21 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਦੇਸ਼ ਦੇ ਕੇਂਦਰੀ ਚੋਣ ਕਮਿਸ਼ਨ ਨੇ ਐਲਾਨ ਕੀਤਾ ਕਿ ਸਾਬਕਾ ਰਾਸ਼ਟਰਪਤੀ ਰੁਮੇਨ ਰਾਦੇਵ ਦਾ ਸੈਂਟਰ-ਲੈੱਫਟ ਗੱਠਜੋੜ ਬੁਲਗਾਰੀਆ ਦੀਆਂ ਸੰਸਦੀ ਚੋਣਾਂ ਵਿੱਚ ਸਪਸ਼ਟ ਬਹੁਮੱਤ ਨਾਲ ਜੇਤੂ ਰਿਹਾ ਹੈ। ਗੱਠਜੋੜ ਦੀ ਜਿੱਤ ਨਾਲ ਬੁਲਗਾਰੀਆ ’ਚ ਪਿਛਲੇ ਪੰਜ ਸਾਲਾਂ ਤੋਂ ਜਾਰੀ ਸਿਆਸੀ ਅਸਥਿਰਤਾ ਖ਼ਤਮ ਹੋ ਗਈ ਹੈ। ਸੋਮਵਾਰ ਤੜਕੇ ਤੱਕ 96 ਫੀਸਦ ਵੋਟਾਂ ਦੀ ਗਿਣਤੀ ਹੋ ਗਈ ਸੀ। ਨਤੀਜਿਆਂ ਮੁਤਾਬਕ ਪ੍ਰੋਗਰੈਸਿਵ ਬੁਲਗਾਰੀਆ ਗੱਠਜੋੜ ਨੂੰ 44.7 ਫੀਸਦ ਵੋਟਾਂ ਪਈਆਂ ਹਨ, ਜੋ ਕਿ ਬਜ਼ੁਰਗ ਆਗੂ ਬੋਇਕੋ ਬੌਰਿਸੋਵ ਦੀ ਸੈਂਟਰ-ਸੱਜੇ ਜੀ ਈ ਆਰ ਬੀ ਪਾਰਟੀ ਅਤੇ ‘ਵੀ ਕੰਟੀਨਿਊ ਦਿ ਚੇਂਜ’ ਪਾਰਟੀ ਦੀ ਅਗਵਾਈ ਵਾਲੇ ਪੱਛਮ ਪੱਖੀ ਸੁਧਾਰਵਾਦੀ ਬਲਾਕ ਤੋਂ 20 ਫੀਸਦ ਵੱਧ ਹੈ। ਦੋਵਾਂ ਪਾਰਟੀਆਂ ਨੇ ਕ੍ਰਮਵਾਰ 13.4 ਫੀਸਦ ਤੇ 12.9 ਫੀਸਦ ਵੋਟਾਂ ਨਾਲ ਇਕੋ ਜਿਹੇ ਟੱਕਰ ਦਿੱਤੀ। ਤਾਜ਼ਾ ਨਤੀਜਿਆਂ ਮੁਤਾਬਕ 240 ਸੀਟਾਂ ਵਾਲੇ ਸਦਨ ਵਿੱਚ ਦੋ ਹੋਰਨਾਂ ਪਾਰਟੀਆਂ ਨੂੰ ਵੀ ਸੀਟਾਂ ਮਿਲਦੀਆਂ ਦਿਸ ਰਹੀਆਂ ਹਨ। ਬੌਰਿਸੋਵ ਨੇ ਆਪਣੀ ਹਾਰ ਸਵੀਕਾਰ ਕਰਦਿਆਂ ਚੋਣ ਜਿੱਤਣ ਵਾਲੀ ਪਾਰਟੀ ਨੂੰ ਵਧਾਈ ਦਿੱੱਤੀ ਹੈ। ਰਾਦੇਵ ਨੇ ਪਾਰਟੀ ਦੀ ਜਿੱਤ ਨੂੰ ‘ਸਪੱਸ਼ਟ’, ‘ਬੇਭਰੋਸਗੀ ਉੱਤੇ ਉਮੀਦ ਦੀ ਜਿੱਤ’ ਅਤੇ ‘ਡਰ ਉੱਤੇ ਆਜ਼ਾਦੀ ਦੀ ਜਿੱਤ’ ਦੱਸਦਿਆਂ ਕਿਹਾ ਕਿ ਬੁਲਗਾਰੀਆ ‘ਆਪਣੇ ਯੂਰੋਪੀਅਨ ਮਾਰਗ ’ਤੇ ਅੱਗੇ ਵਧਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ।’ ਰਾਦੇਵ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੇਰਾ ਯਕੀਨ ਕਰੋ, ਮਜ਼ਬੂਤ ਬੁਲਗਾਰੀਆ ਤੇ ਮਜ਼ਬੂਤ ਯੂਰੋਪ ਨੂੰ ਆਲੋਚਨਾਤਮਕ ਸੋਚ ਤੇ ਵਿਹਾਰਕਤਾ ਦੀ ਲੋੜ ਹੈ।’’

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।