ਨਵੀਂ ਦਿੱਲੀ, 25 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਪੱਛਮੀ ਏਸ਼ੀਆ ਵਿਚ ਚੱਲ ਰਹੇ ਤਣਾਅ ਦੌਰਾਨ ਹੋਰਮੁਜ਼ ਸਟ੍ਰੇਟ ਪਾਰ ਕਰ ਕੇ ਐੱਲਪੀਜੀ (ਰਸੋਈ ਗੈਸ) ਨਾਲ ਲੱਦੇ ਦੋ ਭਾਰਤੀ ਜਹਾਜ਼ ਸੁਰੱਖਿਅਤ ਭਾਰਤ ਵੱਲ ਵੱਧ ਰਹੇ ਹਨ। ਇਹ ਜਹਾਜ਼ ਸ਼ੁੱਕਰਵਾਰ ਤੱਕ ਦੇਸ਼ ਦੀਆਂ ਬੰਦਰਗਾਹਾਂ ’ਤੇ ਪੁੱਜ ਜਾਣਗੇ। ਇਨ੍ਹਾਂ ਜਹਾਜ਼ਾਂ ਵਿਚ ਲਗਪਗ 93 ਹਜ਼ਾਰ ਟਨ ਐੱਲਪੀਜੀ ਹੈ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਦੱਸਿਆ ਕਿ ਇਸ ਨਾਲ ਐੱਲਪੀਜੀ ਦੀ ਸਪਲਾਈ ਨੂੰ ਸੁਚਾਰੂ ਬਣਾਉਣ ਵਿਚ ਕਾਫ਼ੀ ਸਹਾਇਤਾ ਮਿਲੇਗੀ। ਇਸ ਦੇ ਨਾਲ ਹੀ ਜਾਣਕਾਰੀ ਮਿਲੀ ਹੈ ਕਿ ਪੱਛਮੀ ਏਸ਼ੀਆ ਦੇ ਵਿਵਾਦ ਦੇ ਮੱਦੇਨਜ਼ਰ ਹਾਲ ਹੀ ਵਿਚ ਭਾਰਤ ਨੇ ਅਮਰੀਕਾ ਤੇ ਆਸਟ੍ਰੇਲੀਆ ਤੋਂ ਜਿਹੜੇ ਐੱਲਪੀਜੀ ਜਹਾਜ਼ ਖ਼ਰੀਦੇ ਹਨ, ਉਹ ਵੀ ਅਗਲੇ ਸੱਤ ਤੋਂ 10 ਦਿਨਾਂ ’ਚ ਭਾਰਤੀ ਤੱਟਾਂ ’ਤੇ ਪੁੱਜਣਗੇ। ਘਰੇਲੂ ਉਤਪਾਦਨ ਵਿਚ 40 ਫ਼ੀਸਦੀ ਦੇ ਵਾਧੇ ਨਾਲ ਇਹ ਜਹਾਜ਼ ਦੇਸ਼ ਦੀ ਰੋਜ਼ਾਨਾ ਐੱਲਪੀਜੀ ਜ਼ਰੂਰਤ ਨੂੰ ਕਾਫੀ ਹੱਦ ਤੱਕ ਪੂਰਾ ਕਰਨਗੇ।

ਮੰਤਰਾਲੇ ਦੀ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ 47,600 ਟਨ ਐੱਲਪੀਜੀ ਨਾਲ ਲੱਦਿਆ ਜਹਾਜ਼ ਜਗ ਵਸੰਤ 26 ਮਾਰਚ ਯਾਨੀ ਵੀਰਵਾਰ ਸ਼ਾਮ ਤੱਕ ਕਾਂਡਲਾ ਬੰਦਰਗਾਹ ’ਤੇ ਪੁੱਜੇਗਾ ਜਦਕਿ 45,000 ਟਨ ਐੱਲਪੀਜੀ ਨਾਲ ਲੱਦਿਆ ਪਾਈਨ ਗੈਸ ਜਹਾਜ਼ 27 ਮਾਰਚ ਯਾਨੀ ਸ਼ੁੱਕਰਵਾਰ ਸਵੇਰੇ ਮੰਗਲੌਰ ਬੰਦਰਗਾਹ ’ਤੇ ਪੁੱਜੇਗਾ। ਇਨ੍ਹਾਂ ਦੋਹਾਂ ਜਹਾਜ਼ਾਂ ਨੇ ਹੋਰਮੁਜ਼ ਤੋਂ ਨਿਕਲਦੇ ਸਮੇਂ ਈਰਾਨੀ ਤੱਟ ਨੇੜਿਓਂ ਨਵਾਂ ਰੂਟ ਅਪਣਾਇਆ ਸੀ ਅਤੇ ਭਾਰਤੀ ਜਲ ਸੈਨਾ ਦੀ ਨਿਗਰਾਨੀ ਵਿਚ ਸੁਰੱਖਿਅਤ ਨਿਕਲੇ। ਜਗ ਵਸੰਤ ’ਤੇ 33 ਅਤੇ ਪਾਈਨ ਗੈਸ ’ਤੇ 27 ਭਾਰਤੀ ਮਲਾਹ ਸਵਾਰ ਹਨ। ਸ਼ਰਮਾ ਨੇ ਸਪੱਸ਼ਟ ਕੀਤਾ, ‘ਐੱਲਪੀਜੀ ਦੀ ਸਥਿਤੀ ਚਿੰਤਾਜਨਕ ਹੈ ਪਰ ਘਰੇਲੂ ਉਤਪਾਦਨ ਵਧਾ ਦਿੱਤਾ ਗਿਆ ਹੈ। ਪੈਟਰੋਕੈਮੀਕਲ ਅਤੇ ਹੋਰ ਉਤਪਾਦਾਂ ਦਾ ਉਤਪਾਦਨ ਰੋਕ ਕੇ ਰਿਫਾਈਨਰੀਆਂ ਨੂੰ ਐੱਲਪੀਜੀ ’ਤੇ ਧਿਆਨ ਕੇਂਦਰਿਤ ਕਰਨ ਦੇ ਹੁਕਮ ਦਿੱਤੇ ਗਏ ਸਨ।’

