ਨਵੀਂ ਦਿੱਲੀ 13 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) ਥਲਾਪਤੀ ਵਿਜੇ ਦੀ ਆਖਰੀ ਫ਼ਿਲਮ ‘ਜਨ ਨਾਇਕਨ’ (Jana Nayagan) ਰਿਲੀਜ਼ ਤੋਂ ਪਹਿਲਾਂ ਹੀ ਆਨਲਾਈਨ ਲੀਕ ਹੋ ਗਈ ਹੈ। ਇਸ ਪਾਇਰੇਸੀ ਦੇ ਖ਼ਿਲਾਫ਼ ਦੱਖਣ ਭਾਰਤੀ ਸਿਨੇਮਾ ਦੇ ਕਈ ਦਿੱਗਜਾਂ ਨੇ ਆਵਾਜ਼ ਉਠਾਈ ਹੈ। ਹੁਣ ਡਾਇਰੈਕਟਰ ਆਰ.ਕੇ. ਸੇਲਵਾਮਣੀ ਅਤੇ ਮਸ਼ਹੂਰ ਅਦਾਕਾਰ ਆਰ. ਮਾਧਵਨ ਨੇ ਇਸ ਘਟਨਾ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।

ਦੱਸ ਦੇਈਏ ਕਿ ਇਹ ਫ਼ਿਲਮ 9 ਜਨਵਰੀ ਨੂੰ ਰਿਲੀਜ਼ ਹੋਣੀ ਸੀ ਪਰ ਸੈਂਸਰ ਬੋਰਡ ਵੱਲੋਂ ਹਰੀ ਝੰਡੀ ਨਾ ਮਿਲਣ ਕਾਰਨ ਇਸ ਨੂੰ ਅੱਗੇ ਪਾ ਦਿੱਤਾ ਗਿਆ ਸੀ ਪਰ ਹੁਣ ਵੱਡੇ ਪਰਦੇ ‘ਤੇ ਆਉਣ ਤੋਂ ਪਹਿਲਾਂ ਹੀ ਫ਼ਿਲਮ ਇੰਟਰਨੈੱਟ ‘ਤੇ ਲੀਕ ਹੋ ਗਈ ਹੈ।

ਡਾਇਰੈਕਟਰ ਨੇ ਚੁੱਪੀ ‘ਤੇ ਚੁੱਕੇ ਸਵਾਲ

‘ਦ ਫ਼ਿਲਮ ਇੰਪਲਾਈਜ਼ ਫੈਡਰੇਸ਼ਨ ਆਫ ਸਾਊਥ ਇੰਡੀਆ’ ਦੇ ਪ੍ਰਧਾਨ ਅਤੇ ਡਾਇਰੈਕਟਰ ਆਰ.ਕੇ. ਸੇਲਵਾਮਣੀ ਨੇ ਇਸ ਨੂੰ ਭਾਰਤ ਦੀ ਸਭ ਤੋਂ ਵੱਡੀ ਚੋਰੀ ਕਰਾਰ ਦਿੱਤਾ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “ਇਹ ਦੇਸ਼ ਦੀ ਸਭ ਤੋਂ ਵੱਡੀ ਚੋਰੀ ਹੈ ਪਰ ਸਭ ਚੁੱਪ ਬੈਠੇ ਹਨ। ਜੇਕਰ ਕਿਸੇ ਬੈਂਕ ਵਿੱਚੋਂ 500 ਕਰੋੜ ਰੁਪਏ ਚੋਰੀ ਹੋ ਜਾਂਦੇ ਤਾਂ ਪੂਰੇ ਦੇਸ਼ ਵਿੱਚ ਹੰਗਾਮਾ ਮਚ ਜਾਣਾ ਸੀ। ਫਿਰ ਇੱਕ ਫ਼ਿਲਮ ਦੇ ਮਾਮਲੇ ਵਿੱਚ ਅਜਿਹਾ ਕਿਉਂ ਨਹੀਂ ਹੋ ਰਿਹਾ? ਇੱਥੇ 500 ਕਰੋੜ ਦੀ ਜਾਇਦਾਦ ਚੋਰੀ ਹੋ ਕੇ ਲੱਖਾਂ ਲੋਕਾਂ ਤੱਕ ਪਹੁੰਚਾ ਦਿੱਤੀ ਗਈ ਹੈ।”

ਉਨ੍ਹਾਂ ਅੱਗੇ ਕਿਹਾ ਕਿ ਥੀਏਟਰ ਮਾਲਕ ਪਿਛਲੇ ਚਾਰ ਮਹੀਨਿਆਂ ਤੋਂ ਇਸ ਉਮੀਦ ਵਿੱਚ ਬੈਠੇ ਸਨ ਕਿ ਇਹ ਫ਼ਿਲਮ ਇੰਡਸਟਰੀ ਨੂੰ ਬਚਾ ਲਵੇਗੀ ਪਰ ਇਸ ਲੀਕ ਨੇ ਸਭ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ।

ਆਰ. ਮਾਧਵਨ ਦਾ ਵੀ ਫੁੱਟਿਆ ਗੁੱਸਾ

ਸੁਪਰਸਟਾਰ ਸੂਰੀਆ ਤੋਂ ਬਾਅਦ ਹੁਣ ਆਰ. ਮਾਧਵਨ ਨੇ ਵੀ ਇਸ ਘਟਨਾ ‘ਤੇ ਨਾਰਾਜ਼ਗੀ ਜਤਾਈ ਹੈ। ਮਾਧਵਨ ਨੇ ਸੂਰੀਆ ਦੀ ਪੋਸਟ ਨੂੰ ਰੀ-ਸ਼ੇਅਰ ਕਰਦੇ ਹੋਏ ਲਿਖਿਆ, “ਮੈਂ ਪੂਰੀ ਤਰ੍ਹਾਂ ਸਹਿਮਤ ਹਾਂ, ਇਹ ਬਹੁਤ ਹੀ ਦੁਖਦਾਈ ਅਤੇ ਪਰੇਸ਼ਾਨ ਕਰਨ ਵਾਲਾ ਹੈ। ਲੋਕ ਅਜਿਹੀਆਂ ਹਰਕਤਾਂ ਕਰਕੇ ਕਿਵੇਂ ਬਚ ਨਿਕਲਦੇ ਹਨ? ਕਿਰਪਾ ਕਰਕੇ ਇਸ ਫ਼ਿਲਮ ਨਾਲ ਜੁੜੇ ਲੋਕਾਂ ਦੀ ਮਿਹਨਤ ਦਾ ਸਤਿਕਾਰ ਕਰੋ ਅਤੇ ਇਸ ਨੂੰ ਪਾਇਰੇਟਿਡ ਪਲੇਟਫਾਰਮਾਂ ‘ਤੇ ਦੇਖਣ ਤੋਂ ਬਚੋ।”

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।