ਦੀ ਸਥਿਤੀ ਲਗਾਤਾਰ ਗੰਭੀਰ ਹੋ ਰਹੀ ਹੈ। ਰਾਤ ਨੂੰ ਵੀ ਗਰਮੀ ਦਾ ਅਸਰ ਦਿਸਣ ਲੱਗਾ ਹੈ। ਕਰੀਬ ਇਕ ਦਰਜਨ ਤੋਂ ਜ਼ਿਆਦਾ ਜ਼ਿਲ੍ਹਿਆਂ ’ਚ ਘੱਟ ਤੋਂ ਘੱਟ ਤਾਪਮਾਨ 25 ਜਾਂ ਉਸ ਤੋਂ ਜ਼ਿਆਦਾ ਬਣਿਆ ਹੈ। ਫਿਲਹਾਲ ਇਸ ਹਫ਼ਤੇ ਰਾਹਤ ਦੀ ਉਮੀਦ ਨਹੀਂ ਹੈ।
ਦੇਸ਼ ਦੇ ਸਭ ਤੋਂ ਜ਼ਿਆਦਾ ਗਰਮ ਪੰਜ ਸ਼ਹਿਰ
| ਸ਼ਹਿਰ / ਸਥਾਨ (ਰਾਜ) | ਤਾਪਮਾਨ (°C) |
| ਬਾਂਦਾ (ਯੂਪੀ) | 48.20 |
| ਨੌਗਾਂਵ (ਮੱਧ ਪ੍ਰਦੇਸ਼) | 47.00 |
| ਰੋਹਤਕ (ਹਰਿਆਣਾ) | 46.90 |
| ਅਮਰਾਵਤੀ (ਮਹਾਰਾਸ਼ਟਰ) | 46.80 |
| ਦਿੱਲੀ ਰਿਜ | 46.50 |
ਜੰਮੂ ਕਸ਼ਮੀਰ, ਹਿਮਾਚਲ ਤੇ ਉੱਤਰਾਖੰਡ ਦੇ ਇਨ੍ਹਾਂ ਸ਼ਹਿਰਾਂ ’ਚ ਪਾਰਾ 40 ਡਿਗਰੀ ਤੋਂ ਜ਼ਿਆਦਾ
ਕਠੂਆ 44.6 ਡਿਗਰੀ
ਜੰਮੂ 42.0 ਡਿਗਰੀ
ਰੁੜਕੀ 41 ਡਿਗਰੀ
ਪੰਤਨਗਰ 40.2 ਡਿਗਰੀ
ਊਨਾ 43.4
ਨੇਰੀ (ਹਮੀਰਪੁਰ) 41.2
ਮੰਡੀ 40 ਡਿਗਰੀ