ਭਾਰਤ ਵਿਚ ਔਸਤਨ ਰੋਜ਼ਾਨਾ 80 ਹਜ਼ਾਰ ਤੋਂ 90 ਹਜ਼ਾਰ ਟਨ ਐੱਲਪੀਜੀ ਦੀ ਖਪਤ ਹੁੰਦੀ ਹੈ। ਇਸ ਵਿਚੋਂ ਆਮ ਤੌਰ ’ਤੇ 55-60 ਫ਼ੀਸਦੀ (ਲਗਭਗ 55 ਹਜ਼ਾਰ ਟਨ) ਦਰਾਮਦ ਤੋਂ ਆਉਂਦੀ ਹੈ ਜਦਕਿ ਬਾਕੀ ਘਰੇਲੂ ਉਤਪਾਦਨ ਤੋਂ। ਹਾਲਾਂਕਿ ਪੱਛਮੀ ਏਸ਼ੀਆ ਵਿਚ ਤਣਾਅ ਕਾਰਨ ਦਰਾਮਦ ਪ੍ਰਭਾਵਿਤ ਹੋਣ ’ਤੇ ਸਰਕਾਰ ਨੇ 8 ਮਾਰਚ ਨੂੰ ਐਮਰਜੈਂਸੀ ਆਰਡਰ ਜਾਰੀ ਕਰਕੇ ਸਾਰੀਆਂ ਰਿਫਾਈਨਰੀਆਂ ਨੂੰ ਐੱਲਪੀਜੀ ਉਤਪਾਦਨ ਵੱਧ ਤੋਂ ਵੱਧ ਕਰਨ ਦਾ ਹੁਕਮ ਦਿੱਤਾ ਸੀ। ਉਸ ਤੋਂ ਬਾਅਦ ਘਰੇਲੂ ਉਤਪਾਦਨ ਵਿਚ 40 ਫ਼ੀਸਦੀ ਦਾ ਵਾਧਾ ਹੋ ਗਿਆ ਹੈ। ਹੁਣ ਰੋਜ਼ਾਨਾ ਘਰੇਲੂ ਉਤਪਾਦਨ 48 ਹਜ਼ਾਰ ਟਨ ਤੋਂ ਵੱਧ ਹੋ ਗਿਆ ਹੈ, ਜੋ ਪਹਿਲਾਂ ਲਗਪਗ 35 ਹਜ਼ਾਰ ਟਨ ਸੀ। ਪੂਰੀ ਵਧੀ ਹੋਈ ਮਾਤਰਾ ਘਰੇਲੂ ਖਪਤਕਾਰਾਂ (ਯਾਨੀ ਰਸੋਈ ਗੈਸ ਸਿਲੰਡਰ) ਲਈ ਹੀ ਜਾ ਰਹੀ ਹੈ।

