22 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਜੇ ਤਹਿਰਾਨ ਭਲਕੇ ਖ਼ਤਮ ਹੋ ਰਹੀ ਦੋ ਹਫ਼ਤਿਆਂ ਦੀ ਜੰਗਬੰਦੀ ਤੋਂ ਪਹਿਲਾਂ ਅਮਰੀਕਾ ਨਾਲ ਕਿਸੇ ਸਮਝੌਤੇ ਉਤੇ ਸਹਿਮਤ ਨਹੀਂ ਹੁੰਦਾ, ਤਾਂ ਉਹ ਇਰਾਨ ਉਤੇ ਬੰਬਾਰੀ ਸ਼ੁਰੂ ਕਰ ਦੇਣਗੇ। ਸੀ ਐੱਨ ਬੀ ਸੀ ਦੇ ਪ੍ਰੋਗਰਾਮ ਵਿੱਚ ਇਹ ਪੁੱਛੇ ਜਾਣ ਉਤੇ ਕਿ ਕੀ ਉਹ ਇਰਾਨ ਨਾਲ ਜੰਗਬੰਦੀ ਦੀ ਮਿਆਦ ਵਧਾਉਣਗੇ ਤਾਂ ਕਿ ਸ਼ਾਂਤੀ ਵਾਰਤਾ ਦੇ ਜ਼ਰੀਏ ਯੁੱਧ ਖ਼ਤਮ ਕਰਨ ਲਈ ਕੋਈ ਸਮਝੌਤਾ ਹੋ ਸਕੇ, ਤਾਂ ਟਰੰਪ ਨੇ ਕਿਹਾ ਕਿ ‘‘ਮੈਂ ਅਜਿਹਾ ਨਹੀਂ ਕਰਨਾ ਚਾਹੁੰਦਾ।’’

ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਉਨ੍ਹਾਂ ਨੂੰ ਗੱਲਬਾਤ ਕਰਨੀ ਪਵੇਗੀ। ਤੇ ਤੁਹਾਨੂੰ ਪਤਾ ਹੈ, ਇਕ ਚੀਜ਼ ਜਿਹੜੀ ਮੈਂ ਕਹਾਂਗਾ, ਉਹ ਹੈ ਕਿ ਇਰਾਨ ਆਪਣੀ ਸਥਿਤੀ ਨੂੰ ਬਹੁਤ ਮਜ਼ਬੂਤ ਕਰ ਸਕਦਾ ਹੈ। ਜੇ ਉਹ ਸਮਝੌਤਾ ਕਰ ਲੈਂਦੇ ਹਨ, ਤਾਂ ਉਹ ਫਿਰ ਤੋਂ ਮਜ਼ਬੂਤ ਰਾਸ਼ਟਰ, ਸ਼ਾਨਦਾਰ ਮੁਲਕ ਬਣ ਸਕਦੇ ਹਨ।’’ ਟਰੰਪ ਨੇ ਕਿਹਾ ਕਿ ਜੇ ਬੁੱਧਵਾਰ ਨੂੰ ਬਿਨਾਂ ਕਿਸੇ ਸਮਝੌਤੇ ਤੋਂ ਜੰਗਬੰਦੀ ਖ਼ਤਮ ਹੋ ਜਾਂਦੀ ਹੈ ਤਾਂ ਉਹ ਇਰਾਨ ਉਤੇ ਮੁੜ ਹਮਲਾ ਕਰਨ ਲਈ ਤਿਆਰ ਹਨ। ਟਰੰਪ ਨੇ ਕਿਹਾ, ‘‘ਮੈਂ ਬੰਬਾਰੀ ਦੀ ਉਮੀਦ ਕਰ ਰਿਹਾ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹੀ ਬਿਹਤਰ ਰੁਖ਼ ਹੈ।’’ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਮਰੀਕਾ ਯੁੱਧ ਖ਼ਤਮ ਕਰਨ ਲਈ ਇਰਾਨ ਨਾਲ ਸ਼ਾਨਦਾਰ ਸਮਝੌਤਾ ਕਰੇਗਾ।

ਇਰਾਨ ਨਾਲ ਸ਼ਾਂਤੀ ਵਾਰਤਾ ਦੇ ਦੂਜੇ ਦੌਰ ਵਿੱਚ ਆਪਣੀਆਂ ਉਮੀਦਾਂ ਬਾਰੇ ਪੁੱਛੇ ਜਾਣ ’ਤੇ ਟਰੰਪ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਉਨ੍ਹਾਂ ਕੋਲ ਕੋਈ ਚਾਰਾ ਨਹੀਂ ਬਚਿਆ। ਅਸੀਂ ਉਨ੍ਹਾਂ ਦੀ ਜਲ ਸੈਨਾ ਨੂੰ ਤਬਾਹ ਕਰ ਦਿੱਤਾ ਹੈ, ਉਨ੍ਹਾਂ ਦੀ ਹਵਾਈ ਸੈਨਾ ਨੂੰ ਵੀ ਅਸੀਂ ਤਬਾਹ ਕਰ ਦਿੱਤਾ ਹੈ, ਅਤੇ ਉਨ੍ਹਾਂ ਦੇ ਨੇਤਾਵਾਂ ਨੂੰ ਹਟਾ ਦਿੱਤਾ ਹੈ।’’ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਨੇਤਾਵਾਂ ਨੂੰ ਹਟਾਉਣ ਨਾਲ ਮਾਮਲਾ ‘ਥੋੜ੍ਹਾ ਪੇਚੀਦਾ ਹੋ ਗਿਆ ਹੈ, ਪਰ ਇਹ ਨੇਤਾ ਕਿਤੇ ਵੱਧ ਤਰਕਵਾਦੀ ਹਨ।’ ਉਨ੍ਹਾਂ ਕਿਹਾ ਕਿ ਇਹ ਸੱਤਾ ਪਰਿਵਰਤਨ ਹੈ, ਚਾਹੇ ਤੁਸੀਂ ਇਸ ਨੂੰ ਜੋ ਮਰਜ਼ੀ ਕਹੋ’’ ਅਮਰੀਕਾ ਅਤੇ ਇਰਾਨ ਦਰਮਿਆਨ 11 ਤੇ 12 ਅਪਰੈਲ ਨੂੰ ਹੋਈ ਪਹਿਲੇ ਦੌਰ ਦੀ ਵਾਰਤਾ ਬੇਨਤੀਜਾ ਰਹੀ ਸੀ, ਹੁਣ ਦੂਜੇ ਦੌਰ ਬਾਰੇ ਸੰਸਾ ਬਣਿਆ ਹੋਇਆ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।