ਇਨ੍ਹਾਂ ਦੋ ਜਹਾਜ਼ਾਂ ਤੋਂ ਆਉਣ ਵਾਲੀ ਐੱਲਪੀਜੀ ਲਗਪਗ ਇਕ ਦਿਨ ਦੀ ਪੂਰੀ ਖਪਤ ਦੇ ਬਰਾਬਰ ਹੈ। ਇਹ ਸਟਾਕ ਸਿੱਧਾ ਰਿਫਾਈਨਰੀਆਂ ਅਤੇ ਡਿਸਟ੍ਰੀਬਿਊਟਰਾਂ ਤੱਕ ਪੁੱਜੇਗਾ ਜਿਸ ਨਾਲ ਬਾਜ਼ਾਰ ਵਿਚ ਦਬਾਅ ਘਟੇਗਾ। ਨਾਲ ਹੀ ਕਮਰਸ਼ੀਅਲ ਐੱਲਪੀਜੀ (ਹੋਟਲ, ਰੈਸਟੋਰੈਂਟ ਆਦਿ) ਦੀ ਸਪਲਾਈ ਵੀ ਹੌਲੀ-ਹੌਲੀ ਬਹਾਲ ਕੀਤੀ ਜਾ ਰਹੀ ਹੈ। ਸਰਕਾਰ ਨੇ ਪਹਿਲਾਂ ਕਮਰਸ਼ੀਅਲ ਇਸਤੇਮਾਲ ’ਤੇ ਰੋਕ ਲਗਾਈ ਸੀ, ਹੁਣ ਇਸ ਨੂੰ ਵਧਾ ਕੇ 50 ਫ਼ੀਸਦੀ ਤੱਕ ਕਰ ਦਿੱਤਾ ਗਿਆ ਹੈ। ਸ਼ਰਮਾ ਨੇ ਅਫਵਾਹਾਂ ’ਤੇ ਰੋਕ ਲਾਉਂਦਿਆਂ ਕਿਹਾ ਕਿ ਕੋਈ ਪੈਟਰੋਲ ਪੰਪ ਬੰਦ ਨਹੀਂ ਹੈ। ਪੈਟਰੋਲ-ਡੀਜ਼ਲ ਦੀ ਕੋਈ ਕਮੀ ਨਹੀਂ। ਆਮ ਜਨਤਾ ਘਬਰਾ ਕੇ ਸਿਲੰਡਰ ਬੁਕਿੰਗ ਨਾ ਕਰੇ। ਹੋਰਡਿੰਗ ਯਾਨੀ ਜਮ੍ਹਾਂਖੋਰੀ ਤੇ ਬਲੈਕ ਮਾਰਕੀਟਿੰਗ ’ਤੇ ਨਜ਼ਰ ਰੱਖੀ ਜਾ ਰਹੀ ਹੈ।

ਹੋਰਮੁਜ਼ ਦੇ ਪੱਛਮੀ ਹਿੱਸੇ ’ਚ ਹਾਲੇ ਵੀ 20 ਭਾਰਤੀ ਜਹਾਜ਼ ਫਸੇ

ਜਹਾਜ਼ਰਾਨੀ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਰਾਜੇਸ਼ ਕੁਮਾਰ ਸਿਨਹਾ ਨੇ ਦੱਸਿਆ ਕਿ ਹੋਰਮੁਜ਼ ਦੇ ਪੱਛਮੀ ਹਿੱਸੇ ਵਿਚ ਹਾਲੇ ਵੀ 20 ਭਾਰਤੀ ਜਹਾਜ਼ ਫਸੇ ਹਨ ਜਿਨ੍ਹਾਂ ਵਿਚ 540 ਮਲਾਹ ਹਨ। ਇਹ ਸਾਰੇ ਸੁਰੱਖਿਅਤ ਹਨ ਅਤੇ ਦੂਤਘਰ ਉਨ੍ਹਾਂ ਦੇ ਸੰਪਰਕ ਵਿਚ ਹੈ। ਹੋਰਮੁਜ਼ ਵਿਚ ਪੰਜ ਹੋਰ ਐੱਲਪੀਜੀ ਜਹਾਜ਼ ਹਨ ਜਿਨ੍ਹਾਂ ਵਿਚੋਂ ਇਕ ਦੇ ਛੇਤੀ ਨਿਕਲਣ ਦੀ ਸੰਭਾਵਨਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਬਹੁਤ ਜਲਦ ਬਾਕੀ ਬਚੇ ਜਹਾਜ਼ਾਂ ਦੇ ਵੀ ਹੋਰਮੁਜ਼ ਮਾਰਗ ਤੋਂ ਨਿਕਲਣ ਦੀ ਪੂਰੀ ਸੰਭਾਵਨਾ ਹੈ। ਸਰਕਾਰ ਦਾ ਜ਼ੋਰ ਇਸ ਗੱਲ ’ਤੇ ਹੈ ਕਿ ਘਰੇਲੂ ਉਤਪਾਦਨ ਵਧਾਉਣ ਅਤੇ ਅਮਰੀਕਾ, ਆਸਟ੍ਰੇਲੀਆ ਵਰਗੇ ਬਦਲਵੇਂ ਬਾਜ਼ਾਰਾਂ ਤੋਂ ਨਵੀਂ ਖਰੀਦ ਕਰਨ ਨਾਲ ਸਪਲਾਈ ਤੇਜ਼ੀ ਨਾਲ ਵਧੇ। ਖਪਤਕਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਜ਼ਰੂਰਤ ਮੁਤਾਬਕ ਹੀ ਬੁਕਿੰਗ ਕਰਨ। 25 ਦਿਨਾਂ ਦਾ ਬੁਕਿੰਗ ਗੈਪ ਬਣਾਇਆ ਗਿਆ ਹੈ ਤਾਂ ਜੋ ਜਮ੍ਹਾਂਖੋਰੀ ਰੁਕੇ।

ਸੰਖੇਪ:-

ਹੋਰਮੁਜ਼ ਤੋਂ ਭਾਰਤ ਵੱਲ ਐੱਲਪੀਜੀ ਜਹਾਜ਼ਾਂ ਦੀ ਸੁਰੱਖਿਅਤ ਆਮਦ, ਘਰੇਲੂ ਰਸੋਈ ਗੈਸ ਸਪਲਾਈ ਹੋਈ ਮੁਹੱਈਆ

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।